ਲਖਨਊ, 5 ਸਤੰਬਰ, ਦੇਸ਼ ਕਲਿਕ ਬਿਊਰੋ:
ਯੂਪੀ ਦੀ ਰਾਜਧਾਨੀ ਲਖਨਊ ਦੇ ਲੇਵਾਨਾ ਹੋਟਲ ਵਿੱਚ ਅੱਜ ਸੋਮਵਾਰ ਸਵੇਰੇ ਅੱਗ ਲੱਗ ਗਈ। ਇਸ ਅੱਗ 'ਚ 2 ਲੋਕਾਂ ਦੀ ਮੌਤ ਹੋ ਗਈ ਹੈ। ਇੱਥੇ ਕਈ ਲੋਕ ਫਸੇ ਹੋਏ ਹਨ, ਜਿਨ੍ਹਾਂ ਨੂੰ ਖਿੜਕੀ ਤੋੜ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਤੱਕ 18 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। 15 ਦੇ ਅੰਦਰ ਫਸੇ ਹੋਣ ਦੀ ਖ਼ਬਰ ਹੈ।ਧੂੰਆਂ ਭਰਨ ਕਾਰਨ ਕਈ ਲੋਕ ਬੇਹੋਸ਼ ਹੋ ਗਏ ਹਨ। ਕੁਝ ਲੋਕਾਂ ਦੇ ਝੁਲਸਣ ਦੀ ਵੀ ਸੂਚਨਾ ਮਿਲੀ ਹੈ। 15 ਫਾਇਰ ਟੈਂਡਰ ਅੱਗ ਬੁਝਾਉਣ ਵਿੱਚ ਲੱਗੇ ਹੋਏ ਹਨ। ਮੌਕੇ 'ਤੇ ਐਂਬੂਲੈਂਸਾਂ ਵੀ ਮੌਜੂਦ ਹਨ।ਜ਼ਿਕਰਯੋਗ ਹੈ ਕਿ ਸਵੇਰੇ 7.30 ਵਜੇ ਦੇ ਕਰੀਬ ਲੇਵਾਨਾ ਹੋਟਲ ਦੇ ਕਮਰਿਆਂ ਵਿੱਚ ਧੂੰਆਂ ਭਰਨਾ ਸ਼ੁਰੂ ਹੋ ਗਿਆ। ਇਸ ਦਾ ਪਤਾ ਹੋਟਲ ਸਟਾਫ ਨੂੰ 8 ਵਜੇ ਲੱਗਾ। ਫਾਇਰ ਬ੍ਰਿਗੇਡ ਨੂੰ ਸੂਚਿਤ ਕਰਨ ਤੋਂ ਬਾਅਦ ਸਟਾਫ਼ ਮੈਂਬਰ ਇਕੱਠੇ ਹੋ ਕੇ ਬਚਾਅ 'ਚ ਜੁਟ ਗਏ। ਹੋਟਲ ਦੇ ਆਸਪਾਸ ਮੌਜੂਦ ਲੋਕਾਂ ਨੇ ਦੱਸਿਆ ਕਿ ਕਈ ਲੋਕ ਖੁਦ ਖਿੜਕੀਆਂ ਤੋੜ ਕੇ ਬਾਹਰ ਨਿਕਲ ਆਏ। ਕਈ ਲੋਕ ਹੱਥਾਂ ਵਿੱਚ ਸਮਾਨ ਲੈ ਕੇ ਬਾਹਰ ਨਿਕਲਦੇ ਦੇਖੇ ਗਏ।