ਨਵੀਂ ਦਿੱਲੀ, 10 ਸਤੰਬਰ, ਦੇਸ਼ ਕਲਿਕ ਬਿਊਰੋ:
ਹਰਿਆਣਾ ਅਤੇ ਯੂਪੀ 'ਚ ਗਣਪਤੀ ਵਿਸਰਜਨ ਦੌਰਾਨ 5 ਥਾਵਾਂ 'ਤੇ ਵੱਡੇ ਹਾਦਸੇ ਵਾਪਰੇ ਹਨ। ਹਰਿਆਣਾ ਦੇ ਮਹਿੰਦਰਗੜ੍ਹ 'ਚ ਝਗਰੋਲੀ ਨਹਿਰ 'ਚ ਗਣੇਸ਼ ਜੀ ਦੀ ਮੂਰਤੀ ਸਮੇਤ 8 ਲੋਕ ਵਹਿ ਗਏ, ਜਿਨ੍ਹਾਂ 'ਚੋਂ 4 ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਸੋਨੀਪਤ 'ਚ ਯਮੁਨਾ ਨਦੀ 'ਚ 2 ਦੀ ਮੌਤ ਹੋ ਗਈ, 2 ਅਜੇ ਵੀ ਲਾਪਤਾ ਹਨ ਤੇ ਮੌਤਾਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ। ਹਰਿਆਣਾ ਦੇ ਮਹਿੰਦਰਗੜ੍ਹ 'ਚ ਭਾਲ ਅਜੇ ਵੀ ਜਾਰੀ ਹੈ।ਦੂਜੇ ਪਾਸੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੀ 8 ਲੋਕਾਂ ਦੀ ਮੌਤ ਹੋ ਗਈ ਹੈ।ਸਭ ਤੋਂ ਵੱਡਾ ਹਾਦਸਾ ਸੰਤ ਕਬੀਰ ਨਗਰ ਦੀ ਅਮੀ ਨਦੀ 'ਚ ਵਾਪਰਿਆ। ਇੱਥੇ ਇੱਕ ਹੀ ਪਰਿਵਾਰ ਦੇ ਚਾਰ ਬੱਚਿਆਂ ਦੀ ਡੁੱਬਣ ਨਾਲ ਮੌਤ ਹੋ ਗਈ ਹੈ। ਇਨ੍ਹਾਂ ਵਿੱਚ ਤਿੰਨ ਭੈਣਾਂ ਅਤੇ ਇੱਕ ਭਰਾ ਸ਼ਾਮਲ ਹੈ। ਦਰਅਸਲ ਜਦੋਂ ਭਰਾ ਨਦੀ 'ਚ ਉਤਰਿਆ ਤਾਂ ਤਿੰਨੋਂ ਭੈਣਾਂ ਵੀ ਨਦੀ 'ਚ ਉਤਰ ਗਈਆਂ। ਅਚਾਨਕ ਇੱਕ ਬੱਚੇ ਦਾ ਪੈਰ ਡੂੰਘੇ ਪਾਣੀ ਵਿੱਚ ਚਲਾ ਗਿਆ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਇੱਕ-ਇੱਕ ਕਰਕੇ ਚਾਰ ਬੱਚੇ ਨਦੀ ਵਿੱਚ ਡੁੱਬ ਗਏ।