ਨਵੀਂ ਦਿੱਲੀ,21 ਸਤੰਬਰ,ਦੇਸ਼ ਕਲਿਕ ਬਿਊਰੋ:
ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇੱਕ ਵੱਡਾ ਸੜਕ ਹਾਦਸਾ ਹੋਇਆ ਹੈ। ਸੀਮਾਪੁਰੀ ਇਲਾਕੇ 'ਚ ਇਕ ਟਰੱਕ ਨੇ ਡਿਵਾਈਡਰ 'ਤੇ ਸੁੱਤੇ ਪਏ 6 ਲੋਕਾਂ ਨੂੰ ਕੁਚਲ ਦਿੱਤਾ। ਇਸ ਦਰਦਨਾਕ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ, ਜਦਕਿ 2 ਲੋਕ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਮ੍ਰਿਤਕਾਂ ਦੀ ਪਛਾਣ 52 ਸਾਲਾ ਕਰੀਮ, 25 ਸਾਲਾ ਛੋਟੇ ਖਾਨ, 38 ਸਾਲਾ ਸ਼ਾਹ ਆਲਮ ਅਤੇ 45 ਸਾਲਾ ਰਾਹੁਲ ਵਜੋਂ ਹੋਈ ਹੈ। ਇਸ ਦੇ ਨਾਲ ਹੀ 16 ਸਾਲਾ ਮਨੀਸ਼ ਅਤੇ 30 ਸਾਲਾ ਪ੍ਰਦੀਪ ਜ਼ਖਮੀ ਹੋਏ ਹਨ।ਜਾਣਕਾਰੀ ਅਨੁਸਾਰ ਦੇਰ ਰਾਤ 1:51 ਵਜੇ ਦਿੱਲੀ ਦੇ ਸੀਮਾਪੁਰੀ ਸਥਿਤ ਡੀਟੀਸੀ ਡਿਪੂ ਲਾਲ ਬੱਤੀ ਪਾਰ ਕਰਦੇ ਹੋਏ ਇਕ ਟਰੱਕ ਡੀਐਲਐਫ ਟੀ-ਪੁਆਇੰਟ ਵੱਲ ਜਾ ਰਿਹਾ ਸੀ। ਇਸ ਤੇਜ਼ ਰਫਤਾਰ ਟਰੱਕ ਨੇ ਸੜਕ ਦੇ ਡਿਵਾਈਡਰ 'ਤੇ ਸੁੱਤੇ ਪਏ 6 ਲੋਕਾਂ ਨੂੰ ਕੁਚਲ ਦਿੱਤਾ। ਜਿਨ੍ਹਾਂ ਵਿੱਚੋਂ ਚਾਰ ਦੀ ਮੌਤ ਹੋ ਗਈ। ਜਦਕਿ ਦੋ ਲੋਕ ਜ਼ਖਮੀ ਹੋ ਗਏ। ਘਟਨਾ 'ਚ ਸ਼ਾਮਲ ਵਾਹਨ ਦਾ ਪਤਾ ਲਗਾਉਣ ਲਈ ਕਈ ਟੀਮਾਂ ਦਾ ਗਠਨ ਕੀਤਾ ਗਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।