ਹੈਦਰਾਬਾਦ,13 ਸਤੰਬਰ,ਦੇਸ਼ ਕਲਿਕ ਬਿਊਰੋ:
ਤੇਲੰਗਾਨਾ ਦੇ ਸਿਕੰਦਰਾਬਾਦ ਵਿੱਚ ਸੋਮਵਾਰ ਦੇਰ ਰਾਤ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਇੱਕ ਇਲੈਕਟ੍ਰਿਕ ਸਕੂਟਰ ਦੇ ਸ਼ੋਅਰੂਮ ਵਿੱਚ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਇੱਥੇ ਇਲੈਕਟ੍ਰਿਕ ਬਾਈਕ ਨੂੰ ਚਾਰਜ ਕੀਤਾ ਜਾ ਰਿਹਾ ਸੀ। ਅੱਗ ਲੱਗਣ ਕਾਰਨ ਸ਼ੋਅਰੂਮ ਵਿੱਚ 6 ਲੋਕ ਜ਼ਿੰਦਾ ਸੜ ਗਏ ਤੇ ਕੁਝ ਲੋਕ ਜ਼ਖਮੀ ਵੀ ਹੋਏ ਹਨ।ਅਧਿਕਾਰੀਆਂ ਮੁਤਾਬਕ ਇਹ ਹਾਦਸਾ ਸ਼ਾਰਟ ਸਰਕਟ ਕਾਰਨ ਵਾਪਰਿਆ। ਸ਼ੋਅਰੂਮ ਦੇ ਉੱਪਰ ਇੱਕ ਲਾਜ ਵੀ ਹੈ, ਜਿੱਥੇ ਧੂੰਏਂ ਦੇ ਭਰਨ ਕਾਰਨ ਲੋਕਾਂ ਦਾ ਦਮ ਘੁੱਟ ਗਿਆ। ਇਸ ਤੋਂ ਬਾਅਦ ਲੋਕਾਂ ਨੇ ਇਮਾਰਤ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਉਨ੍ਹਾਂ ਨੂੰ ਸਥਾਨਕ ਲੋਕਾਂ ਨੇ ਹਸਪਤਾਲ ਪਹੁੰਚਾਇਆ। ਇਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਕਾਰਵਾਈ ਕਰਦੇ ਹੋਏ ਲੋਕਾਂ ਨੂੰ ਇਮਾਰਤ 'ਚੋਂ ਬਾਹਰ ਕੱਢਿਆ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ 'ਚ ਸਰਵਿਸਿੰਗ ਲਈ ਆਏ 5 ਨਵੇਂ ਸਕੂਟਰ ਅਤੇ 12 ਪੁਰਾਣੇ ਸਕੂਟਰ ਸੜ ਕੇ ਸੁਆਹ ਹੋ ਗਏ।ਘਟਨਾ ਤੋਂ ਬਾਅਦ ਮੌਕੇ 'ਤੇ ਪਹੁੰਚੇ ਤੇਲੰਗਾਨਾ ਦੇ ਗ੍ਰਹਿ ਮੰਤਰੀ ਮੁਹੰਮਦ ਮਹਿਮੂਦ ਅਲੀ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ। ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਲਾਜ 'ਚੋਂ ਲੋਕਾਂ ਨੂੰ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਧੂੰਏਂ ਕਾਰਨ ਕੁਝ ਲੋਕਾਂ ਦੀ ਮੌਤ ਹੋ ਗਈ। ਲਾਜ ਤੋਂ ਕੁਝ ਲੋਕਾਂ ਨੂੰ ਬਚਾਇਆ ਗਿਆ। ਘਟਨਾ ਦੇ ਪਿੱਛੇ ਦਾ ਕਾਰਨ ਜਾਣਨ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।