ਨਵੀਂ ਦਿੱਲੀ,1 ਅਕਤੂਬਰ,ਦੇਸ਼ ਕਲਿਕ ਬਿਊਰੋ:
ਸੰਘ ਮੁਖੀ ਮੋਹਨ ਭਾਗਵਤ ਨੂੰ 'ਰਾਸ਼ਟਰਪਿਤਾ' ਅਤੇ 'ਰਾਸ਼ਟਰ ਰਿਸ਼ੀ' ਦੱਸਣ ਵਾਲੇ ਆਲ ਇੰਡੀਆ ਇਮਾਮ ਸੰਗਠਨ ਦੇ ਮੁਖੀ ਡਾਕਟਰ ਉਮਰ ਅਹਿਮਦ ਇਲਿਆਸੀ ਨੂੰ ਹੁਣ ਫੋਨ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਲਿਆਸੀ ਦਾ ਕਹਿਣਾ ਹੈ ਕਿ ਉਸ ਨੂੰ ਵਿਦੇਸ਼ ਤੋਂ ਵੀ ਧਮਕੀ ਭਰੇ ਫੋਨ ਆਏ ਹਨ। ਉਸ ਨੇ ਦੱਸਿਆ ਕਿ ਉਸ ਨੂੰ ਇੰਗਲੈਂਡ ਤੋਂ ਫੋਨ ਕਰਕੇ ਪਹਿਲਾਂ ਇਕ ਵਿਅਕਤੀ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ, ਫਿਰ ਅਪਸ਼ਬਦ ਬੋਲੇ ਅਤੇ ਅਖੀਰ ਧਮਕੀ ਦਿੱਤੀ।ਮੁੱਖ ਇਮਾਮ ਨੇ ਕਿਹਾ ਕਿ ਮੈਂ ਇਸ ਦੀ ਸ਼ਿਕਾਇਤ ਦਿੱਲੀ ਪੁਲਿਸ ਨੂੰ ਦਿੱਤੀ ਹੈ, ਨਾਲ ਹੀ ਸਰਕਾਰ ਅਤੇ ਏਜੰਸੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮੁੱਖ ਇਮਾਮ ਨੂੰ ਪਹਿਲਾਂ ਤੋਂ ਹੀ ਸੁਰੱਖਿਆ ਮਿਲੀ ਹੋਈ ਹੈ।ਫੋਨ 'ਤੇ ਲਗਾਤਾਰ ਧਮਕੀਆਂ ਮਿਲਣ ਦੇ ਬਾਵਜੂਦ ਮੁੱਖ ਇਮਾਮ ਨੇ ਕਿਹਾ ਕਿ ਮੈਂ ਆਪਣੇ ਸ਼ਬਦਾਂ 'ਤੇ ਕਾਇਮ ਹਾਂ। ਮੈਂ ਮੋਹਨ ਭਾਗਵਤ ਨੂੰ ਰਾਸ਼ਟਰ ਪਿਤਾ ਅਤੇ ਰਾਸ਼ਟਰ ਰਿਸ਼ੀ ਕਿਹਾ ਸੀ। ਮੈਂ ਇਨ੍ਹਾਂ ਸ਼ਬਦਾਂ ਨੂੰ ਵਾਪਸ ਨਹੀਂ ਲਵਾਂਗਾ, ਨਤੀਜੇ ਜੋ ਵੀ ਹੋਣ। ਪੀਐਫਆਈ 'ਤੇ ਪਾਬੰਦੀ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਕੋਲ ਪੁਖਤਾ ਸਬੂਤ ਸਨ, ਇਸ ਲਈ ਕਾਰਵਾਈ ਕੀਤੀ ਗਈ ਹੈ।