ਸੀਮਾ ਸ਼ਰਮਾ
ਦਿੱਲੀ ਦੇ ਸ਼ਾਹੀਨਬਾਗ ਵਿੱਚ ਪੱਕੇ ਮੋਰਚੇ ਤੇ ਬੈਠੀਆਂ ਔਰਤਾਂ ਕਿਸੇ ਪਛਾਣ ਦੀਆਂ ਮੁਹਤਾਜ਼ ਨਹੀਂ ।ਸ਼ਾਹੀਨ ਬਾਗ਼ ਦੀਆਂ ਔਰਤਾਂ ਭਾਰਤ ਹੀ ਨਹੀਂ ਬਲਕਿ ਪੂਰੀ ਦੁਨੀਆਂ ਦੀਆਂ ਸੁਰਖੀਆਂ ਵਿੱਚ ਹਨ। ਸ਼ਾਹੀਨ ਬਾਗ ਵਿੱਚ ਬੈਠੀਆਂ ਬੁਰਕਾਨਸ਼ੀਨ ਔਰਤਾਂ ਦੀਆਂ ਲਾਲ ਸੁਰਖ ਅੱਖਾਂ ਸਾਨੂੰ ਕਿਸੇ ਨਵੀਂ ਦੁਨੀਆਂ ਦਾ ਅਹਿਸਾਸ ਕਰਵਾਉਂਦੀਆਂ ਨਜ਼ਰ ਆਉਦੀਆਂ ਹਨ ਤੇ ਆਪਣੀ ਚੂੜੀਆਂ ਵਾਲ਼ੇ ਹੱਥਾ ਨਾਲ਼ ਜਦੋਂ ਇਨਕਲਾਬ-ਜਿੰਦਾਬਾਦ ਦਾ ਨਾਅਰਾ ਲਗਾਉਦੀਆਂ ਹਨ ਤਾਂ ਦਿੱਲੀ ਹੀ ਨਹੀਂ ਸਾਰਾ ਦੇਸ਼ ਗੂੰਜਣ ਲੱਗਦਾ ਹੈ ।ਸ਼ਾਹੀਨ ਬਾਗ਼ ਦੀਆਂ ਔਰਤਾਂ ਦੀ ਤਰਜ਼ ਤੇ ਦੇਸ਼ ਵਿੱਚ ਕਈ ਥਾਵਾਂ ਤੇ ਔਰਤਾਂ ਸੀਏਏ ਤੇ ਐੱਨਆਰਸੀ ਖਿਲ਼ਾਫ ਮੁਜਾਹਰੇ ਕਰ ਰਹੀਆਂ ਹਨ ।
ਇਸ ਸਾਰੇ ਰੌਲ਼ੇ ਵਿੱਚ ਲੋਕ ਸ਼ਾਹੀਨ ਬਾਗ਼ ਦੇ ਮਰਦਾਂ ਬਾਰੇ ਸਵਾਲ਼ ਕਰਨਾ ਭੁੱਲ਼ ਗਏ ਤਾਂ ਬੀਜੇਪੀ ਦੇ ਸਟਾਰ ਪ੍ਰਚਾਰਾਕਾਂ ਵਿੱਚੋਂ ਇੱਕ, ਉੱਤਰ-ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸ਼ਾਹੀਨ ਬਾਗ਼ ਦੇ ਮਰਦਾਂ ਤੇ ਸਵਾਲ ਚੁੱਕਿਆ ਕਿ ਉਹ ਆਪਣੀਆਂ ਔਰਤਾਂ ਤੇ ਬੱਚਿਆਂ ਨੂੰ ਸੜਕਾਂ ਤੇ ਉਤਾਰ ਕੇ ਖੁਦ ਰਜਾਈਆਂ ਵਿੱਚ ਆਰਾਮ ਫਰਮਾ ਰਹੇ ਹਨ !ਇਉਂ ਸੀਏਏ ਬਣਾ ਕੇ ਧਰਮ ਦੀ ਰਾਜਨੀਤੀ ਕਰਨ ਤੋਂ ਬਾਅਦ ਹੁਣ ਲਿੰਗ ਦੇ ਆਧਾਰ ਤੇ ਵਖਰੇਵੇਂ ਦੀ ਸਿਆਸਤ ਸ਼ੁਰੂ ਹੋ ਗਈ । ਉਂਝ ਇਹ ਸਿਆਸਤ ਤਿੰਨ ਤਲਾਕ ਤੇ ਇਸ ਤੋਂ ਪਹਿਲਾਂ ਦੀ ਚਲ਼ੀ ਆ ਰਹੀ ਹੈ ।
ਖੈਰ,ਇਨ੍ਹਾਂ ਸਵਾਲ਼ਾਂ ਤੇ ਤਕਰੀਰਾਂ ਦੇ ਦੌਰਾਨ ਮੈਂ ਸ਼ਾਹੀਨ ਬਾਗ਼ ਦੀਆਂ ਔਰਤਾਂ ਦਾ ਅੰਦੋਲਨ ਦੇਖਣ ਪਹੁੰਚੀ ਤਾਂ ਔਰਤਾਂ ਤੋਂ ਪਹਿਲਾਂ ਮੈਨੂੰ ਉੱਥੇ ਮਰਦ ਦਿਖਾਈ ਦਿੱਤੇ । ਉਨਾਂ ਵਿੱਚ 4 ਸਾਲ਼ਾ ਜੂਨੈਦ ਅਹਿਮਦ ਤੋਂ ਲੈ ਕੇ 80 ਸਾਲਾਂ ਮੁਹੰਮਦ ਅਬਦੁੱਲਾ ਤੱਕ ਦੀ ਉਮਰ ਦੇ ਮਰਦ ਮੌਜੂਦ ਸਨ । ਇਨ੍ਹਾਂ ਚੋ ਕੋਈ ਉੱਥੇ ਆਪਣੀਆਂ ਕਹਾਣੀਆਂ ਰਾਹੀਂ ਆਪਣੇ ਆਪ ਨੂੰ ਹਿੰਦੂਸਤਾਨੀ ਸਾਬਿਤ ਕਰਦਾ ਨਜ਼ਰ ਆ ਰਿਹਾ ਸੀ, ਕੋਈ ਆਪਣੇ ਬੱਚਿਆਂ ਨੂੰ ਸੰਭਾਲਦਾ ਤੇ ਕੋਈ ਬਿਰਆਨੀ ਬਣਾਉਦਾ (ਉਹੀ ਬਿਰਆਨੀ ਜਿਸਨੇ ਇੱਕ ਵਾਰ ਤਾਂ ਦਿੱਲੀ ਦੀ ਚੋਣ-ਸਿਆਸਤ ਚ ਹਲ਼ਚਲ਼ ਮਚਾਈ ।)
60 ਸਾਲ਼ਾਂ ਮੁਹੰਮਦ ਬੰਦੂ ਖਾਨ ਨੂੰ ਜਦੋਂ ਸ਼ਾਹੀਨ ਬਾਗ਼ ਵਿੱਚ ਹੋਣ ਬਾਰੇ ਸਵਾਲ਼ ਪੁੱਛਿਆ ਤਾਂ ਉਸਨੇ ਆਪਣੀਆਂ ਭਰੀਆਂ ਅੱਖਾਂ ਨਾਲ਼ ਮੈਨੂੰ ਜੁਆਬ ਦਿੱਤਾ ਕਿ ਆਧਾਰ ਕਾਰਡ ਵਿੱਚ ਮੇਰਾ ਨਾਮ ਬੰਦੂ “ਖਾਨ” ਹੈ,ਵੋਟਰ ਕਾਰ਼ਡ ਵਿੱਚ ਬੰਦੂ “ਮਲਿਕ” ਤੇ ਰਾਸ਼ਨ ਕਾਰ਼ਡ ਵਿੱਚ “ਮੁਹੰਮਦ” ਬੰਦੂ “:ਖਾਨ” ਹੈ। ਪਿਛਲੇ 60 ਸਾਲ਼ਾਂ ਤੋਂ ਦਿੱਲੀ ਵਿੱਚ ਰਹਿ ਰਿਹਾ ਹਾਂ ਪਰ ਕੀ ਉਹ ਸਰਕਾਰ ਦੀਆਂ ਨਜ਼ਰਾਂ ਵਿੱਚ ਹਿੰਦੁਸਤਾਨੀ ਸਾਬਿਤ ਹੋਵੇਗਾ?ਬੰਦੂ ਖਾਨ ਦੀ ਇਸ ਕਹਾਣੀ ਦੌਰਾਨ ਜਦੋਂ ਆਸ-ਪਾਸ ਨਿਗ੍ਹਾ ਘੁਮਾਈ ਤਾਂ ਕਿੰਨੇ ਹੀ ਮਰਦ ਸ਼ਾਹੀਨ ਬਾਗ ਵਿੱਚ ਬੰਦੂ ਖਾਨ ਦੀ ਕਹਾਣੀ ਸੁਣਨ ਲਈ ਜਾਂ ਆਪਣੀ ਕਹਾਣੀ ਸੁਣਾਉਣ ਲਈ ਸਾਡੇ ਆਲ਼ੇ ਦੁਆਲ਼ੇ ਖੜ੍ਹੇ ਹੋ ਗਏ । ਜਹਿਨ ਵਿੱਚ ਬੀਜੇਪੀ ਦੇ ਆਗੂ ਦਾ ਉਹ ਬਿਆਨ ਤੂਫਾਨ ਵਾਂਗ ਉੱਠਿਆ ਜਿਸ ਵਿੱਚ ਇਹ ਆਗੂ ਲੋਕਾਂ ਨੂੰ ਭੜਕਾ ਰਿਹਾ ਸੀ ਕਿ ਸ਼ਾਹੀਨ ਬਾਗ ਵਿੱਚ ਬੈਠੇ ਲੋਕ ਉਨ੍ਹਾਂ ਦੇ ਘਰਾਂ ਅੰਦਰ ਜਾ ਵੜਨਗੇ ਅਤੇ ਧੀਆਂ-ਭੈਣਾਂ ਨਾਲ਼ ਜਬਰਦਸ਼ਤੀ ਕਰਨਗੇ ।
30-35 ਸਾਲ਼ਾ ਜੈਦ ਅਹਿਮਦ ਆਖਦਾ ਹੈ ਕਿ ਸਾਡੇ ਪੁਰਖਿਆਂ ਨੇ ਜਿਨਾਹ ਨੂੰ ਨਕਾਰ ਕੇ ਗਾਂਧੀ ਨੂੰ ਚੁਣਿਆ । ਹਿੰਦੁਸਤਾਨ ਹੀ ਉਨ੍ਹਾਂ ਦਾ ਮੁਲ਼ਕ ਹੈ ਫਿਰ ਵੀ ਉਨ੍ਹਾਂ ਨੂੰ ਆਪਣੀ ਵਤਨਪ੍ਰਸਤੀ ਦਾ ਸਬੂਤ ਦੇਣਾ ਪਵੇਗਾ? ਅਸ਼ਫਾਕ ਸ਼ਾਹੀਨ ਬਾਗ਼ ਵਿੱਚ ਆਪਣੀ ਬਿਮਾਰ ਬੇਗ਼ਮ ਦੀ ਦਵਾਈ ਲੈ ਕੇ ਖੜ੍ਹਾ ਸੀ । ਇਸੇ ਤਰ੍ਹਾਂ ਸੈਕੜੇਂ ਹੀ ਮਰਦ ਸਾਨੂੰ ਹਰ ਰੋਜ਼ ਸ਼ਾਹੀਨ ਬਾਗ਼ ਵਿੱਚ ਆਪਣੀ ਹਾਜ਼ਰੀ ਲਗਵਾਉਦੇ ਦਿੱਖ ਰਹੇ ਹਨ।ਆਪਣੀ ਗੱਲ ਤੋਰਨ ਤੇ ਉਨ੍ਹਾਂ ਦੀਆਂ ਅੱਖਾਂ ਛਲਕ ਪੈਂਦੀਆਂ ਹਨ ,ਉਹ ਰੋਦੇ ਹਨ ਪਰ ਨਾਲ਼ ਹੀ ਇਨਕਲਾਬ ਦੇ ਨਾਅਰੇ ਵੀ ਪੂਰੇ ਜੋਸ਼ ਨਾਲ਼ ਮਾਰਦੇ ਹਨਤੇ ਔਰਤਾਂ ਦੀ ਇੱਜ਼ਤ ਕਰਨਾ ਵੀ ਜਾਣਦੇ ਹਨ ।
ਯੂਪੀ ਦੇ ਮੁੱਖ ਮੰਤਰੀ ਦੇ ਬਿਆਨ ਨੂੰ ਸੁਣਕੇ ਲਗਦਾ ਹੈ ਕਿ ,ਅਜਿਹੀ ਸੋਚ ਰੱਖਣ ਵਾਲ਼ੇ ਮਰਦਾਂ ਨੂੰ ਸ਼ਾਹੀਨ ਬਾਗ਼ ਵਿੱਚ ਬੈਠੇ ਮਰਦਾਂ ਤੇ ਇਸ ਲਈ ਗੁੱਸਾ ਆ ਰਿਹਾ ਹੋਵੇਗਾ ਕਿਉਕਿ ਸ਼ਾਹੀਨ ਬਾਗ ਦੇ ਮਰਦ ਉਨ੍ਹਾਂ ਦੀ ਮਰਦਾਵੇਪਣ ਦੀ ਪਰਿਭਾਸ਼ਾ ਵਿੱਚ ਫਿੱਟ ਨਹੀਂ ਹੁੰਦੇ । ਉਹ ਆਪਣੀਆਂ ਔਰਤਾਂ ਤੇ ਗੁੱਸਾ ਨਹੀਂ ਕਰ ਰਹੇ ,ਉਨ੍ਹਾਂ ਤੇ ਜੋਰ ਅਜ਼ਮਾਇਸ ਨਹੀਂ ਕਰ ਰਹੇ,ਉਂਨ੍ਹਾਂ ਨੂੰ ਡਰਾ ਕੇ ਘਰਾਂ ਚ ਡੱਕਣ ਦੀ ਥਾਂ ਉਨ੍ਹਾਂ ਦਾ ਸਾਥ ਦੇ ਰਹੇ ਹਨ ਤੇ ਸ਼ਾਹੀਨ ਬਾਗ਼ ਬੈਠੀਆਂ ਔਰਤਾਂ ਦੀ ਢਾਲ਼ ਬਣਕੇ ਖੜ੍ਹੇ ਹਨ । ਇਉਂ ਇਹ ਮਰਦ ਸਦੀਆਂ ਤੋਂ ਚਲੀ ਆ ਰਹੀ ਮਰਦ ਪ੍ਰਧਾਨ ਪ੍ਰਥਾ ਨੂੰ ਵੰਗਾਰ ਰਹੇ ਹਨ ।
ਇਸ ਬਾਰੇ ਜਦੋਂ ਸ਼ਾਹੀਨ ਬਾਗ਼ ਦੇ ਮਰਦਾਂ ਨੂੰ ਪੁੱਛਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਲੜਾਈ ਮਰਦ -ਔਰਤ ,ਹਿੰਦੁ-ਮੁਸਲਿਮ ਜਾਂ ਬੱਚੇ –ਬੁੱਢੇ ਹੋਣ ਦੀ ਨਹੀਂ ਹੈ ਬਲਕਿ ਹਿੰਦੁਸਤਾਨ ਦੇ ਨਾਗਰਿਕ ਹੋਂਣ ਦੀ ਹੈ। ਜੇ ਸੱਤਾ ਵਿੱਚ ਬੈਠੇ ਸਾਡੇ ਸਿਆਸਤਦਾਨ ਧਰਮ,ਜਾਤ,ਲਿੰਗ ਜਾਂ ਨਸਲ ਦੀ ਰਾਜਨੀਤੀ ਤੋਂ ਉਪਰ ਉੱਠ ਕੇ ਦੇਖਦੇ ਤਾਂ ਉਨ੍ਹਾਂ ਨੂੰ ਵੀ ਸ਼ਾਹੀਨ ਬਾਗ਼ ਵਿੱਚ ਔਰਤ –ਮਰਦ ਜਾਂ ਹਿੰਦੂ-ਮੁਸਲਿਮ-ਸਿੱਖ ਦੀ ਥਾਂ ਦੇਸ਼ ਦੇ ਜਾਗਰੂਕ ਨਾਗਰਿਕ ਮਿਲ਼ਦੇ । ਵਾਕਾਈ ਸ਼ਾਹੀਨ ਬਾਗ਼ ਦੇ ਲੋਕਾਂ ਦੀ ਲੜਾਈ ਬੋਹੱਦ ਜਰੂਰੀ ਹੈ । ਇਹ ਲੜਾਈ ਕਿਸੇ ਧਰਮ,ਜਾਤ,ਲਿੰਗ.ਨਸਲ ਜਾਂ ਮਜਹਬ ਤੋਂ ਬਹੁਤ ਉਪਰ ਹੈ , ਇਸ ਦੇਸ਼ ਦੇ ਧਰਮ ਨਿਰਪੱਖ ਹੋਣ ਤੇ ਬਰਾਬਰੀ ਦੀ ਲੜਾਈ ਹੈ । ਇਹ ਲੜਾਈ ਸ਼ਾਹੀਨ ਬਾਗ਼ ਦੇ ਮਰਦਾਂ ਲਈ ਵੀ ਹਜਾਰਾਂ ਸਾਲਾਂ ਤੋਂ ਚਲ਼ੇ ਆ ਰਹੇ ਮਰਦ-ਪ੍ਰਧਾਨ ਸਮਾਜ ਤੋਂ ਇਨਸਾਨ ਬਣਨ ਤੱਕ ਦੀ ਲੜਾਈ ਹੈ। ਇਸ ਸੂਰਤ ਵਿੱਚ ਜਿੱਤ ਜਾਂ ਹਾਰ ਮਾਅਨੇ ਨਹੀਂ ਰੱਖਦੀ ਬਲਕਿ ਇਸ ਲਹਿਰ ਵਿਚੋਂ ਆਇਆ ਬਦਲਾਓ ਸਾਡੇ ਸਭ ਲਈ ਮਾਅਨੇ ਰੱਖਦਾ ਹੈ । ਇਹ ਬਦਲਾਓ ਤੇ ਨਵਾਂ ਸਵੇਰਾ ਇਨ੍ਹਾਂ ਨਾਲ ਹੀ ਆਵੇਗਾ ਜਿਸ ਵਿਚੋਂ ਸ਼ਾਹੀਨ ਬਾਗ਼ ਦੇ ਮਰਦ ਮਨਫੀ ਨਹੀਂ ਹੋਣਗੇ ।
ਮੋਬਾਇਲ : 81950-61004