ਰਾਂਚੀ,3 ਸਤੰਬਰ,ਦੇਸ਼ ਕਲਿਕ ਬਿਊਰੋ:
ਝਾਰਖੰਡ ਦੇ ਦੇਵਘਰ ਹਵਾਈ ਅੱਡੇ ਦੇ ਏਅਰ ਟ੍ਰੈਫਿਕ ਕੰਟਰੋਲਰ (ਏ.ਟੀ.ਸੀ.) 'ਤੇ ਦਬਾਅ ਪਾ ਕੇ ਰਾਤ ਨੂੰ ਚਾਰਟਰਡ ਜਹਾਜ਼ ਨੂੰ ਉਡਾਣ ਭਰਵਾਉਣ ਲਈ ਭਾਜਪਾ ਨੇਤਾਵਾਂ ਸਮੇਤ ਨੌਂ ਖਿਲਾਫ ਐੱਫ.ਆਈ.ਆਰ. ਹੋਈ ਹੈ।ਇਨ੍ਹਾਂ ਵਿੱਚ ਗੋਡਾ ਤੋਂ ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ, ਉਨ੍ਹਾਂ ਦੇ ਦੋ ਪੁੱਤਰਾਂ, ਸੰਸਦ ਮੈਂਬਰ ਮਨੋਜ ਤਿਵਾੜੀ ਅਤੇ ਭਾਜਪਾ ਨੇਤਾ ਕਪਿਲ ਮਿਸ਼ਰਾ ਦੇ ਨਾਂ ਸ਼ਾਮਲ ਹਨ।ਇਹ ਐਫਆਈਆਰ ਦੇਵਘਰ ਹਵਾਈ ਅੱਡੇ 'ਤੇ ਤਾਇਨਾਤ ਡੀਐਸਪੀ ਸੁਮਨ ਅਮਨ ਨੇ ਜ਼ਿਲ੍ਹੇ ਦੇ ਕੁੰਡਾ ਪੁਲਿਸ ਸਟੇਸ਼ਨ 'ਚ ਦਰਜ ਕਰਵਾਈ ਹੈ। ਡੀਐਸਪੀ ਸੁਮਨ ਅਮਨ ਅਨੁਸਾਰ 31 ਅਗਸਤ ਨੂੰ ਗੋਡਾ ਦੇ ਸੰਸਦ ਮੈਂਬਰ, ਉਨ੍ਹਾਂ ਦੇ ਦੋ ਪੁੱਤਰ, ਮਨੋਜ ਤਿਵਾੜੀ ਅਤੇ ਹੋਰਾਂ ਨੇ ਦੇਵਘਰ ਹਵਾਈ ਅੱਡੇ ਦੇ ਏਟੀਸੀ ਵਿੱਚ ਜ਼ਬਰਦਸਤੀ ਦਾਖ਼ਲ ਹੋ ਕੇ ਮੁਲਾਜ਼ਮਾਂ ਨੂੰ ਜ਼ਬਰਦਸਤੀ ਕਲੀਅਰੈਂਸ ਲੈਣ ਲਈ ਮਜਬੂਰ ਕੀਤਾ। ਉਸ ਨੇ ਆਪਣੀ ਸ਼ਿਕਾਇਤ ਵਿਚ ਇਹ ਵੀ ਕਿਹਾ ਕਿ ਦੇਵਘਰ ਹਵਾਈ ਅੱਡੇ 'ਤੇ ਅਜੇ ਤੱਕ ਰਾਤ ਨੂੰ ਟੇਕ-ਆਫ ਅਤੇ ਲੈਂਡਿੰਗ ਦੀ ਕੋਈ ਸਹੂਲਤ ਨਹੀਂ ਹੈ।