ਨਵੀਂ ਦਿੱਲੀ,6 ਸਤੰਬਰ,ਦੇਸ਼ ਕਲਿਕ ਬਿਊਰੋ:
ਦਿੱਲੀ ਸਰਕਾਰ ਦੀ ਸ਼ਰਾਬ ਨੀਤੀ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਇੱਕੋ ਸਮੇਂ ਕਈ ਥਾਵਾਂ ’ਤੇ ਛਾਪੇ ਮਾਰੇ ਹਨ। ਜਾਣਕਾਰੀ ਮੁਤਾਬਕ ਦਿੱਲੀ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਤੇਲੰਗਾਨਾ ਸਮੇਤ ਮਹਾਰਾਸ਼ਟਰ 'ਚ ਈਡੀ ਦੇ ਅਧਿਕਾਰੀਆਂ ਦਾ ਸਰਚ ਆਪਰੇਸ਼ਨ ਜਾਰੀ ਹੈ।ਜ਼ਿਕਰਯੋਗ ਹੈ ਕਿ ਦਿੱਲੀ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਸਵਾਲਾਂ ਦੇ ਘੇਰੇ 'ਚ ਹੈ। ਭਾਰਤੀ ਜਨਤਾ ਪਾਰਟੀ ਨੇ ਇਸ ਸਬੰਧੀ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ 'ਤੇ ਘਪਲੇ ਦਾ ਦੋਸ਼ ਲਾਇਆ ਹੈ। ਇਸ ਸਬੰਧੀ ਸੀਬੀਆਈ ਪਹਿਲਾਂ ਹੀ ਮਨੀਸ਼ ਸਿਸੋਦੀਆ ਦੇ ਘਰ ਅਤੇ ਬੈਂਕ ਲਾਕਰ ਦੀ ਤਲਾਸ਼ੀ ਲੈ ਚੁੱਕੀ ਹੈ। ਹੁਣ ਈਡੀ ਨੇ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਹੈ। ਈਡੀ ਨੇ ਸੀਬੀਆਈ ਤੋਂ ਮਾਮਲੇ ਨਾਲ ਸਬੰਧਤ ਦਸਤਾਵੇਜ਼ ਮੰਗੇ ਸਨ
।ਈਡੀ ਅਧਿਕਾਰੀਆਂ ਨੇ ਦੱਸਿਆ ਕਿ ਆਬਕਾਰੀ ਨੀਤੀ ਤਹਿਤ ਕਥਿਤ ਮਨੀ ਲਾਂਡਰਿੰਗ ਮਾਮਲੇ ਦੇ ਸਬੰਧ ਵਿੱਚ ਪੰਜ ਰਾਜਾਂ ਵਿੱਚ 30 ਥਾਵਾਂ 'ਤੇ ਤਲਾਸ਼ੀ ਮੁਹਿੰਮ ਚੱਲ ਰਹੀ ਹੈ। ਅਧਿਕਾਰੀਆਂ ਮੁਤਾਬਕ ਇਹ ਛਾਪੇਮਾਰੀ ਮਾਮਲੇ 'ਚ ਨਾਮਜ਼ਦ ਲੋਕਾਂ 'ਤੇ ਕੀਤੀ ਜਾ ਰਹੀ ਹੈ। ਇਸ ਵਿੱਚ ਈਡੀ ਦੇ ਅਧਿਕਾਰੀ ਮਨੀਸ਼ ਸਿਸੋਦੀਆ ਜਾਂ ਕੋਈ ਹੋਰ ਸਰਕਾਰੀ ਕਰਮਚਾਰੀ ਨਾਲ ਜੁੜੀਆਂ ਥਾਂਵਾਂ ਵਿੱਚ ਨਹੀਂ ਪਹੁੰਚੇ ਹਨ। ਦਰਅਸਲ, ਈਡੀ ਨੇ ਸੀਬੀਆਈ ਦੀ ਐਫਆਈਆਰ, ਜਿਸ ਵਿੱਚ ਸਿਸੋਦੀਆ ਅਤੇ 14 ਹੋਰਾਂ ਦੇ ਨਾਮ ਹਨ, ਦਾ ਨੋਟਿਸ ਲੈਂਦਿਆਂ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੀਆਂ ਅਪਰਾਧਿਕ ਧਾਰਾਵਾਂ ਦੇ ਤਹਿਤ ਮਾਮਲੇ ਵਿੱਚ ਜਾਂਚ ਸ਼ੁਰੂ ਕੀਤੀ ਹੈ।