ਭੁਵਨੇਸ਼ਵਰ, 29 ਸਤੰਬਰ, ਦੇਸ਼ ਕਲਿਕ ਬਿਊਰੋ:
ਓਡੀਸ਼ਾ ਦੇ ਬਾਲਾਸੋਰ ਵਿੱਚ ਬੁੱਧਵਾਰ ਦੇਰ ਰਾਤ ਇੱਕ ਫੈਕਟਰੀ ਵਿੱਚ ਅਮੋਨੀਆ ਗੈਸ ਲੀਕ ਹੋਣ ਕਾਰਨ 25 ਤੋਂ ਵੱਧ ਮਹਿਲਾ ਮਜ਼ਦੂਰ ਬੀਮਾਰ ਹੋ ਗਈਆਂ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਨੇੜਲੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਰਿਪੋਰਟ ਮੁਤਾਬਕ ਇਹ ਫੈਕਟਰੀ ਬੀਜੂ ਜਨਤਾ ਦਲ ਦੇ ਸਾਬਕਾ ਸੰਸਦ ਮੈਂਬਰ ਰਬਿੰਦਰ ਕੁਮਾਰ ਜੇਨਾ ਦੇ ਬੇਟੇ ਪ੍ਰਤੀਕ ਜੇਨਾ ਦੀ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਅਤੇ ਹੋਰ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਦਿੰਦਿਆਂ ਮੁੱਖ ਜ਼ਿਲ੍ਹਾ ਮੈਡੀਕਲ ਅਫ਼ਸਰ ਡਾ: ਜੁਲਾਲਸੇਨ ਜਗਦੇਵ ਨੇ ਦੱਸਿਆ ਕਿ 28 ਲੋਕਾਂ ਨੂੰ ਸਥਾਨਕ ਕਮਿਊਨਿਟੀ ਹੈਲਥ ਸੈਂਟਰ ਕਾਂਤਾਪਾੜਾ 'ਚ ਦਾਖਲ ਕਰਵਾਇਆ ਗਿਆ ਸੀ, ਜਿਨ੍ਹਾਂ 'ਚੋਂ 15 ਲੋਕਾਂ ਨੂੰ ਬਾਲਾਸੌਰ ਰੈਫ਼ਰ ਕਰ ਦਿੱਤਾ ਗਿਆ ਹੈ।ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ ਸਿਰਫ਼ 7 ਮਜ਼ਦੂਰਾਂ ਨੂੰ ਬਾਲਾਸੋਰ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਵਿੱਚ ਭੇਜਿਆ ਗਿਆ ਹੈ, ਜਿਨ੍ਹਾਂ ਵਿੱਚੋਂ 4 ਦੀ ਹਾਲਤ ਗੰਭੀਰ ਹੈ ਅਤੇ 3 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।