ਇੰਫਾਲ,3 ਸਤੰਬਰ,ਦੇਸ਼ ਕਲਿਕ ਬਿਊਰੋ:
ਅੱਜ ਸ਼ਨੀਵਾਰ ਨੂੰ ਪਟਨਾ 'ਚ ਹੋਣ ਵਾਲੀ JDU ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਤੋਂ ਪਹਿਲਾਂ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਮਨੀਪੁਰ ਵਿੱਚ ਜੇਡੀਯੂ ਦੇ 6 ਵਿੱਚੋਂ 5 ਵਿਧਾਇਕਾਂ ਨੇ ਆਪਣੀ ਪਾਰਟੀ ਬਦਲ ਲਈ ਹੈ। ਸਾਰੇ ਭਾਜਪਾ 'ਚ ਸ਼ਾਮਲ ਹੋ ਗਏ ਹਨ। ਇਨ੍ਹਾਂ ਵਿੱਚ ਕੇ.ਐਚ. ਜੈਕਿਸ਼ਨ, ਐਨ ਸਨੇਤ, ਮੁਹੰਮਦ ਅਛਾਬ ਉਦੀਨ, ਸਾਬਕਾ ਪੁਲਿਸ ਡਾਇਰੈਕਟਰ ਜਨਰਲ ਏ.ਐਮ. ਖੌਟੇ ਅਤੇ ਥੰਗਜਾਮ ਅਰੁਣ ਕੁਮਾਰ ਸ਼ਾਮਲ ਹਨ।ਮਣੀਪੁਰ ਵਿਧਾਨ ਸਭਾ ਸਕੱਤਰੇਤ ਨੇ ਵੀ ਇਨ੍ਹਾਂ ਵਿਧਾਇਕਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਜਾਣਕਾਰੀ ਦਿੱਤੀ ਹੈ। ਇਸ ਸਾਲ ਮਾਰਚ 'ਚ ਹੋਈਆਂ ਮਣੀਪੁਰ ਵਿਧਾਨ ਸਭਾ ਚੋਣਾਂ 'ਚ ਜੇਡੀਯੂ ਨੇ 38 ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ ਸਨ, ਜਿਨ੍ਹਾਂ 'ਚੋਂ ਛੇ 'ਤੇ ਜਿੱਤ ਹਾਸਲ ਕੀਤੀ ਸੀ। ਜੇਡੀਯੂ ਵਿੱਚ ਹੁਣ ਸਿਰਫ਼ ਇੱਕ ਵਿਧਾਇਕ ਬਚਿਆ ਹੈ।ਦੱਸਿਆ ਜਾ ਰਿਹਾ ਹੈ ਕਿ ਸਾਰੇ ਵਿਧਾਇਕ ਜੇਡੀਯੂ ਦੇ ਐਨਡੀਏ ਗਠਜੋੜ ਤੋਂ ਬਾਹਰ ਆਉਣ ਦੇ ਫੈਸਲੇ ਤੋਂ ਨਾਰਾਜ਼ ਸਨ। ਇਹ ਫੈਸਲਾ ਨਿਤੀਸ਼ ਕੁਮਾਰ ਦੇ ਉਸ ਐਲਾਨ ਤੋਂ ਬਾਅਦ ਲਿਆ ਗਿਆ ਹੈ, ਜਿਸ 'ਚ ਉਨ੍ਹਾਂ ਨੇ ਮਣੀਪੁਰ 'ਚ ਭਾਜਪਾ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈਣ ਲਈ ਕਿਹਾ ਸੀ। ਇਸ ਦੇ ਨਾਲ ਹੀ ਇਸ 'ਤੇ ਸਿਆਸਤ ਵੀ ਸ਼ੁਰੂ ਹੋ ਗਈ ਹੈ। ਇੱਕ ਪਾਸੇ ਜੇਡੀਯੂ ਨੇ ਇਸ ਨੂੰ ਅਸੰਵਿਧਾਨਕ ਦੱਸਿਆ ਹੈ, ਦੂਜੇ ਪਾਸੇ ਭਾਜਪਾ ਉਨ੍ਹਾਂ ਵਿਧਾਇਕਾਂ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕਰ ਰਹੀ ਹੈ।