ਚੜੂਨੀ ਨੇ ਅੱਜ ਹਰਿਆਣਾ ਬੰਦ ਦੇ ਸੱਦੇ ਨੂੰ ਫਿਲਹਾਲ ਵਾਪਸ ਲਿਆ
ਕੁਰੂਕਸ਼ੇਤਰ, 24 ਸਤੰਬਰ, ਦੇਸ਼ ਕਲਿਕ ਬਿਊਰੋ :
ਹਰਿਆਣਾ 'ਚ ਝੋਨੇ ਦੀ ਸਰਕਾਰੀ ਖਰੀਦ ਨਾ ਹੋਣ ਕਾਰਨ ਗੁੱਸੇ 'ਚ ਆਏ ਕਿਸਾਨ ਕੁਰੂਕਸ਼ੇਤਰ ਦੇ ਸ਼ਾਹਬਾਦ 'ਚ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ-44 (ਜੀ.ਟੀ. ਰੋਡ) 'ਤੇ ਬੀਤੇ ਕੱਲ੍ਹ ਤੋਂ ਡਟੇ ਹੋਏ ਹਨ। ਉਧਰ ਬੀਕੇਯੂ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਹਰਿਆਣਾ ਦੇ ਬੰਦ ਦੇ ਸੱਦੇ ਨੂੰ ਫਿਲਹਾਲ ਵਾਪਸ ਲੈ ਲਿਆ ਹੈ। ਉਨ੍ਹਾਂ ਵੱਲੋਂ ਸੰਦੇਸ਼ ਦਿੱਤਾ ਗਿਆ ਹੈ ਕਿ ਜਲਦੀ ਹੀ ਸਰਕਾਰ ਨਾਲ ਗੱਲਬਾਤ ਹੋਵੇਗੀ। ਫਿਲਹਾਲ ਜੀਟੀ ਰੋਡ ਜਾਮ ਰਹੇਗੀ। ਹਾਲਾਂਕਿ ਚੜੂਨੀ ਨੇ ਕਿਸਾਨ ਆਗੂਆਂ ਨੂੰ ਚੌਕਸ ਰਹਿਣ ਲਈ ਕਿਹਾ ਹੈ।ਕੁਰੂਕਸ਼ੇਤਰ 'ਚ ਸ਼ੁੱਕਰਵਾਰ ਤੋਂ ਕਿਸਾਨ ਜਾਮ ਲਗਾ ਕੇ ਬੈਠੇ ਹਨ। ਮੀਂਹ ਦੌਰਾਨ ਵੀ ਕਿਸਾਨਾਂ ਨੇ ਜੀਟੀ ਰੋਡ ’ਤੇ ਹੀ ਰਾਤ ਕੱਟੀ। ਹਾਈਵੇਅ ਨੂੰ ਜਾਮ ਕੀਤੇ ਕਰੀਬ 20 ਘੰਟੇ ਬੀਤ ਚੁੱਕੇ ਹਨ। ਭਾਵੇਂ ਉਹ ਸ਼ੁੱਕਰਵਾਰ ਸ਼ਾਮ ਤੱਕ ਪ੍ਰਸ਼ਾਸਨ ਨਾਲ 6 ਮੀਟਿੰਗਾਂ ਕਰ ਚੁੱਕੇ ਹਨ ਪਰ ਝੋਨੇ ਦੀ ਸਰਕਾਰੀ ਖਰੀਦ ਸਬੰਧੀ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ। ਇਸ ਦੇ ਨਾਲ ਹੀ ਮੌਕੇ 'ਤੇ ਭਾਰੀ ਪੁਲਿਸ ਬਲ ਵੀ ਤਾਇਨਾਤ ਹੈ। ਰਾਤ ਨੂੰ ਸੂਚਨਾ ਮਿਲੀ ਕਿ ਪੁਲੀਸ ਨੇ ਕਿਸਾਨ ਆਗੂਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।ਗੁਰਨਾਮ ਸਿੰਘ ਚੜੂੰਨੀ ਨੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਨਹੀਂ ਹੁੰਦੀ, ਕਿਸਾਨ ਹਾਈਵੇ ਨਹੀਂ ਖੋਲ੍ਹਣਗੇ। ਹੁਣ ਭਾਵੇਂ ਤੁਸੀਂ ਸਾਨੂੰ ਡੰਡਿਆਂ ਨਾਲ ਕੁੱਟੋ ਜਾਂ ਜੇਲ੍ਹਾਂ ਵਿੱਚ ਡੱਕ ਦਿਓ, ਅਸੀਂ ਪਿੱਛੇ ਨਹੀਂ ਹਟਣ ਵਾਲੇ।ਕੱਲ੍ਹ ਬੀਕੇਯੂ ਨੇ ਅੱਜ ਸ਼ਨੀਵਾਰ ਨੂੰ ਪੂਰੇ ਹਰਿਆਣਾ ਨੂੰ ਜਾਮ ਕਰਨ ਦਾ ਐਲਾਨ ਕੀਤਾ ਸੀ। ਅੱਜ ਸ਼ਨੀਵਾਰ ਸਵੇਰੇ ਚੜੂਨੀ ਨੇ ਸੂਬੇ ਭਰ ਦੇ ਕਿਸਾਨ ਆਗੂਆਂ ਨੂੰ ਸੁਨੇਹਾ ਦਿੱਤਾ ਕਿ ਉਹ ਹੁਣ ਹਰਿਆਣਾ ਦੀਆਂ ਸਾਰੀਆਂ ਸੜਕਾਂ ਜਾਮ ਨਾ ਕਰਨ। ਅਗਲਾ ਸੁਨੇਹਾ ਜਲਦੀ ਦਿੱਤਾ ਜਾਵੇਗਾ।