G-23 ਨੇਤਾਵਾਂ ਦੀ ਮੀਟਿੰਗ ਤੋਂ ਬਾਅਦ ਤੀਜੇ ਉਮੀਦਵਾਰ ਦੀ ਸੰਭਾਵਨਾ ਵਧੀ
ਨਵੀਂ ਦਿੱਲੀ, 30 ਸਤੰਬਰ, ਦੇਸ਼ ਕਲਿਕ ਬਿਊਰੋ:
ਕਾਂਗਰਸ ਪ੍ਰਧਾਨ ਲਈ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖ਼ਲ ਕਰਨ ਦਾ ਅੱਜ ਸ਼ੁੱਕਰਵਾਰ ਨੂੰ ਆਖਰੀ ਦਿਨ ਹੈ। ਗਹਿਲੋਤ ਵੀਰਵਾਰ ਨੂੰ ਦੌੜ ‘ਚੋਂ ਬਾਹਰ ਹੋ ਗਏ ਸਨ। ਦਿਗਵਿਜੇ ਨੇ ਨਾਮਜ਼ਦਗੀ ਫਾਰਮ ਲਿਆ, ਜੋ ਉਹ ਅੱਜ ਜਮ੍ਹਾ ਕਰਨਗੇ। ਦੂਜੇ ਪਾਸੇ ਦੇਰ ਸ਼ਾਮ ਜੀ-23 ਦੇ ਆਗੂਆਂ ਨੇ ਮੀਟਿੰਗ ਕੀਤੀ। ਇਸ ਮੀਟਿੰਗ ਤੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਧੜੇ ਦਾ ਕੋਈ ਆਗੂ ਵੀ ਪ੍ਰਧਾਨ ਦੇ ਅਹੁਦੇ ਲਈ ਦਾਅਵੇਦਾਰੀ ਪੇਸ਼ ਕਰ ਸਕਦਾ ਹੈ। ਇਨ੍ਹਾਂ ਵਿਚ ਮਨੀਸ਼ ਤਿਵਾੜੀ ਦਾ ਨਾਂ ਸਭ ਤੋਂ ਅੱਗੇ ਹੈ।ਵੀਰਵਾਰ ਰਾਤ ਨੂੰ ਕਾਂਗਰਸ ਪਾਰਟੀ ਦੇ ਜੀ-23 ਧੜੇ ਦੀ ਬੈਠਕ ਦਿੱਲੀ 'ਚ ਕਾਂਗਰਸੀ ਨੇਤਾ ਆਨੰਦ ਸ਼ਰਮਾ ਦੇ ਘਰ ਹੋਈ। ਮੀਟਿੰਗ ਵਿੱਚ ਮਨੀਸ਼ ਤਿਵਾੜੀ, ਪ੍ਰਿਥਵੀਰਾਜ ਚੋਹਾਨ, ਬੀਐਸ ਹੁੱਡਾ ਸਮੇਤ ਕਾਂਗਰਸ ਜੀ-23 ਕੈਂਪ ਦੇ ਕਈ ਵੱਡੇ ਆਗੂ ਮੌਜੂਦ ਸਨ। ਮੀਟਿੰਗ ਤੋਂ ਬਾਅਦ ਆਨੰਦ ਸ਼ਰਮਾ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਮਿਲਣ ਦਿੱਲੀ ਦੇ ਜੋਧਪੁਰ ਹਾਊਸ ਪੁੱਜੇ।ਅਸ਼ੋਕ ਗਹਿਲੋਤ ਦਾ ਨਾਂ ਹਟਾਏ ਜਾਣ ਤੋਂ ਬਾਅਦ ਦਿਗਵਿਜੇ ਸਿੰਘ ਅਤੇ ਸ਼ਸ਼ੀ ਥਰੂਰ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਦਾਅਵੇਦਾਰ ਸਨ। ਪਰ ਵੀਰਵਾਰ ਨੂੰ ਹੋਈ ਜੀ-23 ਦੀ ਮੀਟਿੰਗ ਤੋਂ ਬਾਅਦ ਤੀਜੇ ਉਮੀਦਵਾਰ ਦੇ ਆਉਣ ਦੀ ਸੰਭਾਵਨਾ ਵੱਧ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮਲਿਕਾਅਰਜੁਨ ਖੜਗੇ ਸ਼ੁੱਕਰਵਾਰ ਸਵੇਰੇ ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਨਾਮਜ਼ਦਗੀ ਦਾਖਲ ਕਰ ਸਕਦੇ ਹਨ। ਖੜਗੇ ਤੋਂ ਇਲਾਵਾ ਮੀਰਾ ਕੁਮਾਰ, ਮੁਕੁਲ ਵਾਸਨਿਕ ਅਤੇ ਕੁਮਾਰੀ ਸ਼ੈਲਜਾ ਦੇ ਨਾਂ ਵੀ ਸੁਰਖੀਆਂ 'ਚ ਹਨ।