PM ਮੋਦੀ ਅੱਜ ਆਪਣੇ ਜਨਮ-ਦਿਨ ‘ਤੇ ਚੀਤਿਆਂ ਨੂੰ ਕੁਨੋ ਨੈਸ਼ਨਲ ਪਾਰਕ ‘ਚ ਛੱਡਣਗੇ
ਗਵਾਲੀਅਰ,17 ਸਤੰਬਰ,ਦੇਸ਼ ਕਲਿਕ ਬਿਊਰੋ :
ਭਾਰਤ ਦਾ 70 ਸਾਲਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ ਤੇ ਅੱਜ ਸ਼ਨੀਵਾਰ ਸਵੇਰੇ 7.55 ਵਜੇ ਨਾਮੀਬੀਆ ਤੋਂ ਇੱਕ ਵਿਸ਼ੇਸ਼ ਫਲਾਈਟ ਰਾਹੀਂ 8 ਚੀਤਿਆਂ ਨੂੰ ਭਾਰਤ ਲਿਆਂਦਾ। ਚੀਤੇ 24 ਲੋਕਾਂ ਦੀ ਟੀਮ ਨਾਲ ਗਵਾਲੀਅਰ ਏਅਰਬੇਸ 'ਤੇ ਉਤਰੇ। ਇੱਥੇ ਜਹਾਜ਼ ‘ਚੋਂ ਪਿੰਜਰੇ ਕੱਢ ਕੇ ਮਾਹਿਰ ਚੀਤਿਆਂ ਦੀ ਰੁਟੀਨ ਜਾਂਚ ਕਰ ਰਹੇ ਹਨ। ਇਸ ਤੋਂ ਬਾਅਦ ਹੈਲੀਕਾਪਟਰ ਚੀਤਿਆਂ ਨੂੰ ਲੈ ਕੇ ਰਵਾਨਾ ਹੋਵੇਗਾ। 10 ਵਜੇ ਤੋਂ ਬਾਅਦ ਚੀਤੇ ਕੁਨੋ ਨੈਸ਼ਨਲ ਪਾਰਕ ਪਹੁੰਚ ਜਾਣਗੇ।ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ 11 ਵਜੇ ਤਿੰਨ ਬਕਸੇ ਖੋਲ੍ਹਣਗੇ ਅਤੇ ਚੀਤਿਆਂ ਨੂੰ ਕੁਆਰੰਟੀਨ ਵਾੜੇ ਵਿੱਚ ਛੱਡਣਗੇ। ਅੱਜ ਪ੍ਰਧਾਨ ਮੰਤਰੀ ਮੋਦੀ ਦਾ ਜਨਮ ਦਿਨ ਵੀ ਹੈ। ਮੋਦੀ ਕੁਨੋ 'ਚ ਅੱਧਾ ਘੰਟਾ ਰੁਕਣਗੇ। ਇਸ ਦੌਰਾਨ ਉਹ ਚੀਤਾ ਮਿੱਤਰ ਟੀਮ ਦੇ ਮੈਂਬਰਾਂ ਨਾਲ ਗੱਲਬਾਤ ਕਰਨਗੇ। ਸਕੂਲੀ ਬੱਚਿਆਂ ਨੂੰ ਵੀ ਪਾਰਕ ਵਿੱਚ ਬੁਲਾਇਆ ਗਿਆ ਹੈ। ਪ੍ਰਧਾਨ ਮੰਤਰੀ ਆਪਣਾ ਜਨਮ ਦਿਨ ਇਨ੍ਹਾਂ ਬੱਚਿਆਂ ਨਾਲ ਮਨਾਉਣਗੇ।ਕੇਂਦਰੀ ਮੰਤਰੀ ਜਯੋਤੀਰਾਦਿਤਿਆ ਸਿੰਧੀਆ ਸਵੇਰੇ ਕੁਨੋ ਨੈਸ਼ਨਲ ਪਾਰਕ ਪਹੁੰਚਣਗੇ। ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਸ਼ੁੱਕਰਵਾਰ ਦੇਰ ਸ਼ਾਮ ਕੁਨੋ ਪਹੁੰਚ ਗਏ ਹਨ। ਗਵਾਲੀਅਰ ਹਵਾਈ ਅੱਡੇ 'ਤੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਪ੍ਰਧਾਨ ਮੰਤਰੀ ਦਾ ਸਵਾਗਤ ਕਰਨਗੇ।