ਕਰੋਨਾ ਬਿਮਾਰੀ ਦਾ ਲਾਹਾ ਲੈਂਦਿਆਂ ਭਾਰਤੀ ਹਾਕਮਾਂ ਨੇ ਕਰੋਨਾ ਦੇ ਸਿਖਰ ’ਤੇ ਕਾਰਪੋਰੇਟਾਂ ਲਈ ਸਭ ਤੋਂ ਵੱਡਾ ਕੰਮ ਜਿਸ ਫੁਰਤੀ ਨਾਲ ਕਰਨਾ ਚਾਹਿਆ ਸੀ, ਉਹ ਹੁਣ ਉਨ੍ਹਾਂ ਦੇ ਗਲੇ ਦੀ ਹੱਡੀ ਬਣ ਗਿਆ ਹੈ। ਸਤੰਬਰ 2020 ’ਚ ਤਿੰਨ ਖੇਤੀ ਆਰਡੀਨੈਂਸ (ਜਿਨ੍ਹਾਂ ਨੂੰ ਆਰਡੀਨੈਂਸ ਵਜੋਂ ਲਿਆਉਣ ਦੀ ਲੋੜ ਨਹੀਂ ਸੀ) ਸੰਸਦ ’ਚੋਂ ਧੱਕੇ ਨਾਲ ਪਾਸ ਕਰਵਾ ਕੇ ਕਾਨੂੰਨ ਬਣਾ ਦਿੱਤੇ। ਪੰਜਾਬ ਦੇ ਕਿਸਾਨਾਂ ਨੇ ਆਪਣੀ ਜ਼ਮੀਨ, ਵਿਰਾਸਤ, ਫਸਲ ਤੇ ਨਸਲ ਦੀ ਬਰਬਾਦੀ ਨੂੰ ਪਛਾਣਦਿਆਂ ਪਹਿਲਾਂ ਦੋ ਮਹੀਨੇ ਪੰਜਾਬ ਦੀਆਂ ਸੜਕਾਂ ਤੇ ਰੇਲਵੇ ਲਾਈਨਾਂ ’ਤੇ ਧਰਨੇ ਅਤੇ ਜਾਮ ਲਾਏ ਅਤੇ ਫਿਰ ਬੋਲੇ ਹਾਕਮਾਂ ਦੇ ਕੰਨੀਂ ਆਵਾਜ਼ ਪਹੁੰਚਾਉਣ ਲਈ 25 ਨਵੰਬਰ ਨੂੰ ਦਿੱਲੀ ਦਾ ਰੁਖ ਕੀਤਾ। ਵੱਡੀਆਂ ਰੋਕਾਂ ਤੇ ਜ਼ਬਰ ਦੇ ਬਾਵਜੂਦ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਜਾ ਪਹੁੰਚੇ ਜਿਸਨੂੰ ਲਗਭਗ ਸਾਢੇ ਚਾਰ ਮਹੀਨੇ ਹੋ ਗਏ ਹਨ। ਭਾਰਤ ਦੇ ਇਤਿਹਾਸ ’ਚ ਇਹ ਲੋਕਾਂ ਦੀ ਵੱਡੀ ਸ਼ਮੂਲੀਅਤ ਵਾਲਾ, ਸ਼ਾਂਮਈ, ਕੌਮੀ ਤੇ ਕੌਮਾਂਤਰੀ ਹਮਾਇਤ ਪ੍ਰਾਪਤ ਕਰਨ ਵਾਲਾ ਸਭ ਤੋਂ ਲੰਬਾ ਮੋਰਚਾ ਹੈ ਜੋ ਬਾ-ਦਸਤੂਰ ਜਾਰੀ ਹੈ।(MOREPIC1)
ਪਰ ਹੁਣ ਲੋਕਾਂ ’ਚ ਚਿੰਤਾ ਵਧਣ ਲੱਗੀ ਹੈ। ਲੋਕ ਪੁਛਦੇ ਹਨ : ਹਾਕਮਾਂ ਦੀ ਲੰਬੀ ਚੁੱਪ ਦੇ ਕੀ ਅਰਥ ਹਨ? ਵਸ ਕੀ ਕਿਸਾਨ ਘੋਲ ਦੀ ਕੋਈ ਪ੍ਰਾਪਤੀ ਹੋਵੇਗੀ?
ਇਤਿਹਾਸ ਤੋਂ ਜਾਣੂ ਲੋਕ ਜਾਣਦੇ ਹਨ ਕਿ ਇਤਿਹਾਸ ਬਨਣ ਤੇ ਰਚਣ ਵਾਲੀਆਂ ਲਹਿਰਾਂ, ਘੋਲ ਤੇ ਇਨਕਲਾਬ ਹਮੇਸ਼ਾ ਵਿੱਖੜੇ ਤੇ ਔਜੜ ਰਾਹਾਂ ’ਤੇ ਚੱਲ ਕੇ ਹੀ ਮੁਕਾਮ ਹਾਸਲ ਕਰਦੇ ਹਨ। ਮੁਗਲਾਂ ਦੇ ਧਾਰਮਿਕ ਕੱਟੜਵਾਦੀ ਜ਼ੁਲਮਾਂ ਦਾ ਜਵਾਬ ਦੇਣ ਲਈ ਪਹਿਲਾਂ ਗੁਰੂ ਸਹਿਬਾਨਾਂ ਨੇ ਸ਼ਾਂਤਮਈ ਕੁਰਬਾਨੀਆਂ ਕੀਤੀਆਂ ਤੇ ਅੰਤ ਜ਼ੁਲਮ ਦੀ ਵਧਦੀ ਹਨ੍ਹੇਰੀ ਦੇ ਟਾਕਰੇ ਲਈ ਬੰਦਾ ਬਹਾਦਰ ਤੇ ਅੰਤ ਸਿੱਖ ਰਾਜ ਦੇ ਉਦੇ (ਬਨਣ) ’ਚ ਹੋਇਆ।
ਫਰਾਂਸ ’ਚ ਸਾਮੰਤਵਾਦੀ ਸਤਾਹ ਖਿਲਾਫ ਉਠਿਆ ਇਨਕਲਾਬ ਬਰਾਬਰੀ, ਅਜ਼ਾਦੀ ਤੇ ਭਰੱਪੇ ਦੇ ਸੁਨੇਹੇ ਨਾਲ ਸਰਮਾਏਦਾਰੀ ਦਾ ਰਾਹ ਦਰਸਾਵਾ ਬਣਿਆਂ। ਇਬਰਾਹੀਮ ਲਿੰਕਨ ਦੀ ਅਗਵਾਈ ’ਚ ਅਮਰੀਕੀ ਲੋਕਾਂ ਨੇ ਗੋਰਿਆਂ ਦੀ ਨਸਲਵਾਦੀ ਨੀਤੀ ਦੇ ਖਾਤਮੇ ਦਾ ਰਾਹ ਤਿਆਰ ਕੀਤਾ। ਸਰਮਾਏਦਾਰੀ ਦੇ ਲੋਟੂ ਨਿਜ਼ਾਮ ਨੂੰ ਖਤਮ ਕਰਨ ਤੇ ਸਾਧਨਹੀਣ ਲੋਕਾਂ ਲਈ ਚਾਨਣ ਦੀ ਲੀਕ ਲੈ ਕੇ ਪੱਛਮ ਤੇ ਸੋਵੀਅਤ ਰੂਸ ਨੇ ਸਮਾਜਵਾਦੀ ਇਨਕਲਾਬ ਦਾ ਝੰਡਾ ਗੱਡਿਆ ਜਿਸ ਨੇ ਬਾਅਦ ’ਚ ਦਰਜਨਾਂ ਦੇਸ਼ਾਂ ’ਚ ਇਨਕਲਾਬ ਲਿਆਂਦੇ।
ਭਾਰਤੀ ਲੋਕਾਂ ਨੇ ਵੀ 1947 ਵਿੱਚ ਅੰਗਰੇਜ਼ ਬਸਤੀਵਾਦੀਆਂ ਦਾ ਬਿਸਤਰਾ ਗੋਲ ਕਰ ਦਿੱਤਾ ਪਰ ਉਨ੍ਹਾਂ ਦੀ ਵਿਰਾਸਤ ਗੌਰਮਿੰਟ ਆਫ ਇੰਡੀਆ ਐਕਟ 1935 ਨੂੰ ਗਲ ਨਾਲ ਲਾਈ ਰੱਖਿਆ। ਅਸੀਂ ਇੱਥੇ ਸ਼ਹੀਦ ਭਗਤ ਸਿੰਘ ਦੀ ਸੋਚ ਲੁਟੇਰੇ ਭਾਵ ਗੋਰੇ ਹੋਣ ਜਾਂ ਕਾਲੇ, ਸਾਡਾ ਸੰਘਰਸ਼ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਕਰਨ ਤੱਕ ਜਾਰੀ ਰਹੇਗਾ ਵੱਲ ਤਵੱਜੋਂ ਨਹੀਂ ਦਿੱਤੀ। ਕਿਸਾਨ ਉਹ ਅੱਧਵਾਟੇ ਰਹੀ ਜੰਗ ਹੀ ਲੜ ਰਹੇ ਹਨ। ਪਹਿਲਾਂ ਤਿਲੰਗਾਨਾਂ ਕਿਸਾਨ ਘੋਲ ਤੇ ਫਿਰ 1949 ’ਚ ਪੈਪਸੂ ਮੁਜ਼ਾਹਰਾ ਘੋਲ ਇਨ੍ਹਾਂ ਕਾਲੇ ਅੰਗਰੇਜ਼ਾਂ ਖਿਲਾਫ ਹੀ ਲੜੇ ਸਨ।(MOREPIC2)
ਪਰ ਹੁਣ ਕਾਲੇ ਅੰਗਰੇਜ਼ਾਂ ਨੇ ਭਾਰਤ ਦੇ ਕਿਸਾਨਾਂ ਅੱਗੇ ਤਿੰਨ ਕਾਲੇ ਕਾਨੂੰਨ ਪਾਸ ਕਰਕੇ (ਅੱਗੇ ਲਿਆਂਦੇ ਜਾ ਰਹੇ ਬਿਜਲੀ ਕਾਨੂੰਨ ਤੇ ਬੀਜ ਪੇਟੈਂਟ ਕਾਨੂੰਨ) ਉਨ੍ਹਾਂ ਦੀ ਹੋਂਦ, ਜ਼ਮੀਨ, ਫਸਲ, ਨਸਲ, ਵਿਰਾਸਤ ਤੇ ਥਾਲੀ ਨੂੰ ਚੁਣੌਤੀ ਦਿੱਤੀ ਹੈ। ਪੰਜਾਬ ਦੇ ਕਿਸਾਨਾਂ ਨੇ ਕਾਲੇ ਅੰਗਰੇਜਾਂ ਦੀ ਲੋਕ ਵਿਰੋਧੀ ਤੇ ਕਾਰਪੋਰੇਟ ਪੱਖੀ ਨੀਤੀ ਨੂੰ ਪਛਾਣ ਕੇ ਆ ਰਹੀ ਹਨ੍ਹੇਰੀ ਨੂੰ ਠੱਲਣ ਲਈ ਹਿੱਕ ਡਾਹ ਲਈ ਹੈ। ਪੈਂਡਾ ਔਖਾ, ਵਿਖੜਾ ਹੈ, ਪਰ ਕਰਤਾਰ ਸਰਾਭੇ ਦੇ ਵਾਰਸ ਜਾਣਦੇ ਹਨ ਕਿ
ਸੇਵਾ ਦੇਸ. ਦੀ ਜਿੰਦੜੀਏ ਬੜੀ ਔਖੀ
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ.................
ਸਾਮਰਾਜੀ ਕਾਰਪੋਰੇਟਾਂ ਨੇ ਭਾਰਤ ਦਾ ਉਦਯੋਗ ਤੇ ਕਾਰੋਬਾਰ ਆਪਣੇ ਕਬਜ਼ੇ ’ਚ ਕਰਨ ਤੋਂ ਬਾਅਦ ਹੁਣ 80 ਕਰੋੜ ਭਾਰਤੀਆਂ ਨੂੰ ਰੋਟੀ ਤੇ 70 ਕਰੋੜ ਨੂੰ ਰੋਜ਼ਗਾਰ ਦਿੰਦਾ ਖੇਤੀ ਸੈਕਟਰ ਖੋਹਣ ਦੀ ਸਕੀਮ ਬਣਾਈ ਹੈ ਜਿਸ ਨੂੰ ਗੁਰੂ ਗੋਬਿੰਦ, ਬੰਦਾ ਸਿੰਘ ਬਹਾਦਰ ਤੇ ਭਗਤ ਸਿੰਘ ਦੇ ਵਾਰਸਾਂ ਨੇ ਜਦ ਧਿਰ ਉਪਾਵਾਂ ਦੀ ਹਾਰਦੀ, ਤਾਂ ਜਾਇਜ਼ ਵਰਤੋਂ ਤਲਵਾਰ ਦੀ ਅਨੁਸਾਰ ਲੜਾਈ ਵਿੱਢੀ ਹੈ। ਹੁਣ ਸਰਾਭੇ ਦੀ ਸੇਵਾ ਤੋਂ ਭਗਤ ਸਿੰਘ ਦੀ ਸਰ ਫਿਰੋਸੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ, ਦੇਖਣਾ ਹੈ ਜ਼ੋਰ ਕਿਤਨਾ ਬਾਜੂਏ ਕਾਤਲ ਮੇਂ ਹੈ। ਹੁਣ ਕਿਸਾਨਾਂ ਲਈ ਕਾਤਲ ਦੇ ਬਾਹਾਂ ਦਾ ਜ਼ੋਰ ਪਰਖਣ ਦਾ ਸਮਾਂ ਆ ਗਿਆ ਹੈ।
ਪਰ ਕਿਸਾਨਾਂ ਦੀ ਤਾਕਤ ਸਾਹਮਣੇ ਹਾਕਮ ਦੇ ਜਬਰ ਰੂਪੀ ਨਾਕੇ, ਸੜਕਾਂ ਤੇ ਕਿੱਲਾਂ, ਕੰਡਿਆਲੀਆਂ ਤਾਰਾਂ, ਪੁੱਟੀਆਂ ਖਾਈਆਂ, ਠੰਡੇ ਮੌਸਮ ’ਚ ਪਾਣੀ ਦੀਆਂ ਬੁਛਾਰਾਂ ਤੇ ਲਾਠੀਚਾਰਜ ਕੰਮ ਨਹੀਂ ਆਏ ਤੇ ਨਾ ਹੀ ਭਾੜੇ ਤੇ ਲਿਆਂਦੇ ਟੱਟੂਆਂ ਦਾ ਪਥਰਾਅ ਕੰਮ ਆਇਆ। ਉਲਟਾ ਹਾਕਮ ਬਹੁਤਿਆਂ ਤੋਂ ਇਕੱਲਾ ਪੈਂਦਾ ਗਿਆ ਤੇ ਜਾ ਰਿਹਾ ਹੈ ਪਰ ਕਿਸਾਨਾਂ ਦਾ ਕਾਫਲਾ ਪੰਜਾਬ ਤੋਂ ਹਰਿਆਣਾ, ਯੂ.ਪੀ., ਰਾਜਸਥਾਨ, ਗੱਲ ਕੀ ਹਿੰਦੋਸਤਾਨ ਬਣਦਾ ਜਾ ਰਿਹਾ ਹੈ।
ਕਿਸਾਨਾਂ ਦੀ ਹਾਲ ਦੀ ਘੜੀ ਭਾਵੇਂ ਫੌਰੀ ਜਿੱਤ ਨਾ ਵੀ ਹੋਵੇ ਪਰ ਉਹ ਅੰਤਿਮ ਜਿੱਤ ਵੱਲ ਵਧ ਰਹੇ ਹਨ। ਕਿਸਾਨ ਅੰਦੋਲਨ ਨੇ ਭਾਰਤ ਦੇ ਲੋਕਾਂ ਨੂੰ ਭਾਜਪਾ ਦੀ ਫਿਰਕੂ, ਵੰਡ ਪਾਊ ਤੇ ਧਾਰਮਿਕ ਘੱਟ ਗਿਣਤੀਆਂ ਵਿਰੋਧੀ ਸਿਆਸਤ ਨੂੰ ਸਮਝਣ, ਪੜਨ ਤੇ ਫਿਰ ਲੜਨ ਦਾ ਰਾਹ ਦਿਖਾ ਦਿੱਤਾ ਹੈ। ਪੰਜ ਰਾਜਾਂ ਦੀਆਂ ਹੋ ਰਹੀਆਂ ਚੋਣਾਂ ਚ ਭਾਜਪਾ ਦੀ ਭੜਕਾਹਟ ਚੋ¡ ਉਸ ਦੀ ਹਾਰ ਦੇ ਚਿੰਨ੍ਹ ਪ੍ਰਗਟ ਹੋ ਰਹੇ ਹਨ। 2020 ਦੀਆਂ ਦਿੱਲੀ ਚੋਣਾਂ ਪਹਿਲਾਂ ਹੀ ਭਾਜਪਾ ਨੂੰ ਰੱਦ ਕਰ ਚੁੱਕੀਆਂ ਹਨ। ਭਾਰਤ ਦੇ ਲੋਕ ਇਤਿਹਾਸ ਚ ਪੜ੍ਹਿਆ ਕਰਨਗੇ, ਭਾਜਪਾ ਦੇ ਪਤਨ ਦੇ ਕੀ ਕਾਰਨ ਸਨ ਤੇ ਜਵਾਬ ਪੜ੍ਹਿਆ ਕਰਨਗੇ ਤਿੰਨ ਕਾਲੇ ਕਾਨੂੰਨ ਤੇ ਕਿਸਾਨ ਸੰਘਰਸ਼।