ਚੰਡੀਗੜ੍ਹ,24 ਸਤੰਬਰ,ਦੇਸ਼ ਕਲਿਕ ਬਿਊਰੋ:
ਹਰਿਆਣਾ ਵਿੱਚ ਝੋਨੇ ਦੀ ਸਰਕਾਰੀ ਖਰੀਦ ਨੂੰ ਲੈ ਕੇ ਕਿਸਾਨਾਂ ਅਤੇ ਸਰਕਾਰ ਦਰਮਿਆਨ ਸਹਿਮਤੀ ਬਣ ਗਈ ਹੈ। ਇਸ ਦੇ ਨਾਲ ਹੀ ਗੁਰਨਾਮ ਸਿੰਘ ਚੜੂਨੀ ਨੇ 24 ਘੰਟੇ ਤੋਂ ਬੰਦ ਕੀਤੇ ਗਏ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ-44 (ਜੀ.ਟੀ. ਰੋਡ) ਨੂੰ ਖੋਲ੍ਹਣ ਦਾ ਐਲਾਨ ਕੀਤਾ ਹੈ। ਕੁਰੂਕਸ਼ੇਤਰ ਦੇ ਡੀਸੀ ਸ਼ਾਂਤਨੂ ਸ਼ਰਮਾ ਅਤੇ ਐਸਪੀ ਸੁਰਿੰਦਰ ਸਿੰਘ ਭੌਰੀਆ ਬੀਕੇਯੂ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੂੰ ਮਿਲਣ ਸ਼ਾਹਬਾਦ ਪੁੱਜੇ ਸਨ।ਚੜੂਨੀ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਸ਼ਾਸਨ ਨਾਲ ਮੀਟਿੰਗ ਹੋ ਚੁੱਕੀ ਹੈ। ਪ੍ਰਸ਼ਾਸਨ ਨੇ ਕਿਹਾ ਹੈ ਕਿ ਮੰਡੀਆਂ ਵਿੱਚ ਪਈ ਫਸਲ ਦੀ ਭਰਾਈ ਸ਼ੁਰੂ ਕਰ ਦਿੱਤੀ ਜਾਵੇਗੀ ਪਰ ਖਰੀਦ ਪਹਿਲੀ ਅਕਤੂਬਰ ਤੋਂ ਕੀਤੀ ਜਾਵੇਗੀ। 22 ਦੀ ਥਾਂ ਹੁਣ ਸਰਕਾਰ 30 ਕੁਇੰਟਲ ਪ੍ਰਤੀ ਏਕੜ ਤੱਕ ਝੋਨਾ ਲਵੇਗੀ। ਇਸ ਨਾਲ ਕਿਸਾਨ ਦਾ ਝੋਨਾ ਖਰਾਬ ਨਹੀਂ ਹੋਵੇਗਾ ਅਤੇ ਪੂਰਾ ਝੋਨਾ ਖਰੀਦਿਆ ਜਾਵੇਗਾ। ਅਜਿਹੇ 'ਚ ਸਰਕਾਰ ਅਤੇ ਕਿਸਾਨਾਂ ਵਿਚਾਲੇ ਸਮਝੌਤਾ ਹੋ ਗਿਆ ਹੈ। ਕਿਸਾਨਾਂ ਨੇ ਨੈਸ਼ਨਲ ਹਾਈਵੇਅ 44 ਦਾ ਜਾਮ ਖੋਲ੍ਹ ਦਿੱਤਾ ਹੈ।