ਨਾਮਜ਼ਦਗੀ ਦਾਖ਼ਲ ਕਰਨ ਵਾਲਿਆਂ ਨੂੰ ਮਿਲੇਗੀ 9 ਹਜ਼ਾਰ ਡੈਲੀਗੇਟਾਂ ਦੀ ਸੂਚੀ
ਨਵੀਂ ਦਿੱਲੀ,11 ਸਤੰਬਰ,ਦੇਸ਼ ਕਲਿਕ ਬਿਊਰੋ:
ਅਗਲੇ ਮਹੀਨੇ ਕਾਂਗਰਸ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਪਾਰਟੀ ਲੀਡਰਸ਼ਿਪ ਨੇ ਚੋਣ ਪ੍ਰਕਿਰਿਆ ਵਿੱਚ ਵੱਡੇ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ। ਕਾਂਗਰਸ ਆਗੂ ਮਧੂਸੂਦਨ ਮਿਸਤਰੀ ਨੇ ਦੱਸਿਆ ਕਿ ਚੋਣਾਂ ਲਈ ਨਾਮਜ਼ਦਗੀ ਦਾਖ਼ਲ ਕਰਨ ਵਾਲੇ ਸਾਰੇ ਪਾਰਟੀ ਆਗੂਆਂ ਨੂੰ ਇਲੈਕਟੋਰਲ ਕਾਲਜ ਵਿੱਚ ਸ਼ਾਮਲ ਸਾਰੇ 9 ਹਜ਼ਾਰ ਡੈਲੀਗੇਟਾਂ ਦੀ ਸੂਚੀ ਦੇਖਣ ਨੂੰ ਮਿਲੇਗੀ। ਇਹ ਸੂਚੀ 20 ਸਤੰਬਰ ਤੋਂ ਪਾਰਟੀ ਦੀ ਕੇਂਦਰੀ ਚੋਣ ਅਥਾਰਟੀ ਕੋਲ ਉਪਲਬਧ ਹੋਵੇਗੀ।ਜ਼ਿਕਰਯੋਗ ਹੈ ਕਿ ਸ਼ਸ਼ੀ ਥਰੂਰ, ਕਾਰਤੀ ਚਿਦੰਬਰਮ, ਮਨੀਸ਼ ਤਿਵਾੜੀ ਸਮੇਤ ਕਾਂਗਰਸ ਦੇ ਪੰਜ ਸੰਸਦ ਮੈਂਬਰਾਂ ਨੇ ਪਾਰਟੀ ਦੇ ਕੇਂਦਰੀ ਚੋਣ ਅਥਾਰਟੀ ਦੇ ਚੇਅਰਮੈਨ ਮਧੂਸੂਦਨ ਮਿਸਤਰੀ ਨੂੰ ਪੱਤਰ ਲਿਖ ਕੇ ਚੋਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਕਾਂਗਰਸ ਲੀਡਰਸ਼ਿਪ ਨੇ ਇਹ ਫੈਸਲਾ ਲਿਆ ਹੈ।ਦਰਅਸਲ ਹਾਲ ਹੀ ਦੇ ਦਿਨਾਂ 'ਚ ਕਈ ਵੱਡੇ ਨੇਤਾਵਾਂ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਹੈ, ਅਜਿਹੇ 'ਚ ਕਿਆਸ ਲਗਾਏ ਜਾ ਰਹੇ ਹਨ ਕਿ ਪਾਰਟੀ ਹਾਈਕਮਾਂਡ ਨੇ ਬਾਕੀ ਨੇਤਾਵਾਂ ਦੀ ਨਰਾਜ਼ਗੀ ਦੂਰ ਕਰਨ ਲਈ ਇਹ ਕਦਮ ਚੁੱਕਿਆ ਹੈ। ਕਾਂਗਰਸ ਪ੍ਰਧਾਨ ਦੀ ਚੋਣ 17 ਅਕਤੂਬਰ ਨੂੰ ਹੋਣੀ ਹੈ। ਇਸ ਲਈ ਨਾਮਜ਼ਦਗੀਆਂ 24 ਤੋਂ 30 ਸਤੰਬਰ ਦਰਮਿਆਨ ਦਾਖਲ ਕੀਤੀਆਂ ਜਾਣਗੀਆਂ।