ਸ਼੍ਰੀਨਗਰ,15 ਸਤੰਬਰ,ਦੇਸ਼ ਕਲਿਕ ਬਿਊਰੋ:
ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਦੇ ਨੌਗਾਮ ਇਲਾਕੇ 'ਚ ਸੁਰੱਖਿਆ ਕਰਮੀਆਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਚੱਲ ਰਹੀ ਹੈ। ਇਸ 'ਚ ਸੁਰੱਖਿਆ ਬਲਾਂ ਨੇ ਹੁਣ ਤੱਕ 2 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਦੋਵਾਂ ਦੀ ਪਛਾਣ ਪੁਲਵਾਮਾ ਦੇ ਏਜਾਜ਼ ਰਸੂਲ ਨਾਜ਼ਰ ਅਤੇ ਸ਼ਾਹਿਦ ਅਹਿਮਦ ਵਜੋਂ ਹੋਈ ਹੈ। ਇਹ ਅੱਤਵਾਦੀ ਸੰਗਠਨ ਅੰਸਾਰ ਗਜ਼ਵਤ-ਉਲ-ਹਿੰਦ ਨਾਲ ਜੁੜੇ ਹੋਏ ਸਨ।ਦੋਵੇਂ ਅੱਤਵਾਦੀ 2 ਸਤੰਬਰ ਨੂੰ ਪੁਲਵਾਮਾ 'ਚ ਬੰਗਾਲ ਦੇ ਇਕ ਮਜ਼ਦੂਰ ਮੁਨੀਰ-ਉਲ-ਇਸਲਾਮ ਦੀ ਹੱਤਿਆ 'ਚ ਸ਼ਾਮਲ ਸਨ।ਜੰਮੂ-ਕਸ਼ਮੀਰ ਪੁਲਸ ਨੇ ਕਿਹਾ ਕਿ ਇਲਾਕੇ 'ਚ ਕੁਝ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਅਤੇ ਜਵਾਨਾਂ ਨੇ ਇਹ ਸਾਂਝਾ ਆਪਰੇਸ਼ਨ ਸ਼ੁਰੂ ਕੀਤਾ। ਇਸ ਤੋਂ ਬਾਅਦ ਮੁਕਾਬਲੇ 'ਚ ਦੋਵੇਂ ਅੱਤਵਾਦੀ ਮਾਰੇ ਗਏ।ਅੱਤਵਾਦੀਆਂ ਕੋਲੋਂ ਇਕ ਏ.ਕੇ.-47, 2 ਪਿਸਤੌਲ ਅਤੇ ਇਕ ਗ੍ਰੇਨੇਡ ਬਰਾਮਦ ਹੋਇਆ ਹੈ। ਫੌਜ ਨੇ ਕਿਹਾ ਕਿ ਜਦੋਂ ਤੱਕ ਇਲਾਕੇ ਦੀ ਪੂਰੀ ਜਾਂਚ ਨਹੀਂ ਹੋ ਜਾਂਦੀ ਉਦੋਂ ਤੱਕ ਲੋਕ ਘਰਾਂ ‘ਚੋਂ ਬਾਹਰ ਨਾ ਆਉਣ।