ਸਤਾਹ ਦੇ ਵੱਧ ਕੇਂਦਰ ਹੋਣ ਕਾਰਨ ਸਰਕਾਰ ‘ਤੇ ਢਿੱਲਾ ਕੰਟਰੋਲ
5 ਦਿਨਾਂ ਦੀ ਬੇਹੋਸ਼ੀ ਤੋਂ ਬਾਅਦ ਜਾਗੀ ਮਾਨ ਸਰਕਾਰ
ਸੁਖਦੇਵ ਸਿੰਘ ਪਟਵਾਰੀ
5 ਦਿਨਾਂ ਦੀ ਚੁੱਪ ਤੋਂ ਬਾਅਦ ਪੰਜਾਬ ਸਰਕਾਰ ਹੋਸ਼ ‘ਚ ਆਉਣ ਲੱਗੀ ਹੈ।ਜਿਉਂ ਜਿਉਂ ਸਿੱਧੂ ਮੂਸੇਵਾਲੇ ਦੀ ਖਬਰ ਨਸ਼ਰ ਹੁੰਦੀ ਗਈ, ਸਰਕਾਰ ਖਿਲਾਫ ਲੋਕ ਰੋਹ ਵਧਦਾ ਗਿਆ ਅਤੇ ਸਰਕਾਰ ਕਾਫੀ ਹੱਦ ਤੱਕ ਅਲੱਗ ਥਲੱਗ ਪੈਂਦੀ ਗਈ। ਇਸ ਦੇ ਜ਼ਾਹਰਾ ਕਾਰਨ ਸਨ ਜਿਵੇਂ VVIP ਸਕਿਉਰਿਟੀ ਵਾਪਿਸ ਕਿਉਂ ਲਈ? ਜੇ ਵਾਪਿਸ ਲਈ ਤਾਂ ਗੁਪਤ ਦਸਤਾਵੇਜ਼ ਆਮ ਲੋਕਾਂ ਲਈ ਨਸ਼ਰ ਕਿਉਂ ਕੀਤਾ ? ਆਮ ਆਦਮੀ ਦੀ ਸੁਰੱਖਿਆ ਵਾਪਿਸ ਪਰ ਕੇਜਰੀਵਾਲ, ਰਾਘਵ ਚੱਢਾ, ਮੁੱਖ ਮੰਤਰੀ ਦੀ ਮਾਂ ਤੇ ਭੈਣ ਦੀ ਸੁਰੱਖਿਆ ਏਨੀ ਕਿਉਂ ? ਇਨ੍ਹਾਂ ਸਵਾਲਾਂ ਦੀ ਬੁਛਾੜ ਏਨੀ ਤਿੱਖੀ ਹੋਈ ਕਿ ਸਰਕਾਰ ਇੱਕ ਕਿਸਮ ਨਾਲ ਬੌਂਦਲ ਕੇ ਰਹਿ ਗਈ। ਕਾਂਗਰਸ, ਅਕਾਲੀ ਦਲ, ਭਾਜਪਾ ਤੇ ਹੋਰ ਸਿਆਸੀ ਪਾਰਟੀਆਂ ਨੇ ਇੱਕਜੁੱਟ ਆਵਾਜ਼ ‘ਚ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਕੁਝ ਨੇ ਤਾਂ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਦੀ ਮੰਗ ਵੀ ਕਰ ਦਿੱਤੀ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਤਿੰਨ ਮਹੀਨਿਆਂ ‘ਚ ਭਾਵੇਂ ਪਹਿਲਾਂ ਵੀ ਪੰਜਾਬ ‘ਚ ਘਟਨਾਵਾਂ ਵਾਪਰੀਆਂ ਹਨ ਪਰ ਮੂਸੇਵਾਲਾ ਦੀ ਮੌਤ ਨੇ ਵਿਰੋਧੀਆਂ ਨੂੰ ਸਰਕਾਰ ਖਿਲਾਫ ਕਾਨੂੰਨੀ ਤੇ ਜ਼ਜ਼ਬਾਤੀ ਦੋਵੇਂ ਮੌਕੇ ਪ੍ਰਦਾਨ ਕਰ ਦਿੱਤੇ। ਸਰਕਾਰ ਦੀ ਖਾਮੋਸ਼ੀ ਹੋਰ ਵੀ ਭਿਆਨਕ ਬਣ ਗਈ। ਵਿਰੋਧੀਆਂ ਨੈ ਮੂਸੇਵਾਲਾ ਦੀ ਮੌਤ ਦੇ ਨਾਲ ਨਾਲ ਪੰਜਾਬ ‘ਚ ਸਤਾਹ ਦਾ ਕੇਂਦਰ ਕੌਣ ? ਦਾ ਸਵਾਲ ਵੀ ਜ਼ੋਰਦਾਰ ਢੰਗ ਨਾਲ ਉਠਾਇਆ ਹੈ। ਸਿੱਧਾ ਸਿੱਧਾ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਪੰਜਾਬ ‘ਚ ਮੁੱਖ ਮੰਤਰੀ ਭਗਵੰਤ ਮਾਨ ਹੈ ਜਾਂ ਰਾਘਵ ਚੱਢਾ ਰਾਹੀਂ ਅਰਵਿੰਦ ਕੇਜਰੀਵਾਲ ? ਪੰਜਾਬ ਦੇ ਅਫਸਰ ਕਿਸ ਤੋਂ ਹੁਕਮ ਲੈਂਦੇ ਹਨ ? ਸਕੱਤਰੇਤ ਦੇ ਗਲਿਆਰਿਆਂ ਤੇ ਪੰਜਾਬ ਦੇ ਆਮ ਲੋਕਾਂ ਵਿੱਚ ਇਹ ਗੱਲ ਆਮ ਚੱਲ ਰਹੀ ਹੈ ਕਿ ਸਰਕਾਰ ‘ਤੇ ਕੰਟਰੋਲ ਕੇਜਰੀਵਾਲ ਦਾ ਹੈ, ਭਗਵੰਤ ਮਾਨ ਦਾ ਨਹੀਂ। ਕਿਹਾ ਜਾ ਰਿਹਾ ਹੈ ਕਿ ਹਰ ਮੰਤਰੀ ਤੇ ਵਿਧਾਇਕ ਨਾਲ ਕੇਜਰੀਵਾਲ (ਰਾਘਵ ਚੱਢਾ) ਨੇ ਨੋਡਲ ਅਫਸਰ (ਆਈ ਏ ਐਸ ਜਾਂ ਪੀ ਸੀ ਐਸ) ਲਾਇਆ ਹੈ ਜੋ ਇਨ੍ਹਾਂ ਦੀ ਕਾਰਗੁਜ਼ਾਰੀ ਦੀ ਸਿੱਧੀ ਰਿਪੋਰਟ ਰਾਘਵ ਚੱਢਾ ਨੂੰ ਦਿੰਦੇ ਹਨ। ਸਤਾਹ ਦਾ ਮੁੱਖ ਕੇਂਦਰ ਕੋਠੀ ਨੰਬਰ 45 ਦੀ ਥਾਂ ਕੇਠੀ ਨੰਬਰ 50 ਕਿਹਾ ਜਾ ਰਿਹਾ ਹੈ। ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ ਉੱਪਰ ਵੀ ਦਿੱਲੀ ਦੀ ਟੀਮ ਦੀ ਅਗਵਾਈ ਹੈ ਜੋ ਸਭ ਕੁਝ ਦਿੱਲੀ ਦੀਆਂ ਗਾਈਡ ਲਾਈਨਜ਼ ਰਾਹੀਂ ਹੀ ਪ੍ਰੈਸ ਨੋਟ ਜਾਰੀ ਕਰਦੇ ਹਨ। ਮੁੱਖ ਮੰਤਰੀ ਪੱਤਰਕਾਰਾਂ ਨੂੰ ਮਿਲਣ ਦੀ ਥਾਂ ਆਪਣੇ ਸਟੂਡੀਓ ‘ਚ ਬਣਾਈ ਵੀਡੀਓ ਜਾਰੀ ਕਰਦੇ ਹਨ। ਪੰਜਾਬ ਦੇ ਅਧਿਕਾਰੀ ਕਿਸ ਤੋਂ ਹੁਕਮ ਲੈਣ ਅਤੇ ਕਿਸ ਨੂੰ ਜਵਾਬਦੇਹ ਹਨ? ਇਹ ਦੁਬਿੱਧਾ ਪਸਰੀ ਪਈ ਹੈ। ਪੁਲਿਸ ਤੇ ਪ੍ਰਸ਼ਾਸ਼ਨਿਕ ਅਧਿਕਾਰੀ ਹਰ ਕੰਮ/ ਕਮਾਂਡ ਲਈ ਉੱਪਰ ਦੇਖਦੇ ਹਨ। ਅਜਿਹੀ ਸਥਿਤੀ ‘ਚ ਚੱਲਣਾ ਔਖਾ ਹੋਇਆ ਪਿਆ ਹੈ। ਪਲ ਪਲ ਦੀ ਸਥਿਤੀ ‘ਤੇ ਨਜ਼ਰ ਰੱਖਣ ਦੀ ਲੋੜ ਦੀ ਥਾਂ ਬਾਹਰੀ ਨਜ਼ਰ ਰਾਹੀਂ ਕੰਮ ਕਰਨਾ ਔਖਾ ਹੀ ਨਹੀਂ, ਮੁਸ਼ਕਿਲ ਵੀ ਹੈ। ਸਤਾਹ ਦੇ ਇੱਕ ਤੋਂ ਵੱਧ ਕੇਂਦਰ ਅਗਵਾਈ ‘ਚ ਦੁਚਿੱਤੀ ਪੈਦਾ ਕਰਦੇ ਹਨ। ਪੰਜਾਬ ਦੀ ਹਰ ਘਟਨਾ ‘ਚ ਇਹੀ ਦੁਚਿੱਤੀ ਨਜ਼ਰ ਆ ਰਹੀ ਹੈ। ਪਟਿਆਲਾ ਦੀ ਘਟਨਾਂ ਇਸ ਦੀ ਉੱਘੜਵੀਂ ਮਿਸਾਲ ਹੈ। ਮੋਹਾਲੀ ‘ਚ ਪਲਿਸ ਹੈੱਡਕੁਆਟਰ ‘ਤੇ ਗਰਨੇਡ ਹਮਲਾ, ਪੰਜਾਬ ‘ਚ ਹੋ ਰਹੇ ਕਤਲਾਂ, ਨਸ਼ਾ ਤਸਕਰਾਂ, ਗੈਂਗਸਟਰਾਂ ਤੇ ਕਾਬੂ ਨਾ ਪੈਣ ਦਾ ਕਾਰਨ ਵੀ ਪੁਲਿਸ, ਸਿਆਸਤਦਾਨਾਂ ਤੇ ਭ੍ਰਿਸ਼ਟ ਲੋਕਾਂ ਦੇ ਗ਼ਠਜੋੜ ਦਾ ਅਜੇ ਤੱਕ ਨਾ ਟੁੱਟਣਾ ਹੈ ਅਤੇ ਨਾ ਟੁੱਟਣ ‘ਚ ਸਤਾਹ ਦੇ ਵੱਖ ਵੱਖ ਕੇਂਦਰ ਸਭ ਤੋਂ ਵੱਡਾ ਅੜਿੱਕਾ ਹਨ। ਜੇਕਰ ਅਜਿਹਾ ਹੀ ਚੱਲਦਾ ਰਿਹਾ ਤੇ ਆਪ ਦੇ ਹਾਲਤ ਨਾ ਬਦਲੇ ਤਾਂ ਸਰਕਾਰ ਵਾਰ ਵਾਰ ਕਸੂਤੀ ਸਥਿਤੀ ‘ਚ ਫਸਦੀ ਰਹੇਗੀ। ਕੀ ਪੰਜਾਬ ਦੇ ਵਿਧਾਇਕ ਪੰਜਾਬ ਦੀ ਬਿਹਤਰੀ ਲਈ ਸਤਾਹ ਦਾ ਕੇਂਦਰ ਪੰਜਾਬ ‘ਚ ਰੱਖਣ ਲਈ ਸ਼ੁਹਿਰਦ ਹੋਣਗੇ ? ਆਪ ਸਰਕਾਰ ‘ਤੇ ਪੰਜਾਬ ਦਾ ਭਵਿੱਖ ਕਾਫੀ ਹੱਦ ਤੱਕ ਇਸ ਗੱਲ ‘ਤੇ ਨਿਰਭਰ ਕਰਦਾ ਹੈ।
ਇਸ ਤੋਂ ਬਿਨਾਂ ਪੰਜਾਬ ਦੀ ਅਫਸ਼ਰਸ਼ਾਹੀ ਵੀ ਅਜੇ ਸਹੀ ਢੰਗ ਨਾਲ ਸਰਕਾਰ ਦੀ ਨੀਤੀ ਤੋਂ ਵਾਕਿਫ ਨਹੀਂ ਹੈ। ਸਰਕਾਰ ਦੀ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੀ ਨੀਤੀ ਨੇ ਅਫਸ਼ਰਸ਼ਾਹੀ ਦੇ ਵੱਡੇ ਹਿੱਸੇ ‘ਚ ਬਦਜ਼ਨੀ ਪੈਦਾ ਕੀਤੀ ਹੋਈ ਹੈ। ਹਰ ਵਿਅਕਤੀ ਇੱਕ ਦੂਜੇ ਨੂੰ ਸ਼ੱਕ ਨਾਲ ਦੇਖ ਰਿਹਾ ਹੈ। ਇਉਂ ਲੱਗਦਾ ਹੈ ਕਿ ਪੁਲਿਸ ਅਫਸਰਸ਼ਾਹੀ ਦਾ ਵੱਡਾ ਹਿੱਸਾ ਅਜੇ ਵੀ ਸਰਕਾਰ ਨਾਲ ਕਦਮਤਾਲ ਨਹੀਂ ਹੈ। ਉੱਚ ਪੁਲਿਸ ਅਧਿਕਾਰੀਆਂ ਦੇ ਵਾਰ ਵਾਰ ਤਬਾਦਲੇ ਵੀ ਇਸੇ ਨਜ਼ਰ ਨਾਲ ਦੇਖੇ ਜਾ ਸਕਦੇ ਹਨ। ਸਰਕਾਰ ਵੱਲੋਂ ਫੈਸਲੇ ਲੈਣਾ ਤੇ ਵਿਰੋਧੀਆਂ ਦੇ ਦਬਾਅ ਤੋਂ ਬਾਅਦ ਵਾਪਿਸ ਲੈਣਾ ( ਸਕੂਲਾਂ ‘ਚ ਛੁੱਟੀਆਂ, ਝੋਨੇ ਦੀਆਂ ਤਾਰੀਕਾਂ ਤੇ ਸੁਰੱਖਿਆ ਵਾਪਿਸ ਕਰਨ ਦੇ ਬਿਆਨ) ਵੀ ਦੁਬਿੱਧਾ ਦੇ ਕਾਰਨ ਹੀ ਹੈ।
ਉੱਧਰ ਰਵਾਇਤੀ ਪਾਰਟੀਆਂ ਤੋਂ ਅੱਕੇ ਲੋਕਾਂ ਵੱਲੋਂ ਦਿੱਤੇ ਵੱਡੇ ਫ਼ਤਵੇ ਨੇ ਲੋਕਾਂ ਵਿੱਚ ਵੱਡੀਆਂ ਉਮੀਦਾਂ ਜਗਾਈਆਂ ਸਨ।ਹਨ। ਲੋਕ ਦੁਖੀ ਮਨ ਨਾਲ ਸਰਕਾਰ ਵੱਲ ਦੇਖ ਰਹੇ ਹਨ। ਲ਼ੋਕਾਂ ਨੂੰ ਭਗਵੰਤ ਮਾਨ ‘ਤੇ ਅਜੇ ਵੱਡੀਆਂ ਆਸਾਂ ਹਨ ਪਰ ਵਿਰੋਧੀਆਂ ਦੇ ਹੱਲੇ ਸਾਹਮਣੇ ਮੂਸੇਵਾਲਾ ਕਤਲਕਾਂਡ ‘ਚ ਸਰਕਾਰ ਡਾਂਵਾਂਡੋਲ ਨਜ਼ਰ ਆਈ।ਹਾਲਾਤ ਕੀ ਕਰਵਟ ਲੈਂਦੇ ਹਨ ਅਜੇ ਕੁੱਝ ਸਮਾਂ ਉਡੀਕ ਕਰਨੀ ਪਵੇਗੀ।