ਚੰਦਰਪਾਲ ਅੱਤਰੀ,ਲਾਲੜੂ
28 ਦਸੰਬਰ 1885 ਨੂੰ 72 ਪ੍ਰਤੀਨਿੱਧਾਂ ਨਾਲ ਹੋਂਦ ਵਿੱਚ ਆਈ ਭਾਰਤੀ ਰਾਸਟਰੀ ਕਾਂਗਰਸ ਇਸ ਸਮੇਂ ਇਤਿਹਾਸ ਦੇ ਸਭ ਤੋਂ ਵੱਡੇ ਸਿਆਸੀ ਸੰਕਟ ਦਾ ਸਾਹਮਣਾ ਕਰ ਰਹੀ ਹੈ। ਭਾਰਤ ਵਿੱਚ ਲੰਮਾ ਸਮਾਂ ਇੱਕਛੱਤਰ ਰਾਜ ਕਰ ਚੁੱਕੀ ਇਸ ਸਿਆਸੀ ਪਾਰਟੀ ਦੀ ਸਥਾਪਨਾ ਇਕ ਅੰਗਰੇਜ ਅਫਸਰ ਏ.ਓ.ਹਿਊਮ ਵੱਲੋਂ ਕੀਤੀ ਗਈ ਸੀ। ਪਾਰਟੀ ਦੀ ਸਥਾਪਨਾ ਸਮੇਂ ਇਸ ਦਾ ਉਦੇਸ਼ ਆਜ਼ਾਦੀ ਦੇ ਸੰਘਰਸ਼ ਸਬੰਧੀ ਸਿਆਸੀ ਮੀਟਿੰਗਾਂ ਕਰਨਾ ਸੀ ਪਰ ਆਜ਼ਾਦੀ ਦੇ ਸੰਘਰਸ਼ ਵਿੱਚ ਇਸ ਪਾਰਟੀ ਵੱਲੋਂ ਦਿੱਤੇ ਯੋਗਦਾਨ ਨੇ ਪਾਰਟੀ ਦੀ ਲੀਡਰਸ਼ਿਪ ਪ੍ਰਤੀ ਲੋਕਾਂ ਦੇ ਮਨਾਂ ਵਿੱਚ ਜਬਰਦਸਤ ਥਾਂ ਬਣਾਈ ਤੇ ਪਾਰਟੀ ਨੇ ਆਜ਼ਾਦੀ ਤੋਂ ਬਾਅਦ ਦੇ ਸ਼ੁਰੂਆਤੀ ਸਮੇਂ ਵਿੱਚ ਸੱਤਾ ਹਾਸਲ ਕਰ ਕੇ ਬੇਹਿਸਾਬ ਬੁਨਿਆਦੀ ਕੰਮ ਕੀਤੇ, ਪਰ ਹੁਣ ਲੰਮਾ ਸਮਾਂ ਰਾਜ ਕਰਨ ਦੌਰਾਨ ਆਪਣੇ ਮੂਲ ਸਿਧਾਂਤਾਂ ਤੋਂ ਥਿੜਕੀ ਪਾਰਟੀ ਦਾ ਲੋਕਾਂ ਦੇ ਮਨਾਂ ਤੋਂ ਲਹਿਣ ਕਾਰਨ ਸਿਆਸੀ ਦਾਇਰਾ ਲਗਾਤਾਰ ਸੰਗੜਦਾ ਜਾ ਰਿਹਾ ਹੈ।
ਹੁਣੇ-ਹੁਣੇ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰੀ ਕਾਂਗਰਸ ਦੇ ਇਸ ਸਮੇਂ ਲੋਕ ਸਭਾ ਵਿੱਚ 52 ਤੇ ਰਾਜ ਸਭਾ ਵਿੱਚ ਸਿਰਫ 37 ਮੈਂਬਰ ਰਹਿ ਗਏ ਹਨ। ਹੋ ਸਕਦਾ ਹੈ ਕਿ ਇੱਕ ਦੋ ਹੋਰ ਅਸਤੀਫੇ ਆਉਣ ਕਾਰਨ ਇਹ ਗਿਣਤੀ ਹੋਰ ਘੱਟ ਜਾਵੇ। ਇਹ ਪਾਰਟੀ ਉੱਤਰ ਪ੍ਰਦੇਸ਼ ਵਿੱਚ ਲੰਮੇ ਸਮੇਂ ਤੋਂ ਸੱਤਾ ਵਿਚੋਂ ਬਾਹਰ ਹੈ ਤੇ ਇਸ ਵਾਰ ਤਾਂ ਇਸ ਦੀਆਂ ਸੀਟਾਂ ਘੱਟ ਕੇ ਸਿਰਫ ਦੋ ਹੀ ਰਹਿ ਗਈਆਂ ਹਨ। ਉਤਰਾਖੰਡ ਵਿੱਚ ਪਾਰਟੀ ਜਿੱਤਣ ਦੀ ਸੰਭਾਵਨਾ ਦੇ ਬਾਵਜੂਦ ਸੱਤਾ ਹਾਸਲ ਕਰਨ ਤੋਂ ਖੂੰਝ ਗਈ ਜਦਕਿ ਗੋਆ ਵਿੱਚ ਇਸ ਦੀ ਹਾਲਤ ਪਿਛਲੀ ਵਾਰ ਦੇ ਮੁਕਾਬਲੇ ਪਤਲੀ ਰਹੀ । ਹੈਰਾਨੀ ਦੀ ਗੱਲ ਇਹ ਸੀ ਕਿ 2017 ਦੀਆਂ ਚੋਣਾਂ ਵਿੱਚ ਕਾਂਗਰਸ ਗੋਆ ਅੰਦਰ ਵੱਡੀ ਪਾਰਟੀ ਵਜੋਂ ਆਈ ਸੀ ਪਰ ਉਸ ਸਮੇਂ ਉੱਥੇ ਕਾਂਗਰਸੀ ਲੀਡਰਸ਼ਿਪ ਦੀ ਨਾਕਾਮੀ ਕਾਰਨ ਉਹ ਜਿੱਤ ਕੇ ਵੀ ਹਾਰ ਗਈ ਜਦਕਿ ਇਸ ਵਾਰ ਸੂਬੇ ਅੰਦਰ ਸਰਕਾਰ ਵਿਰੋਧੀ ਲਹਿਰ ਦਾ ਵੀ ਉਹ ਕੋਈ ਲਾਹਾ ਨਹੀਂ ਲੈ ਸਕੀ। ਮਨੀਪੁਰ ਵਿੱਚ ਵੀ ਕਾਂਗਰਸ ਚਾਰੇ ਖਾਨੇ ਚਿੱਤ ਹੋ ਗਈ। ਇਸੇ ਤਰ੍ਹਾਂ ਪਾਰਟੀ ਪੰਜਾਬ ਵਿੱਚ ਸੁਪਨਮਈ ਸੰਸਾਰ ਵਿੱਚ ਜਿਊਂਦੀ ਰਹੀ। ਪਾਰਟੀ ਦਾਅਵੇ ਕਰਦੀ ਰਹੀ ਕਿ ਉਹ ਪੰਜਾਬ ਵਿਚ ਪੂਰਨ ਬਹੁਮਤ ਨਾਲ ਸਰਕਾਰ ਬਣਾਵੇਗੀ ਪਰ ਇਸ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਆਪਣੀਆਂ ਦੋਵੇਂ ਸੀਟਾਂ ਤੋਂ ਹਾਰ ਗਏ ਜਦਕਿ ਖੁੱਦ ਨੂੰ ਅਜਿੱਤ ਸਮਝਣ ਵਾਲੇ ਕਾਂਗਰਸ ਪ੍ਰਧਾਨ ਵੀ ਅਜਿਹੇ ਚਿੱਤ ਹੋਏ ਕਿ ਹੁਣ ਉਨ੍ਹਾਂ ਦੀ ਜੁਬਾਨ ਹੀ ਨਹੀਂ ਨਿਕਲ ਰਹੀ।
ਅਸਲ ਵਿੱਚ ਕਾਂਗਰਸ ਦੀ ਇਸ ਹਾਲਤ ਦੇ ਚੱਲਦਿਆਂ ਕਾਂਗਰਸ ਦੇ ਸਭ ਤੋਂ ਪਹਿਲੇ ਪ੍ਰਧਾਨ ਵੋਮੇਸ਼ ਚੰਦਰ ਬੈਨਰਜੀ ਤੋਂ ਲੈ ਕੇ ਮੌਜੂਦਾ ਅੱਧੇ-ਅਧੂਰੇ ਪ੍ਰਧਾਨ ਰਾਹੁਲ ਗਾਂਧੀ ਤੱਕ ਦਾ ਸਫਰ ਕਾਂਗਰਸੀਆਂ ਦੇ ਨਾਲ-ਨਾਲ ਦੇਸ਼ ਦੀ ਜਨਤਾ ਨੂੰ ਵੀ ਸੋਚਾਂ ਵਿੱਚ ਪਾ ਰਿਹਾ ਹੈ।ਇਸ ਸਮੇਂ ਕਾਂਗਰਸ ਪਾਰਟੀ ਸਿਰਫ 2 ਸੂਬਿਆਂ ਵਿੱਚ ਪੂਰਨ ਤੌਰ ਨਾਲ ਅਤੇ 4 ਕੁ ਸੂਬਿਆਂ ਵਿੱਚ ਸਮਰਥਨ ਨਾਲ ਰਾਜ ਕਰ ਰਹੀ ਹੈ। ਆਪਣੀ ਇਸ ਦੁਰਦਸ਼ਾ ਲਈ ਕੋਈ ਹੋਰ ਨਹੀਂ ਸਗੋਂ ਕਾਂਗਰਸ ਖੁੱਦ ਜਿੰਮੇਵਾਰ ਹੈ। ਕੌਮੀ ਪੱਧਰ ਉੱਤੇ ਆਪਣੀ ਇਸ ਦਰਦਸ਼ਾ ਲਈ ਕਾਂਗਰਸ ਦਾ ਆਰਥਿਕ-ਸਮਾਜਿਕ ਤੇ ਧਰਮ-ਨਿਰਪੱਖਤਾ ਵਾਲੀਆਂ ਨੀਤੀਆਂ ਤੋਂ ਥਿੜਕਣਾ ਮੁੱਖ ਜਿੰਮੇਵਾਰ ਹੈ। ਕਿਸੇ ਵੇਲੇ ਭਾਰਤ ਦੇ ਹਰ ਨਾਗਰਿਕ ਨੂੰ ਸਹੀ ਕੱਪੜੇ ਉਪਲੱਬਧ ਕਰਵਾਉਣ ਤੱਕ ਖੁੱਦ ਕੱਪੜੇ ਨਾ ਪਾਉਣ ਵਾਲੇ ਇਸ ਪਾਰਟੀ ਦੇ ਮੁੱਖ ਆਗੂ ਮਹਾਤਮਾ ਗਾਂਧੀ ਦੇਸ਼ ਵਾਸੀਆਂ ਲਈ ਇੱਕ ਪ੍ਰੇਰਨਾ ਸਰੋਤ ਰਹੇ ਹਨ ਜਦਕਿ ਉਨ੍ਹਾਂ ਦੇ ਮੌਜੂਦਾ ਸਿਆਸੀ ਵਾਰਿਸ ਇਸ ਸਮੇਂ ਬੇਹਿਸਾਬ ਮਹਿੰਗੇ ਤੇ ਸਫੈਦ ਕੁੜਤੇ-ਪਜਾਮੇ ਪਾ ਕੇ ਕਾਲੇ ਕਾਰੋਬਾਰਾਂ ਰਾਹੀਂ ਹੱਥ ਰੰਗ ਰਹੇ ਹਨ। ਸਮੁੱਚੇ ਦੇਸ਼ ਅੰਦਰ ਵੱਡੀ ਗਿਣਤੀ ਕਾਂਗਰਸੀਆਂ ਉੱਤੇ ਰੇਤ, ਸਰਾਬ ਤੇ ਮਾਈਨਿੰਗ ਦੇ ਦੋਸ਼ ਲੱਗ ਰਹੇ ਹਨ। ਕੌਮੀ ਪੱਧਰ ਉੱਤੇ ਕਾਂਗਰਸ ਦੀ ਨੌਜਵਾਨ ਤੇ ਬਜ਼ੁਰਗ ਲੀਡਰਸ਼ਿੱਪ ਬੁਰੀ ਤਰ੍ਹਾਂ ਧੜੇਬੰਦੀ ਦਾ ਸ਼ਿਕਾਰ ਹੈ ਤੇ ਬਜ਼ੁਰਗ ਆਗੂ ਜਿੱਥੇ ਪਾਰਟੀ ਨੂੰ ਆਪਣੀ ਵਿਰਾਸਤ ਸਮਝਦਿਆਂ ਆਮ ਵਰਕਰਾਂ ਦੀ ਥਾਂ ਆਪਣੇ ਪੁੱਤਰਾਂ-ਪੋਤਰਿਆਂ ਨੂੰ ਸਿਆਸੀ ਤੌਰ ਉਤੇ ਸੈਟ ਕਰਨ ਨੂੰ ਤਰਜੀਹ ਦੇ ਰਹੇ ਹਨ, ਉੱਥੇ ਹੀ ਨੌਜਵਾਨ ਲੀਡਰਸ਼ਿੱਪ ਕਾਂਗਰਸੀ ਵਿਚਾਰਧਾਰਾਂ ਤੋਂ ਬਹੁਤ ਦੂਰ ਹੋ ਚੁੱਕੀ ਹੈ।ਪਾਰਟੀ ਇਸ ਧੜੇਬੰਦੀ ਦੇ ਚੱਲਦਿਆਂ ਮੱਧ ਪ੍ਰਦੇਸ਼ ਵਿੱਚ ਆਪਣੀ ਬਣੀ-ਬਣਾਈ ਸਰਕਾਰ ਗੰਵਾ ਬੈਠੀ ਜਦਕਿ ਰਾਜਸਥਾਨ ਦੀ ਸਰਕਾਰ ਮਸਾਂ -ਮਸਾਂ ਬਚੀ।ਨੌਜਵਾਨ ਕਾਂਗਰਸੀ ਆਗੂ ਇਸ ਸਮੇਂ ਭਾਜਪਾ ਦੀ ਸਿਆਸਤ ਤੋਂ ਪ੍ਰਭਾਵਿਤ ਹੋ ਰਹੇ ਹਨ। ਪਾਰਟੀ ਦੀ ਵੱਡੀ ਲੀਡਰਸਿੱਪ ਅਸਲ ਧਰਮ ਨਿਰਪੱਖਤਾ ਦੀ ਬਜਾਇ ਨਰਮ ਹਿੰਦੂਤਵ ਤੇ ਕਾਰਪੋਰੇਟ ਪੱਖੀ ਸਿਆਸਤ ਦੇ ਪ੍ਰਭਾਵ ਵਿੱਚ ਹੈ। ਵੇਖਿਆ ਜਾਵੇ ਤਾਂ ਪਿਛਲੇ ਸਮੇਂ ਵਿੱਚ ਪਾਰਟੀ ਵਿਚਾਰਧਾਰਕ ਪੱਧਰ ਉੱਤੇ ਬੁਰੀ ਤਰ੍ਹਾਂ ਥਿੜਕੀ ਹੈ। ਕਿਸੇ ਵੇਲੇ ਧਰਮ-ਨਿਰਪੱਖਤਾ ਦੀ ਨੰਬਰਦਾਰ ਰਹੀ ਕਾਂਗਰਸ ਪਾਰਟੀ ਦੇ ਮੁੱਖ ਆਗੂ ਰਾਹੁਲ ਗਾਂਧੀ ਜਿੱਥੇ ਵੋਟਾਂ ਹਾਸਲ ਕਰਨ ਲਈ ਜਨੇਊ ਤੱਕ ਪਾ ਰਹੇ ਸਨ, ਉੱਥੇ ਪਾਰਟੀ ਸਬਰੀਮਾਲਾ ਮੰਦਰ ਦੇ ਮਸਲੇ ਨੂੰ ਲੈ ਕੇ ਗੰਭੀਰ ਭੰਬਲਭੂਸੇ ਵਿੱਚ ਸੀ।ਇਸੇ ਤਰ੍ਹਾਂ ਪਾਰਟੀ ਸਰਹੱਦੀ ਸੂਬੇ ਪੰਜਾਬ ਦੇ ਮਸਲਿਆਂ ਪ੍ਰਤੀ ਚੌਕਸ ਨਹੀਂ, ਜਦਕਿ ਆਦੀਵਾਸੀ ਅਬਾਦੀ ਵਾਲੇ ਸੂਬਿਆਂ ਵਿੱਚ ਵੀ ਪਾਰਟੀ ਬੁਰੀ ਤਰ੍ਹਾਂ ਮਾਰ ਖਾ ਰਹੀ ਹੈ।ਹੁਣ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੀ ਸਰਕਾਰ ਦੀ ਤਾਂ ਉਕਤ ਘਟਨਾਵਾਂ ਨੇ ਬਲੀ ਹੀ ਲੈ ਲਈ ਹੈ। ਸੂਬੇ ‘ਚ ਕਾਂਗਰਸ ਦੇ ਕੋਟੇ ਤੋਂ ਮੁੱਖ ਮੰਤਰੀ ਬਣੇ ਆਗੂ ਦੇ ਪਰਿਵਾਰਿਕ ਮੈਂਬਰ ਤਾਂ ਹੁਣ ਤੱਕ ਕੇਂਦਰੀ ਏਜੰਸੀਆਂ ਦੀ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ।ਚਿੰਤਾਜਨਕ ਗੱਲ ਇਹ ਹੈ ਕਿ ਇਹ ਕਾਰਵਾਈ ਮਾਈਨਿੰਗ ਵਰਗੇ ਮਾਮਲਿਆਂ ਵਿੱਚ ਹੋ ਰਹੀ ਹੈ।ਇਸ ਪਾਰਟੀ ਨੇ ਭਾਵੇਂ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰ ਦਿੱਤਾ ਸੀ,ਪਰ ਪਾਰਟੀ ਇਹ ਜਵਾਬ ਨਹੀਂ ਦੇ ਸਕੀ ਕੇ ਪਿਛਲੇ ਸਾਢੇ 4 ਸਾਲਾਂ ਦੌਰਾਨ ਅਮਰਿੰਦਰ ਸਿੰਘ ਨੇ ਜੋ ਵਾਅਦੇ ਕੀਤੇ ਸਨ, ਉਹ ਪੂਰੇ ਕਿਉਂ ਨਹੀਂ ਹੋਏ ਤੇ ਉਸ ਸਮੇਂ ਅਮਰਿੰਦਰ ਸਿੰਘ ਨੂੰ ਟੋਕਿਆ ਕਿਉਂ ਨਹੀਂ ਗਿਆ।
ਕਾਂਗਰਸ ਪਾਰਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਰੇਤ ਮਾਫੀਆ, ਸਰਾਬ ਮਾਫੀਆ, ਭ੍ਰਿਸ਼ਟਾਚਾਰ ਬਾਰੇ ਚੁੱਪ ਕਿਉਂ ਰਹੀ? ਇਸ ਦੇ ਨਾਲ ਹੀ ਲੋਕਾਂ ਨੂੰ ਮਹਿੰਗੀ ਬਿਜਲੀ ਸਮਝੌਤਿਆਂ ਰਾਹੀਂ ਚਿੱਟੇ ਦਿਨ ਲੁੱਟਿਆ ਗਿਆ, ਜਦਕਿ 2017 ਵਿੱਚ ਕਾਂਗਰਸ ਨੇ ਉਕਤ ਮਸਲਿਆਂ ਨੂੰ ਹੱਲ ਕਰਨ ਦੇ ਵਾਅਦੇ ਨਾਲ ਹੀ ਸੱਤਾ ਹਾਸਿਲ ਕੀਤੀ ਸੀ।ਦੇਸ਼ ਲਈ ਮਿਸਾਲ ਤੇ ਅਗਾਂਹਵਧੂ ਮੰਨੇ ਜਾਂਦੇ ਇਸ ਸੂਬੇ ਵਿੱਚ ਨਿੱਤ ਅਧਿਆਪਕਾਂ ਨੂੰ ਲਾਠੀਆਂ ਨਾਲ ਕੁੱਟਿਆ ਜਾਦਾ ਰਿਹਾ ਤੇ ਰੁਜ਼ਗਾਰ ਬਾਰੇ ਤਾਂ ਕਾਂਗਰਸ ਸਰਕਾਰ ਪਾਸਾ ਹੀ ਵੱਟ ਗਈ। ਲੋਕਾਂ ਨੂੰ ਅਸੁਰੱਖਿਅਤ ਹੋਣ ਦਾ ਡਰ ਵਿਖਾ ਕੇ ਰਾਸਟਰਵਾਦ ਦੀ ਚਾਸਨੀ ਵਿੱਚ ਨਪੀੜਿਆ ਗਿਆ। ਅੰਤ ਵਿੱਚ ਰਹਿੰਦੀ ਕਸਰ ਚਰਨਜੀਤ ਸਿੰਘ ਚੰਨੀ ਦੀ ਗੈਰ ਗੰਭੀਰਤਾ ਨੇ ਕੱਢ ਦਿੱਤੀ।ਇੱਕ ਮੁੱਖ ਮੰਤਰੀ ਹੁੰਦਿਆਂ ਉਹ ਮੰਜੇ ਬੁਣਨ ਤੇ ਬੱਕਰੀਆਂ ਚੋਅਣ ਤੱਕ ਦੀ ਸਿਆਸਤ ਕਰਕੇ ਪੰਜਾਬੀਆਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦੇ ਰਹੇ, ਜਦਕਿ ਪੰਜਾਬ ਦੇ ਮਸਲੇ ਤਾਂ ਕੁੱਝ ਹੋਰ ਹੀ ਸਨ।ਇਸੇ ਤਰ੍ਹਾਂ ਉਸ ਸਮੇਂ ਸਥਿਤੀ ਬਹੁਤ ਅਜੀਬ ਹੋ ਗਈ ,ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਲਾਹਣ ਬਾਅਦ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਬਣਾਉਣ ਦੀ ਗੱਲ ਸਾਹਮਣੇ ਆਈ, ਪਰ ਅੰਬਿਕਾ ਸੋਨੀ ਨੇ ਉਨ੍ਹਾਂ ਦੇ ਹਿੰਦੂ ਹੋਣ ਦਾ ਬਹਾਨਾ ਬਣਾਉਂਦਿਆਂ ਉਨ੍ਹਾਂ ਦੀ ਕੁਰਸੀ ਉੱਤੇ ਪੁੱਜਣ ਦੀ ਇੱਛਾ ਦਫਨ ਕਰ ਦਿੱਤੀ।ਇਹ ਸਭ ਕੁੱਝ ਉਸ ਪਾਰਟੀ ਨੇ ਕੀਤਾ ,ਜਿਸ ਨੇ ਹਿੰਦੋਸਤਾਨ ਵਿੱਚ ਦੱਸ ਸਾਲ ਇੱਕ ਸਿੱਖ ਆਗੂ ਡਾਕਟਰ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾ ਕੇ ਰੱਖਿਆ ਸੀ।ਉਂਝ ਪੰਜਾਬੀ ਇਸ ਤਰ੍ਹਾਂ ਦੀ ਸਿਆਸਤ ਨੂੰ ਬਹੁਤੀ ਤਵੱਜੋ ਨਹੀਂ ਦਿੰਦੇ ਹਨ ,ਕਿਉਂਕਿ ਖੁੱਦ ਪੰਜਾਬੀਆਂ ਨੇ ਆਪਣੀ ਮਿਹਨਤ ਬਦਲੇ ਦੇਸ਼ ਸਮੇਤ ਸਮੁੱਚੇ ਵਿਸ਼ਵ ਵਿੱਚ ਵੱਡੀਆਂ ਅਹੁਦੇਦਾਰੀਆਂ ਹਾਸਿਲ ਕੀਤੀਆਂ ਹਨ। ਸਾਰੇ ਘਟਨਾਕ੍ਰਮ ਨੂੰ ਵੇਖਿਆ ਜਾਵੇ ਤਾਂ ਕਾਂਗਰਸ ਇਸ ਸਮੇਂ ਜਥੇਬੰਦਕ ਦੀ ਬਜਾਏ ਵਿਚਾਰਧਾਰਕ ਤੌਰ ਉੱਤੇ ਕਮਜ਼ੋਰ ਹੋ ਗਈ ਹੈ ਤੇ ਪਾਰਟੀ ਦੀ ਆਰਥਿਕ-ਸਮਾਜਿਕ ਤੇ ਸਿਆਸੀ ਲਾਈਨ ਸਪੱਸ਼ਟ ਹੀ ਨਹੀਂ ਹੈ।ਪਾਰਟੀ ਜਵਾਹਰ ਲਾਲ ਨਹਿਰੂ ਦੇ ਸਮਾਜਵਾਦ ਤੋਂ ਕੋਹਾਂ ਦੂਰ ਹੋ ਗਈ ਹੈ ਤੇ ਅਜੋਕੀ ਪਾਰਟੀ ਲੀਡਰਸ਼ਿੱਪ ਨੇ ਸੰਘਰਸ਼ਾਂ ਦੇ ਰਾਹ ਤੋਂ ਪੈਰ ਪਿਛਾਂਹ ਖਿੱਚ ਲਏ ਹਨ।ਪਾਰਟੀ ਨੇ ਜੇਕਰ ਸਮਾਂ ਰਹਿੰਦਿਆਂ ਇਨ੍ਹਾਂ ਸਮੱਸਿਆਵਾਂ ਵੱਲ ਧਿਆਨ ਨਾ ਦਿੱਤਾ ਤਾਂ ਵਿਚਾਰਹੀਣ ਹੋਣ ਕਾਰਨ ਅਸਿੱਧੇ ਤੌਰ ਉੱਤੇ ਭਾਜਪਾ ਨਾਲ ਜੁੜ ਰਿਹਾ ਉਸ ਦਾ ਕਾਡਰ ਇੱਕ ਦਿਨ ਪੂਰੀ ਤਰ੍ਹਾਂ ਉਸ ਤੋਂ ਦੂਰ ਹੋ ਜਾਵੇਗਾ ਤੇ ਪਾਰਟੀ ਸੰਸਥਾ ਦੀ ਬਜਾਇ ਸਿਰਫ ਸਿਧਾਂਤ ਮਾਤਰ ਰਹਿ ਜਾਵੇਗੀ।
ਮੋਬਾਇਲ -7889111988