ਨਵੀਂ ਦਿੱਲੀ, 21 ਸਤੰਬਰ, ਦੇਸ਼ ਕਲਿਕ ਬਿਊਰੋ :
ਸਪਾਈਸਜੈੱਟ ਨੇ ਆਪਣੇ ਸਟਾਫ ਦੇ ਕੁਝ ਪਾਇਲਟਾਂ ਨੂੰ 3 ਮਹੀਨਿਆਂ ਲਈ ਤਨਖਾਹ ਤੋਂ ਬਿਨਾਂ ਛੁੱਟੀ 'ਤੇ ਭੇਜ ਦਿੱਤਾ ਹੈ। ਏਅਰਲਾਈਨ ਨੇ ਇਕ ਬਿਆਨ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਹਾਲਾਂਕਿ ਏਅਰਲਾਈਨ ਨੇ ਪਾਇਲਟਾਂ ਦੀ ਗਿਣਤੀ ਨਹੀਂ ਦੱਸੀ ਪਰ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਪਾਇਲਟਾਂ ਦੀ ਗਿਣਤੀ 80 ਦੇ ਕਰੀਬ ਦੱਸੀ ਗਈ ਹੈ। ਇਹ ਪਾਇਲਟ ਬੋਇੰਗ ਅਤੇ Q400 ਫਲੀਟ ਨਾਲ ਸਬੰਧਤ ਹਨ।ਕੰਪਨੀ ਨੇ ਕਿਹਾ ਕਿ ਲਾਗਤਾਂ 'ਚ ਕਟੌਤੀ ਕਰਨ ਲਈ ਅਸੀਂ ਕੁਝ ਪਾਇਲਟਾਂ ਨੂੰ ਅਸਥਾਈ ਤੌਰ 'ਤੇ ਤਿੰਨ ਮਹੀਨਿਆਂ ਲਈ ਤਨਖਾਹ ਤੋਂ ਬਿਨਾਂ ਛੁੱਟੀ 'ਤੇ ਭੇਜਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਸਪਾਈਸ ਜੈੱਟ ਦੀ ਨੀਤੀ ਦੇ ਮੁਤਾਬਕ ਹੈ। ਇਸ ਨੀਤੀ ਦੇ ਤਹਿਤ, ਸਪਾਈਸਜੈੱਟ ਆਪਣੇ ਕਰਮਚਾਰੀਆਂ ਨੂੰ ਨਹੀਂ ਕੱਢਦੀ ਹੈ ਅਤੇ ਕੰਪਨੀ ਨੇ ਕੋਰੋਨਾ ਮਹਾਂਮਾਰੀ ਦੇ ਸਿਖਰ ਦੌਰਾਨ ਵੀ ਇਸਦਾ ਪਾਲਣ ਕੀਤਾ ਸੀ।ਬਿਆਨ ‘ਚ ਕਿਹਾ ਗਿਆ ਕਿ ਇਸ ਫੈਸਲੇ ਨਾਲ ਜਹਾਜ਼ਾਂ ਦੇ ਅੱਧੇ ਬੇੜੇ ਨੂੰ ਪਾਇਲਟ ਕਰਨ ਲਈ ਕਾਫੀ ਗਿਣਤੀ ਵਿੱਚ ਪਾਇਲਟ ਰਹਿਣਗੇ।ਜ਼ਿਕਰਯੋਗ ਹੈ ਕਿ ਏਅਰਲਾਈਨ ਪਿਛਲੇ 4 ਸਾਲਾਂ ਤੋਂ ਘਾਟੇ 'ਚ ਚੱਲ ਰਹੀ ਹੈ। ਸਪਾਈਸਜੈੱਟ ਨੂੰ FY19, FY20, FY21 ਅਤੇ FY22 'ਚ ਕ੍ਰਮਵਾਰ 316 ਕਰੋੜ ਰੁਪਏ, 934 ਕਰੋੜ ਰੁਪਏ, 998 ਕਰੋੜ ਰੁਪਏ ਅਤੇ 1,725 ਕਰੋੜ ਰੁਪਏ ਦਾ ਸ਼ੁੱਧ ਘਾਟਾ ਪਿਆ ਹੈ।