ਦੇਹਰਾਦੂਨ,25 ਸਤੰਬਰ,ਦੇਸ਼ ਕਲਿਕ ਬਿਊਰੋ:
ਉੱਤਰਾਖੰਡ ਦੇ ਅੰਕਿਤਾ ਭੰਡਾਰੀ ਕਤਲ ਕਾਂਡ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਹੈ। ਜਿਸ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਅੰਕਿਤਾ ਦੀ ਮੌਤ ਪਾਣੀ ਵਿੱਚ ਦਮ ਘੁੱਟਣ ਕਾਰਨ ਹੋਈ ਹੈ। ਇਹ ਵੀ ਪਤਾ ਲੱਗਾ ਹੈ ਕਿ ਪਾਣੀ 'ਚ ਧੱਕਾ ਦੇਣ ਤੋਂ ਪਹਿਲਾਂ ਉਸ ਦੀ ਕੁੱਟਮਾਰ ਕੀਤੀ ਗਈ ਸੀ। ਉਸ ਨੂੰ ਕਿਸੇ ਮੋਟੀ ਚੀਜ਼ ਨਾਲ ਮਾਰਿਆ ਗਿਆ ਸੀ। ਸ਼ੁਰੂਆਤੀ ਪੋਸਟਮਾਰਟਮ ਰਿਪੋਰਟ 'ਚ ਲਾਸ਼ 'ਤੇ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ। ਹਾਲਾਂਕਿ ਇਸ ਰਿਪੋਰਟ ਵਿੱਚ ਜਿਨਸੀ ਸ਼ੋਸ਼ਣ ਜਾਂ ਬਲਾਤਕਾਰ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।ਅੰਕਿਤਾ ਦਾ ਪਰਿਵਾਰ ਏਮਜ਼ ਦੀ ਪੋਸਟਮਾਰਟਮ ਰਿਪੋਰਟ ਤੋਂ ਸੰਤੁਸ਼ਟ ਨਹੀਂ ਹੈ। ਉਨ੍ਹਾਂ ਨੇ ਅੰਕਿਤਾ ਦਾ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।ਰਿਸ਼ੀਕੇਸ਼ 'ਚ ਅੰਕਿਤਾ ਦੇ ਪਿਤਾ ਵਰਿੰਦਰ ਭੰਡਾਰੀ ਨੇ ਕਿਹਾ ਕਿ ਅਸੀਂ ਧੀ ਦਾ ਅੰਤਿਮ ਸਸਕਾਰ ਉਦੋਂ ਤੱਕ ਨਹੀਂ ਕਰਾਂਗੇ ਜਦੋਂ ਤੱਕ ਪੋਸਟਮਾਰਟਮ ਦੀ ਵਿਸਥਾਰਤ ਰਿਪੋਰਟ ਜਨਤਕ ਨਹੀਂ ਹੋ ਜਾਂਦੀ।ਅੰਕਿਤਾ ਦੇ ਪਿਤਾ ਨੇ ਸਵਾਲ ਉਠਾਇਆ ਕਿ ਜਿਸ ਰਿਜ਼ੋਰਟ ‘ਚ ਸਬੂਤ ਸਨ, ਪ੍ਰਸ਼ਾਸਨ ਨੇ ਉਸ ਨੂੰ ਬੁਲਡੋਜ਼ਰ ਨਾਲ ਕਿਉਂ ਤੋੜ ਦਿੱਤਾ। ਅਜਿਹਾ ਕਰਕੇ ਸਬੂਤ ਮਿਟਾਏ ਗਏ ਹਨ।