ਜਸਵੰਤ ਸਿੰਘ ਪੂਨੀਆਂ
ਕੱਲ੍ਹ ਮੇਰਾ ਇੱਕ ਪਰਮ ਮਿੱਤਰ ਅਮਰੀਕਾ ਤੋਂ ਆਇਆ। ਮੈਂ ਉਸਨੂੰ ਲੈਣ ਵਾਸਤੇ ਤੜਕੇ ਸਾਢੇ ਚਾਰ ਵਜੇ ਦਿੱਲੀ ਵੱਲ ਨੂੰ ਚਾਲੇ ਪਾ ਦਿੱਤੇ। ਮੇਰੀ ਕਾਰ ਤੇਲ ਫੂਕਦੀ ਤੇ ਟੋਲ ਪਲਾਜਿਆਂ ਤੇ ਪੈਸੇ ਦਿੰਦੀ ਦਿੱਲੀ ਵੱਲ ਨੂੰ ਸ਼ੂਕਦੀ ਜਾ ਰਹੀ ਸੀ ਤੇ FasTag ਮੈਂਨੂੰ ਸੂਚਨਾ ਦੇ ਰਿਹਾ ਸੀ ਕਿ ਇੰਨੇ ਪੈਸੇ ਕੱਟੇ ਗਏ। ਰਾਤੀਂ ਘਰ ਵਾਪਸ ਆ ਕੇ ਮੈਂ ਹਿਸਾਬ ਲਾਇਆ ਤਾਂ 740 ਰੁਪਏ ਪਟਿਆਲੇ ਤੋਂ ਦਿੱਲੀ ਤੱਕ ਜਾਣ ਆਉਣ ਦਾ ਟੋਲ ਟੈਕਸ ਹੋ ਗਿਆ ਜਿਸ ਵਿੱਚ 230 ਰੁਪਏ ਹਵਾਈ ਅੱਡੇ ਦੀ ਪਾਰਕਿੰਗ ਵੀ ਸ਼ਾਮਲ ਹੈ ਤੇ 1700 ਰੁਪਏ ਡੀਜ਼ਲ ਟੈਕਸ ਕਿਉਂਕਿ 3000 ਰੁਪਏ ਦਾ ਡੀਜ਼ਲ ਲੱਗਾ। ਦੋਸਤ ਨੂੰ ਜੱਫੀ ਪਾਈ ਤੇ ਘੁੱਟ ਕੇ ਮਿਲੇ ਤਾਂ ਉਸਨੂੰ ਗਰਮੀ ਬਹੁਤ ਲੱਗ ਰਹੀ ਸੀ। ਆਖੇ ਯਾਰ ਚੀਲਡ ਬੀਅਰ ਲਿਆ। ਮੈਂ 440 ਰੁਪਏ ਦੇ ਚਾਰ ਕੇਂਨ ਬੀਅਰ ਦੇ ਲੈ ਆਇਆ। ਵਾਪਸੀ ਦੀ ਕਾਹਲ ਕਰਕੇ ਗੱਡੀ ’ਚ ਬਹਿ ਕੇ ਹੀ ਪੀਣੇ ਪਏ। ਘੱਟੋ ਘੱਟ 300 ਰੁਪਏ ਟੈਕਸ ਉਸ ’ਤੇ ਵੀ ਦਿੱਤਾ। ਮੈਂ 2740 ਰੁਪਏ ਸਿੱਧਾ ਟੈਕਸ ਭਰਿਆ। ਇਸ ਵਿੱਚ ਮੈਂ ਚਾਹ ਪੱਤੀ, ਕਾਫੀ, ਸਾਬਣ, ਸੈਂਪੂ, ਟੂਥ ਪੇਸਟ, ਮਸਾਲੇ, ਨਾਸ਼ਤਾ ਆਦਿ ਤੇ ਜੀ ਐੱਸ ਟੀ ਸ਼ਾਮਲ ਨਹੀਂ ਕੀਤੀ। ਦੇਸ਼ ਦੇ ਵਿੱਚ ਹਰ ਰੋਜ਼ ਲੱਖਾਂ ਕਾਰਾਂ ਇੰਨਾ ਸਫਰ ਤੈਅ ਕਰਦੀਆਂ ਹਨ, ਫਿਰ ਟਰੱਕ, ਬੱਸਾਂ, ਛੋਟੇ ਸਫਰ ਵਾਲੀਆਂ ਕਾਰਾਂ, ਮੋਟਰਸਾਈਕਲ, ਸਕੂਟਰ, ਟਰੈਕਟਰ ਆਦਿ ਦੀ ਤੇਲ ਦੀ ਕਿੰਨੀ ਖ਼ਪਤ ਹੈ। ਸ਼ਾਮ ਨੂੰ ਸ਼ਰਾਬਾਂ ਕਲੱਬਾਂ ਦੇ ਟੈਕਸ। ਇਹ ਸੜਕਾਂ ਮੋਦੀ, ਗਟਕਰੀ ਜਾਂ ਮਨਮੋਹਨ ਸਿੰਘ ਨੇ ਨਹੀਂ ਬਣਾਈਆਂ ਸਗੋਂ ਲੋਕਾਂ ਦੀ ਜੇਬ ਇਸਦੇ ਵਿਆਜ਼ ਸਮੇਤ ਪੈਸੇ ਤਾਰ ਰਹੀ ਹੈ। ਪਿੰਡਾਂ ’ਚ ਮਿਲਦੀ ਗ੍ਰਾਂਟ ਕਿਸੇ ਐੱਮ ਐੱਲ ਏ ਦੇ ਪਿਓ ਦੀ ਨਹੀਂ ਹੁੰਦੀ। ਇਹ ਲੋਕਾਂ ਦੇ ਸਰਮਾਏ ਚੋਂ ਇਕੱਠੇ ਕੀਤੇ ਅਰਬਾਂ ਖਰਬਾਂ ਰੁਪਏ ਹਨ। ਇਨ੍ਹਾਂ ਨੂੰ ਜਹਾਜ਼, ਹੈਲੀਕਾਪਟਰ, ਕਾਰਾਂ, ਤਨਖਾਹਾਂ, ਪੈਨਸ਼ਨਾਂ, ਭੱਤੇ ਤੇ ਸਕਿਓਰਿਟੀ ਗਾਰਡ ਸਾਰੇ ਸਾਡੇ ਪੈਸੇ ਚੋਂ ਮਿਲਦੇ ਹਨ। ਇਸ ਲਈ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਤੇ ਸਰਕਾਰਾਂ ਤੇ ਅਫ਼ਸਰਸ਼ਾਹੀ ਨੂੰ ਜੁਆਬਦੇਹ ਬਣਾਉਣਾ ਪੈਣਾ। ਸਮਾਜਿਕ ਚੇਤਨਾ ਵਾਲੇ ਸੰਗਠਨਾਂ ਨੂੰ ਇਹ ਸੁਨੇਹਾ ਘਰ ਘਰ ਤੱਕ ਪਹੁੰਚਾਉਣਾ ਚਾਹੀਦਾ ਹੈ। ਕਿਉਂਕਿ ਜ਼ਿਆਦਾਤਰ ਲੋਕ ਇਹ ਸਮਝਦੇ ਹਨ ਕਿ (income tax) ਆਮਦਨ ਕਰ ਹੀ ਇੱਕੋ ਇੱਕ ਟੈਕਸ ਹੈ। ਪਰ ਜੇਕਰ ਲੋਕ ਇੱਕ ਨੇਤਾ ਅਸ਼ਲੀਲ ਵੀਡੀਓ ਚ ਜਬਰਜਨਾਹ ਦੇ ਕੇਸ ਜੇਲ੍ਹ ਗਿਆ ਹੋਵੇ ਤੇ ਜੇਲ੍ਹ ਤੋਂ ਬਾਹਰ ਆਉਂਦੇ ਨੂੰ ਜੇ ਲੋਕ ਘੋੜੀਆਂ ’ਤੇ ਚੜਾਉਣਗੇ ਜਿੱਥੇ ਨਾ ਘੋੜੀ ਤੇ ਚੜ੍ਹਨ ਵਾਲੇ ਨੂੰ ਸ਼ਰਮ ਨਾ ਸਵਾਗਤ ਕਰਨ ਵਾਲਿਆਂ ਨੂੰ ਤਾਂ ਕੁੱਝ ਨਹੀਂ ਸੁਧਰਨਾ। ਇਸੇ ਤਰ੍ਹਾਂ ਘਪਲਿਆਂ ਦੇ ਕਾਰਨ ਜੇਲ੍ਹ ਗਏ ਤੇ ਜੇਲ੍ਹ ਤੋਂ ਬਾਹਰ ਆਉਂਦੇ ਲੀਡਰਾਂ ਲਈ ਜਸ਼ਨ ਮਨਾਏ ਜਾਣਗੇ ਫਿਰ ਸੁਧਾਰ ਦੀ ਆਸ ਨਾ ਕਰਿਓ। ਸਿਰਫ ਸੁਚੇਤ ਤੇ ਅਸੂਲੀ ਸਮਾਜ ਹੀ ਗਲਤ ਲੋਕਾਂ ਨੂੰ ਸੱਚ ਦੇ ਕਟਿਹਰੇ ਚ ਖੜਾ ਸਕਦਾ ਹੈ। ਜੋ ਦੇਸ਼ ਦੇ ਜ਼ਿੰਮੇਵਾਰ ਨਾਗਰਿਕਾਂ ਦੀ ਜ਼ਿੰਮੇਵਾਰੀ ਬਣਦੀ ਹੈ।