ਨਵੀਂ ਦਿੱਲੀ, 2 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਸਰਕਾਰੀ ਮੁਲਾਜ਼ਮਾਂ ਨੇ ਹੁਣ ਫੋਨ ਉਤੇ ‘ਹੈਲੋ’ ਦੀ ਥਾਂ ‘ਵੰਦੇਮਾਤਰਮ’ ਬੋਲਣਾਂ ਹੋਵੇਗਾ। ਇਹ ਹੁਕਮ ਮਹਾਰਾਸ਼ਟਰ ਦੀ ਏਕਨਾਥ ਸ਼ਿੰਦੇ ਸਰਕਾਰ ਵੱਲੋਂ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਲਈ ਜਾਰੀ ਕੀਤੇ ਹਨ। ਮਹਾਰਾਸ਼ਟਰ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਸਰਕਾਰੀ ਕਰਮਚਾਰੀ ਨੇ ਹੁਣ ‘ਹੈਲੋ’ ਦੀ ਥਾਂ ‘ਵੰਦੇਮਾਤਰਮ’ ਬੋਲਣਾ ਹੋਵੇਗਾ। ਸ਼ਿੰਦੇ ਸਰਕਾਰ ਦਾ ਇਹ ਹੁਕਮ ਅੱਜ 2 ਅਕਤੂਬਰ ਤੋਂ ਜਾਰੀ ਹੋ ਜਾਵੇਗਾ। ਪ੍ਰਸ਼ਾਸਨ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਮਹਾਤਮਾ ਗਾਂਧੀ ਜਯੰਤੀ ਅਤੇ ਅੰਮ੍ਰਿਤ ਮਹਾਉਤਸਵ ਦੇ ਤਹਿਤ ਇਹ ਬਦਲਾਅ ਦੋ ਅਕਤੂਬਰ ਤੋਂ ਲਾਗੂ ਕੀਤਾ ਜਾਵੇਗਾ।
ਪ੍ਰੋਗਰਾਮ ਦਾ ਉਦਘਾਟਨ ਮਹਾਰਾਸ਼ਟਰ ਦੇ ਉਪ ਰਾਸ਼ਟਰਪਤੀ ਦੇਵੇਂਦਰ ਫਡਣਵੀਸ ਅੱਜ ਕਰਨਗੇ। ਇਹ ਸਰਕੂਲਰ ਸਰਕਾਰੀ, ਅਰਥ ਸਰਕਾਰੀ, ਸਥਾਨਕ ਸਰਕਾਰ ਵਿਭਾਗ, ਮਾਨਤਾ ਪ੍ਰਾਪਤ ਸਕੂਲਾਂ, ਕਾਲਜਾਂ ਅਤੇ ਹੋਰ ਸੰਸਥਾਵਾਂ ਵਿੱਚ ਲਾਗੂ ਹੋਵੇਗਾ। ਸਰਕੂਲਰ ਵਿੱਚ ਕਿਹਾ ਗਿਆ ਹੈ ਕਿ ‘ਹੈਲੋ’ ਇਕ ਅਰਥਹੀਣ ਸ਼ਬਦ ਹੈ। ਜੇਕਰ ਵੰਦੇਮਾਤਰਮ ਦੀ ਸ਼ੁਰੂਆਤ ਨਾਲ ਫੋਨ ਉਤੇ ਗੱਲਬਾਤ ਸ਼ੁਰੂ ਕੀਤੀ ਜਾਵੇ ਤਾਂ ਇਕ ਅਨੁਕੂਲ ਮਾਹੌਲ ਬਣਨ ਅਤੇ ਸਕਾਰਾਤਮਕ ਊਰਜਾ ਦੇਣ ਵਿੱਚ ਮਦਦ ਕਰੇਗਾ।