ਛਾਪੇ ਸ਼ਰਾਬ ਘੁਟਾਲੇ, ਮਿਡ-ਡੇ-ਮੀਲ, ਸਿਆਸੀ ਫੰਡਿੰਗ ਅਤੇ ਟੈਕਸ ਚੋਰੀ ਨਾਲ ਸੰਬੰਧਤ
ਨਵੀਂ ਦਿੱਲੀ,7 ਸਤੰਬਰ,ਦੇਸ਼ ਕਲਿਕ ਬਿਊਰੋ:
ਇਨਕਮ ਟੈਕਸ ਵਿਭਾਗ (ਆਈ.ਟੀ.) ਨੇ ਅੱਜ ਬੁੱਧਵਾਰ ਨੂੰ ਦੇਸ਼ ਭਰ 'ਚ ਇੱਕੋ ਸਮੇਂ 100 ਥਾਵਾਂ 'ਤੇ ਛਾਪੇਮਾਰੀ ਕੀਤੀ। ਇਹ ਕਾਰਵਾਈ ਮਿਡ-ਡੇ-ਮੀਲ 'ਚ ਕਮਾਈ, ਸਿਆਸੀ ਫੰਡਿੰਗ 'ਚ ਟੈਕਸ ਚੋਰੀ ਅਤੇ ਸ਼ਰਾਬ ਘੁਟਾਲਿਆਂ ਦੇ ਸਬੰਧ 'ਚ ਕੀਤੀ ਗਈ ਹੈ। ਦਿੱਲੀ, ਰਾਜਸਥਾਨ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਛੱਤੀਸਗੜ੍ਹ ਅਤੇ ਉਤਰਾਖੰਡ ਸਮੇਤ 7 ਰਾਜਾਂ ਵਿੱਚ ਆਈਟੀ ਦੇ ਛਾਪੇਮਾਰੀ ਚੱਲ ਰਹੀ ਹੈ। ਇਹ ਛਾਪੇ ਸ਼ਰਾਬ ਘੁਟਾਲੇ, ਮਿਡ-ਡੇ-ਮੀਲ, ਸਿਆਸੀ ਫੰਡਿੰਗ ਅਤੇ ਟੈਕਸ ਚੋਰੀ ਨਾਲ ਸਬੰਧਤ ਹਨ।ਰਾਜਸਥਾਨ ਦੇ ਰਾਜ ਮੰਤਰੀ ਰਾਜੇਂਦਰ ਯਾਦਵ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ 53 ਤੋਂ ਵੱਧ ਟਿਕਾਣਿਆਂ 'ਤੇ ਇਨਕਮ ਟੈਕਸ ਦੇ ਛਾਪੇ ਮਾਰੇ ਗਏ ਹਨ। ਅੱਜ ਬੁੱਧਵਾਰ ਸਵੇਰੇ ਕਰੀਬ 5.30 ਵਜੇ ਤੋਂ ਛਾਪੇਮਾਰੀ ਜਾਰੀ ਹੈ। ਮਾਮਲਾ ਮਿਡ-ਡੇ-ਮੀਲ ਦੀ ਸਪਲਾਈ 'ਚ ਗੜਬੜੀ ਨਾਲ ਜੁੜਿਆ ਹੋਇਆ ਹੈ। ਕੋਟਪੁਤਲੀ 'ਚ ਮਿਡ-ਡੇ-ਮੀਲ ਰਾਸ਼ਨ ਦੀ ਸਪਲਾਈ ਕਰਨ ਵਾਲੀ ਫੈਕਟਰੀ 'ਤੇ ਛਾਪਾ ਮਾਰਿਆ ਗਿਆ, ਇਹ ਰਜਿੰਦਰ ਯਾਦਵ ਦੀ ਦੱਸੀ ਜਾ ਰਹੀ ਹੈ।ਛੱਤੀਸਗੜ੍ਹ 'ਚ ਆਈ.ਟੀ ਨੇ ਕੁਝ ਸ਼ਰਾਬ ਕਾਰੋਬਾਰੀਆਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। ਇਨ੍ਹਾਂ ਵਿੱਚ ਇੱਕ ਸ਼ਰਾਬ ਕਾਰੋਬਾਰੀ ਦਾ ਨਾਮ ਅਮੋਲਕ ਸਿੰਘ ਦੱਸਿਆ ਜਾ ਰਿਹਾ ਹੈ। ਰਾਮਦਾਸ ਅਗਰਵਾਲ, ਉਨ੍ਹਾਂ ਦੇ ਬੇਟੇ ਅਨਿਲ, ਐਸ਼ਵਰਿਆ ਕਿੰਗਡਮ ਦੇ ਆਰ ਕੇ ਗੁਪਤਾ ਦੇ ਘਰ ਛਾਪੇਮਾਰੀ ਕੀਤੀ ਗਈ ਹੈ। ਇਹ ਮਾਮਲਾ ਸ਼ਰਾਬ ਘੁਟਾਲੇ ਅਤੇ ਟੈਕਸ ਚੋਰੀ ਨਾਲ ਸਬੰਧਤ ਹੈ।
ਰਿਪੋਰਟਾਂ ਦੇ ਅਨੁਸਾਰ, ਆਈਟੀ ਟੀਮਾਂ ਬੈਂਗਲੁਰੂ ਵਿੱਚ 20 ਤੋਂ ਵੱਧ ਸਥਾਨਾਂ 'ਤੇ ਮੌਜੂਦ ਹਨ। ਮਨੀਪਾਲ ਗਰੁੱਪ ਖਿਲਾਫ ਵੀ ਕਾਰਵਾਈ ਕੀਤੀ ਗਈ ਹੈ। ਇਹ ਸਾਰੇ ਛਾਪੇ ਆਮਦਨ ਕਰ ਚੋਰੀ ਨਾਲ ਸਬੰਧਤ ਹਨ।ਉੱਤਰ ਪ੍ਰਦੇਸ਼ 'ਚ ਲਖਨਊ 'ਚ ਰਾਸ਼ਟਰੀ ਕ੍ਰਾਂਤੀਕਾਰੀ ਸਮਾਜਵਾਦੀ ਪਾਰਟੀ ਦੇ ਮੁਖੀ ਗੋਪਾਲ ਰਾਏ ਦੇ ਘਰ 'ਤੇ ਵੀ ਆਈ.ਟੀ. ਦੀ ਛਾਪੇਮਾਰੀ ਚੱਲ ਰਹੀ ਹੈ। ਸੂਤਰਾਂ ਮੁਤਾਬਕ ਰਾਏ ਕੁਝ ਐਨਜੀਓ ਵੀ ਚਲਾ ਰਹੇ ਹਨ। ਇਹ ਮਾਮਲਾ ਸਿਆਸੀ ਫੰਡਿੰਗ ਅਤੇ ਟੈਕਸ ਚੋਰੀ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ।ਇਸੇ ਤਰ੍ਹਾਂ ਪੱਛਮੀ ਬੰਗਾਲ ‘ਚ ਸੀਬੀਆਈ ਨੇ ਅੱਜ ਬੁੱਧਵਾਰ ਸਵੇਰੇ ਮਮਤਾ ਸਰਕਾਰ ਦੇ ਕਾਨੂੰਨ ਮੰਤਰੀ ਮਲਯ ਘਟਕ ਦੇ 6 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਘਟਕ 'ਤੇ ਕੋਲਾ ਤਸਕਰੀ ਦਾ ਦੋਸ਼ ਹੈ। ਸੂਤਰਾਂ ਮੁਤਾਬਕ ਸੀਬੀਆਈ ਦੀਆਂ 3 ਟੀਮਾਂ ਸਵੇਰੇ 8 ਵਜੇ ਤੋਂ ਘਟਕ ਦੀ ਰਿਹਾਇਸ਼ ਸਮੇਤ 6 ਥਾਵਾਂ ਦੀ ਤਲਾਸ਼ੀ ਲੈ ਰਹੀਆਂ ਹਨ। ਇਨ੍ਹਾਂ ਵਿਚ ਕੋਲਕਾਤਾ ਵਿਚ 5 ਅਤੇ ਆਸਨਸੋਲ ਵਿਚ ਇਕ ਸਥਾਨ 'ਤੇ ਟੀਮਾਂ ਮੌਜੂਦ ਹਨ।