ਚੰਡੀਗੜ੍ਹ,3 ਸਤੰਬਰ,ਦੇਸ਼ ਕਲਿਕ ਬਿਊਰੋ:
ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ‘ਚ ਅੰਮ੍ਰਿਤਸਰ ਦੇ ਇਕ ਜੋੜੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਇਨੋਵਾ ਗੱਡੀ ਵਿੱਚੋਂ 7 ਕਿਲੋ ਹੈਰੋਇਨ ਬਰਾਮਦ ਹੋਈ ਹੈ। ਮੁਲਜ਼ਮ ਜੋੜਾ ਰਾਮਤੀਰਥ ਰੋਡ ਅੰਮ੍ਰਿਤਸਰ ਦੇ ਵਸਨੀਕ ਹਨ ਅਤੇ ਹੈਰੋਇਨ ਦੀ ਖੇਪ ਲੈਣ ਜੰਮੂ-ਕਸ਼ਮੀਰ ਪੁੱਜੇ ਸਨ ਅਤੇ ਖੇਪ ਲੈ ਕੇ ਵਾਪਸ ਅੰਮ੍ਰਿਤਸਰ ਆ ਰਹੇ ਸਨ।ਮੁਖਬਰ ਤੋਂ ਮਿਲੀ ਸੂਚਨਾ 'ਤੇ ਪੁਲਸ ਨੇ ਉਧਮਪੁਰ 'ਚ ਗੱਡੀ ਨੂੰ ਰੋਕ ਕੇ ਚੈਕਿੰਗ ਕੀਤੀ ਤਾਂ ਹੈਰੋਇਨ ਬਰਾਮਦ ਹੋਈ। ਮੁਲਜ਼ਮਾਂ ਦੀ ਪਛਾਣ ਲਵਪ੍ਰੀਤ ਸਿੰਘ ਅਤੇ ਉਸਦੀ ਪਤਨੀ ਮਨਦੀਪ ਕੌਰ ਵਜੋਂ ਹੋਈ ਹੈ। ਇਨੋਵਾ ਕਾਰ ਅਤੇ ਹੈਰੋਇਨ ਜ਼ਬਤ ਕੀਤੀ ਗਈ ਹੈ। ਨਸ਼ੇ ਦੀ ਅੰਤਰਰਾਸ਼ਟਰੀ ਕੀਮਤ 35 ਤੋਂ 49 ਕਰੋੜ ਰੁਪਏ ਦੱਸੀ ਜਾ ਰਹੀ ਹੈ। ਜੋੜੇ ਖਿਲਾਫ ਥਾਣਾ ਊਧਮਪੁਰ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।ਜੰਮੂ-ਕਸ਼ਮੀਰ ਪੁਲਿਸ ਨੇ ਮੁਲਜ਼ਮਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਕਿ ਨਸ਼ਾ ਕਿੱਥੋਂ ਆਇਆ ਅਤੇ ਕਿੱਥੇ ਸਪਲਾਈ ਕੀਤਾ ਜਾਣਾ ਸੀ। ਜੋੜੇ ਨੇ ਮੁੱਢਲੀ ਜਾਂਚ ਵਿੱਚ ਦੱਸਿਆ ਕਿ ਉਹ ਪੰਜਾਬ ਵਿੱਚ ਹੀ ਇਸ ਦੀ ਸਪਲਾਈ ਕਰਨ ਵਾਲੇ ਸਨ।