ਰਾਏਪੁਰ,12 ਸਤੰਬਰ,ਦੇਸ਼ ਕਲਿਕ ਬਿਊਰੋ:
ਛੱਤੀਸਗੜ੍ਹ ਦੇ ਰਾਏਪੁਰ ਤੋਂ ਰੇਣੂਕੂਟ ਜਾ ਰਹੀ ਬੱਸ ਅੱਜ ਸੋਮਵਾਰ ਤੜਕੇ ਹਾਦਸੇ ਦਾ ਸ਼ਿਕਾਰ ਹੋ ਗਈ। ਕੋਰਬਾ ਵਿੱਚ ਤੇਜ਼ ਰਫ਼ਤਾਰ ਬੱਸ ਸੜਕ ਕਿਨਾਰੇ ਖੜ੍ਹੇ ਟਰਾਲੇ ਨਾਲ ਟਕਰਾ ਗਈ। ਇਸ ਹਾਦਸੇ 'ਚ 7 ਯਾਤਰੀਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚ ਦੋ ਬੱਚੇ ਅਤੇ ਦੋ ਔਰਤਾਂ ਸ਼ਾਮਲ ਹਨ। ਜਦਕਿ 12 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਸੂਚਨਾ ਮਿਲਣ 'ਤੇ ਮੌਕੇ 'ਤੇ ਪੁੱਜੀ ਪੁਲਸ ਨੇ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ। ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਇਹ ਹਾਦਸਾ ਬੰਗੋ ਥਾਣਾ ਖੇਤਰ 'ਚ ਵਾਪਰਿਆ।ਜਾਣਕਾਰੀ ਅਨੁਸਾਰ ਰਾਇਲਜ਼ ਟਰਾਂਸਪੋਰਟ ਦੀ ਲਗਜ਼ਰੀ ਬੱਸ ਸਲੀਪਰ ਕੋਚ ਦੇਰ ਰਾਤ ਰਾਏਪੁਰ ਤੋਂ ਰੇਣੂਕੂਟ ਲਈ ਰਵਾਨਾ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ 4 ਵਜੇ ਦੇ ਕਰੀਬ ਬੱਸ ਕੋਰਬਾ ਦੇ ਪੌੜੀ ਉਪੇਡਾ 'ਚ ਨੈਸ਼ਨਲ ਹਾਈਵੇਅ-130 'ਤੇ ਪਹੁੰਚੀ ਸੀ ਕਿ ਮਡਾਈ ਨੇੜੇ ਸੜਕ ਕਿਨਾਰੇ ਖੜ੍ਹੇ ਟਰਾਲੇ ਨਾਲ ਟਕਰਾਅ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦੇ ਪਰਖੱਚੇ ਉੱਡ ਗਏ। ਇੱਕ ਪਾਸੇ ਤੋਂ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ਦੌਰਾਨ ਲੋਕ ਗਹਿਰੀ ਨੀਂਦ ਵਿੱਚ ਸਨ।