ਨਵੀਂ ਦਿੱਲੀ,3 ਸਤੰਬਰ,ਦੇਸ਼ ਕਲਿਕ ਬਿਊਰੋ:
ਜਰਮਨ ਹਵਾਬਾਜ਼ੀ ਕੰਪਨੀ ਲੁਫਥਾਂਸਾ ਏਅਰਲਾਈਨਜ਼ ਨੇ ਪਾਇਲਟਾਂ ਦੀ ਇੱਕ ਦਿਨ ਦੀ ਹੜਤਾਲ ਕਾਰਨ ਦੁਨੀਆ ਭਰ ਵਿੱਚ 800 ਉਡਾਣਾਂ ਰੱਦ ਕਰ ਦਿੱਤੀਆਂ। ਇਸ ਵਿੱਚ ਦਿੱਲੀ ਤੋਂ ਫਰੈਂਕਫਰਟ ਅਤੇ ਮਿਊਨਿਖ ਦੀਆਂ ਦੋ ਉਡਾਣਾਂ ਵੀ ਸ਼ਾਮਲ ਹਨ। ਸ਼ੁੱਕਰਵਾਰ ਨੂੰ, 700 ਯਾਤਰੀ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ 3 'ਤੇ ਫਸ ਗਏ ਕਿਉਂਕਿ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ। ਇਨ੍ਹਾਂ ਯਾਤਰੀਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਹਵਾਈ ਅੱਡੇ 'ਤੇ ਹੰਗਾਮਾ ਕੀਤਾ। ਬਾਅਦ ਵਿੱਚ ਯਾਤਰੀਆਂ ਲਈ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ।ਲੁਫਥਾਂਸਾ ਏਅਰਲਾਈਨ ਦੀ ਦਿੱਲੀ ਤੋਂ ਰਾਤ 2:50 ਵਜੇ ਫਰੈਂਕਫਰਟ ਅਤੇ ਰਾਤ 1 ਵਜੇ ਦੇ ਕਰੀਬ ਮਿਊਨਿਖ ਲਈ ਉਡਾਣ ਰੱਦ ਕਰਨੀ ਪਈ। ਪਹਿਲੀ ਉਡਾਣ ਲਈ 300 ਅਤੇ ਦੂਜੀ ਉਡਾਣ ਲਈ 400 ਯਾਤਰੀ ਸਨ। ਲੁਫਥਾਂਸਾ ਨੇ ਵੀਰਵਾਰ ਨੂੰ ਕਿਹਾ ਸੀ ਕਿ ਉਸ ਦੀਆਂ 800 ਉਡਾਣਾਂ ਰੱਦ ਕੀਤੀਆਂ ਜਾ ਰਹੀਆਂ ਹਨ। ਇਸ ਨਾਲ ਦੁਨੀਆ ਭਰ ਦੇ 1.30 ਲੱਖ ਯਾਤਰੀ ਪ੍ਰਭਾਵਿਤ ਹੋਣਗੇ। ਲੁਫਥਾਂਸਾ ਦੇ 5000 ਪਾਇਲਟ ਹਨ। ਉਹ 5.5 ਫੀਸਦੀ ਤਨਖਾਹ ਵਾਧੇ ਦੀ ਮੰਗ ਕਰ ਰਹੇ ਹਨ।