ਰਵਾਇਤੀ ਪਾਰਟੀਆਂ ਪ੍ਰਤੀ ਨਫ਼ਰਤ ਕਾਇਮ,ਆਪ ਨੂੰ ਝਟਕਾ ,ਮਾਨ ਨੂੰ ਥਾਪੜਾ!!-
ਦਿਲੀ ਉੱਚੀ-ਪੰਜਾਬ ਨੀਵਾਂ,ਦੇ ਕੇਜਰੀਵਾਲ-ਮਾਨ ਸੰਕੇਤ ਦੀ ਪੰਜਾਬੀਆਂ ਨੇ ਮੰਨੀ ਹੇਠੀ!!
ਵਿਧਾਇਕਾਂ ਦੇ ਦਿਮਾਗ ਨੂੰ ਚੜ੍ਹੀ ਵੱਡੀ ਜਿੱਤ ਨੇ ਮੋਬਾਈਲ ਕੀਤੇ ਬੰਦ!!
- ਦਿੱਲੀ ਵੱਲੋਂ ਸਤਾਹ ਦੇ ਕੇਂਦਰੀਕਰਨ ਕਾਰਨ MLA ਤੋਂ CM ਤੱਕ ਬੇਵੱਸ
ਸੁਖਦੇਵ ਸਿੰਘ ਪਟਵਾਰੀ
ਸੰਗਰੂਰ ਪਾਰਲੀਮਾਨੀ ਜ਼ਿਮਨੀ ਚੋਣ ‘ਚ ਸਿਮਰਨਜੀਤ ਸਿੰਘ ਦੀ ਜਿੱਤ ਤੇ ਆਮ ਆਦਮੀ ਦੀ ਹਾਰ ਨੂੰ ਬਦਲਾਅ ਕਿਹਾ ਜਾਵੇ ਜਾਂ ਉਲਟਫੇਰ? ਸੰਗਰੂਰ ਦੇ ਲੋਕਾਂ ਵੱਲੋਂ ਪਾਈ ਇਸ ਬੁਝਾਰਤ ਨੂੰ ਬੁੱਝਣ ਲਈ ਸਾਰੀਆਂ ਸਿਆਸੀ ਪਾਰਟੀਆਂ ਤੇ ਸਿਆਸੀ ਪੰਡਿਤ ਪੱਬਾਂ ਭਾਰ ਹੋਏ ਪਏ ਹਨ। ਕੀ ਇਹ ਸੱਚਮੁੱਚ ਬਦਲਾਅ ਹੈ ਜਾਂ ਫੇਰਬਦਲ ? ……ਪਰ ਬਦਲਾਅ ਤਾਂ ਲੋਕ ਅਜੇ ਤਿੰਨ ਮਹੀਨੇ ਪਹਿਲਾਂ ਹੀ ਕਰਕੇ ਹਟੇ ਸਨ, ਸੰਗਰੂਰ ਵਿੱਚ ਵੀ ਇਸੇ ਪਾਰਲੀਮਾਨੀ ਹਲਕੇ ਤੋਂ ਲੋਕ 9 ਸੀਟਾਂ ਵੱਡੇ ਫਰਕ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਕੇ ਹਟੇ ਸਨ। ਫਿਰ ਸਵਾਲ ਇਹ ਵੀ ਉੱਠਦਾ ਹੈ ਕਿ ਜੋ ਉਨ੍ਹਾਂ ਨੇ ਉਦੋਂ ਕੀਤਾ ਸੀ, ਕੀ ਉਨ੍ਹਾਂ ਦੇ ਮਨ ਤੇ ਇੱਛਾ ਅਨੁਸਾਰ ਨਹੀਂ ਹੋਇਆ? ਕੀ ਉਦੋਂ ਦੇ ਬਦਲਾਅ ਵਿੱਚ ਕੁੱਝ ਫਰਕ ਰਹਿ ਗਿਆ ਸੀ ?ਕੀ ਉਦੋਂ ਤੇ ਹੁਣ ਦੇ ਬਦਲਾਅ ਵਿੱਚ ਕੁਝ ਸਾਂਝਾ ਵੀ ਹੈ? ਬਿਨਾਂ ਕਿਸੇ ਬਰੀਕਬੀਨੀ ਤੋਂ ਦੇਖਿਆਂ ਹੀ ਇਹ ਗੱਲ ਸਮਝ ਆ ਜਾਂਦੀ ਹੈ ਕਿ ਲੋਕਾਂ ਨੇ ਉਸ ਸਮੇਂ 70 ਸਾਲ ਤੋਂ ਰਾਜ ਕਰ ਰਹੀਆਂ ਰਿਵਾਇਤੀ ਪਾਰਟੀਆਂ ਨੂੰ ਹਰਾਇਆ ਸੀ ਨਾ ਕਿ ਆਮ ਆਦਮੀ ਪਾਰਟੀ ਨੂੰ ਜਿਤਾਇਆ ਸੀ।(MOREPIC1)
ਸੰਗਰੂਰ ਤੋਂ ਚੋਣ ਲੜਨ ਵਾਲੀ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੇ ਕਦੇ ਰਾਜ ਨਹੀਂ ਕੀਤਾ ਜਿਸ ਕਾਰਨ ਉਸ ਵਿੱਚ ਲੋਕਾਂ ਨੂੰ ਰਿਵਾਇਤੀ ਪਾਰਟੀਆਂ ਵਾਲੇ ਲੱਛਣ ਨਹੀਂ ਦਿਸੇ। ਫਿਰ ਕੀ ਤਿੰਨ ਮਹੀਨੇ ਪਹਿਲਾਂ ਲੋਕਾਂ ਵੱਲੋਂ ਕੀਤੇ ਬਦਲਾਅ ‘ਚ ਲੋਕਾਂ ਨੂੰ ਕੋਈ ਊਣਤਾਈ ਨਜ਼ਰ ਆਈ ਜਿਸ ਤੋਂ ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਸੁਚੇਤ ਕਰਨ ਦਾ ਬੜੀ ਤੇਜ਼ੀ ਨਾਲ ਹੀ ਸੁਚੇਤ ਫੈਸਲਾ ਕਰ ਲਿਆ?
ਇਹ ਹਨ ਉਹ ਸਵਾਲ ਜਿਨ੍ਹਾਂ ਦੇ ਜਵਾਬ ਲੱਭਣ ਨਾਲ ਸੰਗਰੂਰ ਦੇ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਦਿੱਤੇ ਝਟਕੇ ਦੇ ਨਾਲ ਨਾਲ ਰਵਾਇਤੀ ਪਾਰਟੀਆਂ ਪ੍ਰਤੀ ਅਜੇ ਵੀ ਬਰਕਰਾਰ ਆਪਣੀ ਨਫਰਤ ਸਪਸ਼ਟ ਰੂਪ ‘ਚ ਦਿਖਾਉਣ ਦੇ ਕਾਰਨ ਸਮੋਈਂ ਬੈਠੇ ਹਨ।
ਆਮ ਆਦਮੀ ਪਾਰਟੀ ਦੀ ਰਾਜਧਾਨੀ ਕਹੇ ਜਾਂਦੇ ਸੰਗਰੂਰ ਨੂੰ ਪਹਿਲੀ ਸੱਟ ਉਦੋਂ ਲੱਗੀ ਜਦੋਂ ਆਮ ਆਦਮੀ ਪਾਰਟੀ ਨੇ ਪੰਜਾਬੀਆਂ ਦੀਆਂ ਸੰਵੇਦਨਾਵਾਂ, ਭਾਵਨਾਵਾਂ ਨੂੰ ਚੂਰ ਚੂਰ ਕਰਦਿਆਂ ਰਾਜਸਭਾ ਦੇ ਉਹ ਮੈਂਬਰ ਚੁਣੇ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਵੀ ਵਾਸਤਾ ਹੀ ਨਹੀਂ ਸੀ ਸਗੋਂ ਇੱਕ ਕਦਮ ਅੱਗੇ ਜਾਂਦਿਆਂ ਆਪਣੇ ਵੱਲੋਂ ਪ੍ਰਚਾਰੇ ਜਾਂਦੇ ”ਸਿੱਖਿਆ ਤੇ ਸਿਹਤ” ਦੇ ਏਜੰਡਿਆਂ ਦੇ ਉਲਟ ਉਹ ਬੰਦੇ ਚੁਣੇ ਗਏ ਜੋ ਇਨ੍ਹਾਂ ਖੇਤਰਾਂ ‘ਚ ਲੋਕਾਂ ਦੀ ਹੋ ਰਹੀ ਲੁੱਟ ਦੇ ਜਿਉਂਦੇ ਜਾਗਦੇ ਪਾਤਰ ਸਮਝੇ ਜਾਂਦੇ ਹਨ। ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਅਜਿਹਾ ਕਰਨ ਦੀ ਅਜੇ ਤੱਕ ਵੀ ਲੋਕਾਂ ਨੂੰ ਕੋਈ ਵਜਾਹ ਨਹੀਂ ਦੱਸੀ ਗਈ ਜਿਸ ਨੂੰ ਲੈ ਕੇ ਲੋਕ ਅੰਦਰੋਂ ਅੰਦਰੀ ਰਿੱਝ ਰਹੇ ਸਨ। ਪੰਜਾਬੀਆਂ ਦੇ ਦਿਲ ਤੇ ਲੱਗੀ ਇਹ ਪਹਿਲੀ ਗੰਭੀਰ ਸੱਟ ਸੀ ਜਿਸ ਦੀ ਚੀਸ ਉਨ੍ਹਾਂ ਅੰਦਰ ਹਮੇਲਾਂ ਟੱਸ ਟੱਸ ਕਰਦੀ ਰਹਿੰਦੀ ਸੀਤੇ ਅੰਤ ਉਨਾਂ ਨੂੰ ਇਸਦਾ ਅਪਰੇਸ਼ਨ ਕਰਾਉਣ ਤੱਕ ਲੈ ਗਈ।
ਪੰਜਾਬ ਵਿੱਚ ਪਿਛਲੇ ਤਿੰਨ ਮਹੀਨੇ ਤੋਂ ਅਮਨ ਕਾਨੂੰਨ ਦੀਆਂ ਵਾਪਰ ਰਹੀਆਂ ਘਟਨਾਵਾਂ ਨੂੰ ਸਰਸਰੀ ਘਟਨਾਵਾਂ ਕਹਿ ਕੇ ਵਿਰੋਧ ਕਰ ਰਹੀ ਆਮ ਆਦਮੀ ਪਾਰਟੀ ਇਸ ਦੀ ਕੋਈ ਢੁਕਵੀਂ ਵਜਾਹ ਨਹੀਂ ਬਿਆਨ ਸਕੀ ਅਤੇ ਸਿੱਧੂ ਮੂਸੇਵਾਲਾ ਦੀ ਮੌਤ ਤੋਂ 5 ਦਿਨ ਬਾਅਦ ਤੱਕ ਮੁੱਖ ਮੰਤਰੀ ਦੀ ਅਜੀਬ ਚੁੱਪ ਪੰਜਾਬੀਆਂ ਦੇ ਮਨ ‘ਚ ਬੈਠੀ ”ਦਿੱਲੀ ਮੁਤਬਾਦਲ ਤਾਕਤ ਕੇਂਦਰ” (Paralled Power Centre) ਦੀ ਧਾਰਨਾ ‘ਤੇ ਮੋਹਰ ਲਾ ਗਈ ਕਿ ਫੈਸਲੇ ਭਗਵੰਤ ਮਾਨ ਨਹੀਂ ਕੋਈ ਹੋਰ ਕਰਦਾ ਹੈ। ਇਹੀ ਕਾਰਨ ਸੀ ਕਿ ਪੰਜਾਬ ਸਰਕਾਰ ਤੇ ਭਗਵੰਤ ਮਾਨ ਨੇ ਭਾਖੜਾ ਬੋਰਡ, ਚੰਡੀਗੜ੍ਹ ਬਾਰੇ, ਪੰਜਾਬ ਯੂਨੀਵਰਸਿਟੀ ਤੇ ਪੰਜਾਬ ਦੇ ਪਾਣੀਆਂ ਬਾਰੇ ਲੰਬੀ ਚੁੱਪ ਤੋਂ ਬਾਅਦ ਅਣਸਰਦੇ ਨੂੰ ਹੀ ਮੁੰਹ ਖੋਲ੍ਹਿਆ ਗਿਆ ਜਿਸ ‘ਚੋਂ ਪੰਜਾਬ ਦਾ ਦਰਦ/ਚੀਸ ਤੇ ਪ੍ਰਭਾਵੀ ਪ੍ਰਤੀਨਿਧਤਾ ਗਾਇਬ ਲੱਗਦੀ ਸੀ।
ਪੰਜਾਬੀਆਂ ਨੂੰ ਇਹ ਗੱਲਾਂ ਵੀ ਹਜ਼ਮ ਨਹੀਂ ਹੋਈਆਂ ਕਿ ਦਿੱਲੀ ਦੀ ਸਿੱਖਿਆ ਤੇ ਸਿਹਤ ਨੀਤੀ ਪੰਜਾਬ ‘ਚ ਕਿਵੇਂ ਲਾਗੂ ਹੋਵੇਗੀ। ਪੰਜਾਬ ਦੇ 117 ਹਲਕਿਆਂ ‘ਚ ਸਕੂਲ ਤੇ ਸਿਹਤ ਸੰਸਥਾਵਾਂ ਦੀ ਤਬਦੀਲੀ, ਮੁਹੱਲਾ ਕਲੀਨਿਕਾਂ ਨਾਲ ਕਿਵੇਂ ਹੋਵੇਗੀ? ਰਿਸ਼ਵਤਖੋਰਾਂ ਨੂੰ ਫੜਨ ਦੀ ਤਾਂ ਪੰਜਾਬੀਆਂ ਨੇ ਪ੍ਰਸੰਸਾ ਕੀਤੀ ਪਰ ਕੀਤੇ ਵਾਅਦਿਆਂ /ਕੇਜਰੀਵਾਲ ਦੀਆਂ ਗਰੰਟੀਆਂ ਨੂੰ ਲਾਗੂ ਕਰਨ ਦਾ ਮਨੋਂ ਮਨੀਂ ਬੁਰਾ ਵੀ ਮਨਾਇਆ ਜਾ ਰਿਹਾ ਸੀ। ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ 24 ਘੰਟੇ ‘ਚ ਫੜ੍ਨ, ਨਸ਼ਾ ਖਤਮ ਕਰਨ, ਸਰਕਾਰ ਆਉਣ ਤੋਂ ਬਾਅਦ ਕੋਈ ਕਿਸਾਨ ਖੁਦਕਸ਼ੀ ਨਹੀਂ ਹੋਵੇਗੀ, ਹਰ ਔਰਤ ਵੱਲੋਂ 1000 ਰੁਪਏ ਦਾ ਭਰਾਇਆ ਫਾਰਮ, 300 ਯੂਨਿਟ ਬਿਜਲੀ ਮੁਫਤ, ਪੈਨਸ਼ਨ ਦਾ ਪੁਰਾਣਾ ਸਿਸਟਮ ਚਾਲੂ ਕਰਨਾ, ਕੱਚੇ/ਠੇਕੇ ‘ਤੇ ਮੁਲਾਜ਼ਮਾਂ ਨੂੰ ਪੱਕੇ ਕਰਨਾ, 24 ਘੰਟੇ ਬਿਜਲੀ, ਸਾਫ ਸੁਥਰਾ ਪਾਣੀ….. ਆਦਿ ਮਸਲਿਆਂ ਵੱਲ ਗੰਭੀਰ ਕਦਮ ਨਾ ਚੁੱਕਣਾ ਵੀ ਦੂਜੇ ਮਸਲਿਆਂ ਨਾਲ ਰਲ ਕੇ ਚੁਭਣ ਲੱਗ ਗਿਆ ਸੀ।
ਹਾਲਾਂਕਿ ਭ੍ਰਿਸ਼ਟਾਚਾਰ ‘ਤੇ ਕਾਫ਼ੀ ਹੱਦ ਤੱਕ ਲੱਗਿਆ ਲਗਾਮ, ਵਿਧਾਇਕਾਂ ਦੀ ਇੱਕ ਪੈਨਸ਼ਨ ਕਰਨ ‘ਤੇ ਲੋਕਾਂ ਨੇ ਸਰਾਹਿਆ ਵੀ ਹੈ। ਲੋਕਾਂ ਵਿੱਚ ਇਹ ਵੀ ਨਰਾਜ਼ਗੀ ਦੇਖੀ ਗਈ ਕਿ ਆਪ ਦੇ ਚੁਣੇ ਬਹੁਤੇ ਵਿਧਾਇਕਾਂ ਨੇ ਜਿੱਤ ਤੋਂ ਬਾਅਦ ਫੋਨ ਨੰਬਰ ਬਦਲ ਲਏ ਤੇ ਲੋਕਾਂ ਨਾਲੋਂ ਸੰਪਰਕ ਤੋੜ ਲਏ।
ਪੰਜਾਬ ‘ਚ ਹਰ ਮਸਲੇ ‘ਤੇ ਦਿੱਲੀ ਦੀ ਸਰਦਾਰੀ ਵੀ ਪੰਜਾਬੀਆਂ ਨੂੰ ਪਸੰਦ ਨਹੀਂ ਆਈ। ਵਿਧਾਇਕਾਂ ਦੀ ਹਾਲਤ ਵੀ ਇਹ ਹੈ ਕਿ ਉਨਾਂ ਦੇ ਕਹੇ ਤੋਂ ਛੋਟੀ ਤੋਂ ਛੋਟੀ ਬਦਲੀ, ਵਰਕਰਾਂ ਦਾ ਕੰਮ ਵੀ ਨਹੀਂ ਹੁੰਦਾ ਤੇ ਪਹਿਲੇ ਭ੍ਰਿਸ਼ਟ ਅਫਸਰਾਂ ਦੀ ਚੜ੍ਹਤ ਕਾਰਨ ਵਿਧਾਇਕਾਂ ਤੇ ਵਲੰਟੀਅਰਾਂ ਦੇ ਹੌਸਲੇ ਪਸਤ ਹੋ ਗਏ। ਰਹਿੰਦੀ ਕਸਰ ਸੰਗਰੂਰ ਚੋਣ ਵਿੱਚ ਕੇਜਰੀਵਾਲ ਦੀ ਸੰਗਰੂਰ ਫੇਰੀ ਨੇ ਪੂਰੀ ਕਰ ਦਿੱਤੀ ਜਿਸ ਵਿੱਚ ਪਹਿਲਾਂ ਕੇਜਰੀਵਾਲ ਨੁੰ ਕਾਰ ‘ਚ ਉੱਚਾ ਤੇ ਭਗਵੰਤ ਮਾਨ ਨੂੰ ਨੀਵਾਂ ਖੜ੍ਹਾ ਕੀਤਾ ਗਿਆ ਤੇ ਫਿਰ ਭਗਵੰਤ ਮਾਨ ਕੇਜਰੀਵਾਲ ਦੀ ਗੱਡੀ ‘ਚ ਟਾਕੀ ‘ਚ ਲਟਕਦਾ ਦੇਖ ਕੇ ਹਰ ਪੰਜਾਬੀ ਨੂੰ ਰੋਹ ਤੇ ਗਿਲਾਨੀ ਦਾ ਅਹਿਸਾਸ ਹੋਣ ਲੱਗਾ।
ਰਿਵਾਇਤੀ ਪਾਰਟੀਆਂ ਤੋਂ ਤੰਗ ਆਏ ਸੰਗਰੂਰ ਦੇ ਵੋਟਰਾਂ ਨੇ ਫਿਰ ਵੀ ਆਮ ਆਦਮੀ ਪਾਰਟੀ ਦੇ ਥੋੜੇ ਸਮੇਂ ਤੇ ਵਧੀਆ ਕੰਮ ਦੀ ਕਦਰ ਕਰਦਿਆਂ ਇਸ ਨਾਲ ਰਿਵਾਇਤੀ ਪਾਰਟੀਆਂ ਵਾਲੀ ਨਫਰਤ ਨਹੀਂ, ਬੱਸ ਰੋਸਾ ਹੀ ਦਿਖਾਇਆ ਹੈ। ਸਾਰੀਆਂ ਰਿਵਾਇਤੀ ਪਾਰਟੀਆਂ ਦੀ ਜ਼ਮਾਨਤ ਜ਼ਬਤ ਕਰਵਾ ਕੇ ਤੇ ਆਮ ਆਦਮੀ ਪਾਰਟੀ ਦੀਆਂ ਗਲਤੀਆਂ ‘ਤੇ ਉਂਗਲ ਧਰਕੇ ਵੋਟਰਾਂ ਨੇ ਇਹ ਅਹਿਸਾਸ ਕਰਵਾ ਦਿੱਤਾ ਹੈ ਕਿ ”ਜੇ ਨਹੀਂ ਸੁਧਰੋਗੇ ਤਾਂ ਨਕਾਰੇ ਜਾਵੋਗੇ”।
ਸੰਗਰੂਰ ਚੋਣ ਨੇ ਜਿੱਥੇ ਆਮ ਆਦਮੀ ਪਾਰਟੀ ਦੀ ਫਰਵਰੀ 2022 ਦੀ ਜਿੱਤ ਦਾ ਗਰੂਰ ਤੋੜ ਕੇ ਇਸਦੀ ਹੈਟ੍ਰਿਕ ਰੋਕ ਦਿੱਤੀ ਹੈ ਉੱਥੇ ਸਿਮਰਨਜੀਤ ਸਿੰਘ ਮਾਨ ਨੂੰ ਜਿਤਾ ਕੇ ਇਹ ਸੁਨੇਹਾਂ ਵੀ ਦਿੱਤਾ ਹੈ ਕਿ ਹੁਣ ਲੋਕ ਪਹਿਲਾਂ ਵਾਂਗ ਚੁੱਪ ਕਰਕੇ ਬੈਠਣ ਵਾਲੇ ਨਹੀਂ ਅਤੇ ਮੁੜ ਸਤਾਹ ‘ਚ ਆਉਣ ਦੀ ਆਸ ਲਗਾਈ ਬੈਠੀਆਂ ਭ੍ਰਿਸ਼ਟ ਪਾਰਟੀਆਂ ਮੁੜ ਜਿੱਤ ਦੀ ਆਸ ਵੀ ਛੱਡ ਦੇਣ।
ਇੱਕ ਗੱਲ ਹੋਰ !! ਸਿਆਸੀ ਪਾਰਟੀਆਂ ਤੇ ਭਾਰਤੀ ਸਟੇਟ ਲੋਕਾਂ ਦੇ ਮਨ ਦੀ ਸਕਰੀਨ ‘ਤੇ ਲਿਖਿਆ ਪੜਨ ਵਿੱਚ ਕੋਈ ਉਕਾਈ ਨਾ ਕਰਨ। ਸੰਗਰੂਰ ਜ਼ਿਮਨੀ ਚੋਣ ਵਿੱਚ ਅੱਧੇ ਤੋਂ ਵੱਧ ਲੋਕਾਂ ਦਾ ਚੋਣ ਪ੍ਰਣਾਲੀ ਤੋਂ ਉਪਰਾਮ ਹੋਣਾ ਵੀ ਕੋਈ ਗਹਿਰਾ ਸੰਕੇਤ ਹੈ। ਸੰਗਰੂਰ ਹਰ ਇਨਕਲਾਬੀ ਸਰਗਰਮੀ ਦਾ ਸਭ ਤੋਂ ਵੱਡਾ ਬੈਰੋਮੀਟਰ ਰਿਹਾ ਹੈ ਤੇ ਰਹਿ ਰਿਹਾ ਹੈ। ਇਹ ਬੋਲੇ ਹਾਕਮਾਂ ਲਈ ਸਮੇਂ ਦੇ ਗਰਭ ਵਿੱਚੋਂ ਆਹਟ ਸੁਨਣ ਦਾ ਵੇਲਾ ਹੈ। ਇਸੇ ਵਿੱਚੋਂ ਹੀ ਸਾਨੂੰ “ਬਦਲਾਅ ਜਾਂ ਉਲਟਫੇਰ” ਦਾ ਜਵਾਬ ਮਿਲ ਜਾਵੇਗਾ।