ਨਵੀਂ ਦਿੱਲੀ, 27 ਸਤੰਬਰ, ਦੇਸ਼ ਕਲਿਕ ਬਿਊਰੋ:
ਟੈਰਰ ਫੰਡਿੰਗ 'ਤੇ ਨਕੇਲ ਕੱਸਣ ਲਈ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੇ ਨਿਰਦੇਸ਼ਾਂ 'ਤੇ ਦੇਸ਼ ਦੀਆਂ ਹੋਰ ਏਜੰਸੀਆਂ ਨੇ ਇਕ ਵਾਰ ਫਿਰ ਪਾਪੂਲਰ ਫਰੰਟ ਆਫ ਇੰਡੀਆ (ਪੀਐੱਫਆਈ) ਦੇ ਕਈ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। ਅੱਠ ਰਾਜਾਂ ਵਿੱਚ ਛਾਪੇਮਾਰੀ ਦੌਰਾਨ ਕਰਨਾਟਕ ਦੇ ਕੋਲਾਰ ਤੋਂ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਐਸਡੀਪੀਆਈ ਦੇ ਸਕੱਤਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।ਕਰਨਾਟਕ ਤੋਂ ਇਲਾਵਾ ਅਸਾਮ ਤੋਂ ਪੀਐਫਆਈ ਨਾਲ ਸਬੰਧਤ ਚਾਰ ਲੋਕਾਂ ਨੂੰ ਨਾਗਰਬੇਰਾ ਇਲਾਕੇ ਤੋਂ ਵੀ ਕੱਲ੍ਹ ਹਿਰਾਸਤ ਵਿੱਚ ਲਿਆ ਗਿਆ ਸੀ। ਜ਼ਿਲ੍ਹੇ ਦੇ ਕਈ ਹਿੱਸਿਆਂ ਵਿੱਚ ਪੀਐਫਆਈ ਖ਼ਿਲਾਫ਼ ਛਾਪੇਮਾਰੀ ਅਜੇ ਵੀ ਜਾਰੀ ਹੈ। ਇਹ ਜਾਣਕਾਰੀ ਅਸਾਮ ਦੇ ਏਡੀਜੀਪੀ (ਸਪੈਸ਼ਲ ਬ੍ਰਾਂਚ) ਹਿਰੇਨ ਨਾਥ ਨੇ ਦਿੱਤੀ ਹੈ। ਇਸ ਤੋਂ ਪਹਿਲਾਂ ਅਸਾਮ ਪੁਲਿਸ ਨੇ ਪੀਐਫਆਈ ਕਾਰਕੁਨਾਂ ਦੇ 11 ਨੇਤਾਵਾਂ ਨੂੰ ਰਾਜ ਦੇ ਵੱਖ-ਵੱਖ ਹਿੱਸਿਆਂ ਤੋਂ ਅਤੇ ਇੱਕ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਸੀ।