ਲੱਦਾਖ, 10 ਸਤੰਬਰ, ਦੇਸ਼ ਕਲਿਕ ਬਿਊਰੋ:
ਸੈਨਾ ਮੁਖੀ ਜਨਰਲ ਮਨੋਜ ਪਾਂਡੇ ਅੱਜ ਲੱਦਾਖ ਪਹੁੰਚ ਰਹੇ ਹਨ। ਉੱਥੇ ਉਹ ਚੀਨ ਨਾਲ ਲੱਗਦੀ ਸਰਹੱਦ 'ਤੇ ਗੋਗਰਾ-ਹਾਟ ਸਪ੍ਰਿੰਗਜ਼ ਖੇਤਰ ਤੋਂ ਫੌਜ ਦੀ ਚੱਲ ਰਹੀ ਵਾਪਸੀ ਪ੍ਰਕਿਰਿਆ ਦਾ ਜਾਇਜ਼ਾ ਲੈਣਗੇ। ਭਾਰਤ ਅਤੇ ਚੀਨ ਨੇ ਹਾਲ ਹੀ ਵਿੱਚ ਇਸ ਖੇਤਰ ਤੋਂ ਫੌਜ ਨੂੰ ਹਟਾਉਣ ਲਈ ਸਹਿਮਤੀ ਜਤਾਈ ਹੈ।ਫੌਜੀ ਸੂਤਰਾਂ ਨੇ ਦੱਸਿਆ ਕਿ ਗੋਗਰਾ-ਹਾਟ ਸਪ੍ਰਿੰਗਜ਼ (ਪੀ.ਪੀ.-15) ਤੋਂ ਦੋਵਾਂ ਪਾਸਿਆਂ ਦੀਆਂ ਫੌਜਾਂ ਦੀ ਵਾਪਸੀ 17 ਜੁਲਾਈ ਨੂੰ ਦੋਵਾਂ ਦੇਸ਼ਾਂ ਵਿਚਾਲੇ ਕਮਾਂਡਰ ਪੱਧਰ ਦੀ ਗੱਲਬਾਤ ਦੇ 16ਵੇਂ ਦੌਰ ਤੋਂ ਬਾਅਦ ਸ਼ੁੱਕਰਵਾਰ ਤੋਂ ਸ਼ੁਰੂ ਹੋ ਗਈ ਹੈ। ਇਸ ਸਬੰਧੀ ਵਿਸਥਾਰਤ ਬਿਆਨ ਜਾਰੀ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਉਪਰੋਕਤ ਸਥਾਨ ਤੋਂ ਭਾਰਤੀ ਫੌਜ ਕਰਮ ਸਿੰਘ ਪਹਾੜੀ ਵੱਲ ਆਪਣੀ ਫੌਜ ਵਾਪਸ ਲੈ ਸਕਦੀ ਹੈ, ਜਦੋਂ ਕਿ ਚੀਨੀ ਫੌਜ ਉੱਤਰ ਵੱਲ ਚੀਨੀ ਖੇਤਰ ਵੱਲ ਵਾਪਸੀ ਕਰ ਸਕਦੀ ਹੈ।ਜ਼ਿਕਰਯੋਗ ਹੈ ਕਿ ਮਈ 2020 ਵਿੱਚ ਪੂਰਬੀ ਲੱਦਾਖ ਵਿੱਚ ਦੋਵੇਂ ਗੁਆਂਢੀ ਦੇਸ਼ਾਂ ਦਰਮਿਆਨ ਤਣਾਅ ਪੈਦਾ ਹੋ ਗਿਆ ਸੀ, ਜਦੋਂ ਚੀਨ ਨੇ ਮਨਮਾਨੇ ਢੰਗ ਨਾਲ ਇਸ ਖੇਤਰ ਵਿੱਚ ਆਪਣੀ ਫੌਜ ਤਾਇਨਾਤ ਕਰ ਦਿੱਤੀ ਸੀ। ਪੈਟਰੋਲਿੰਗ ਪੁਆਇੰਟ 15 'ਤੇ ਭਾਰਤ-ਚੀਨ ਫੌਜ ਆਹਮੋ-ਸਾਹਮਣੇ ਹੋ ਗਈ ਸੀ।