ਗੁਰਪਿਆਰ ਸਿੰਘ ਕੋਟਲੀ
ਭਾਰਤੀ ਇਤਿਹਾਸ ਵਿੱਚ ਬਹੁਤ ਸਾਰੇ ਅਜਿਹੇ ਵਰਕੇ ਦੱਬੇ ਪਏ ਹਨ, ਜਿਨ੍ਹਾਂ ਨੇ ਕਿਰਤੀਆਂ ਚੋਂ ਦੱਬੇ ਕੁਚਲੇ ਲੋਕਾਂ ਨੂੰ ,ਜਿਉਣ ਯੋਗ ਬਣਾਉਣ ਵਿੱਚ ਮਹੱਤਵਪੂਰਨ ਰੋਲ ਅਦਾ ਕੀਤਾ ।ਭਾਰਤ ਦੀ ਅੱਧੀ ਆਬਾਦੀ ਭਾਵ ਔਰਤ ਵਰਗ ਨੇ ਸਦੀਆਂ ਤੋਂ ਹੀ ਪੈਰ ਦੀ ਜੁੱਤੀ ਹੋਣ ਦਾ ਸੰਤਾਪ ਹੰਢਾਇਆ ਹੈ। ਇਸ ਸੰਤਾਪ ਨੂੰ ਝੱਲਦਿਆਂ ਹੋਇਆਂ, ਕੁਝ ਔਰਤਾਂ ਨੇ ਬੜੀ ਦਲੇਰੀ ਨਾਲ ਅਗਾਊਂ ਕਦਮ ਚੁੱਕਦਿਆਂ ਪੈਰ ਦੀ ਜੁੱਤੀ ਤੋਂ ਬਰਾਬਰ ਖੜ੍ਹਨ ਦੇ ਯੋਗ ਹੋਣ ਲਈ ਮੌਕੇ ਪ੍ਰਦਾਨ ਕਰਨ ਦਾ ਪਲੇਟਫਾਰਮ ਦਿੱਤਾ । ਇਨ੍ਹਾਂ ਵਿੱਚੋਂ ਇੱਕ ਮਹਾਨ ਔਰਤ ਸਵਿੱਤਰੀ ਬਾਈ ਫੂਲੇ ਸੀ ਜਿਨ੍ਹਾਂ ਨੂੰ ਸਾਡੇ ਭਾਰਤ ਦੀ ਪਹਿਲੀ ਅਧਿਆਪਕਾ ਹੋਣ ਦਾ ਖ਼ਿਤਾਬ ਪ੍ਰਾਪਤ ਹੈ ਜਿਨ੍ਹਾਂ ਦਾ ਜਨਮ 3 ਜਨਵਰੀ 1831 ਈਸਵੀ ਨੂੰ ਨਵੇਂ ਗਾਓਂ ਪੂਨੇ ਵਿਖੇ ਹੋਇਆ ।ਬਾਲ ਵਿਆਹ ਦੇ ਰਿਵਾਜ ਕਾਰਨ ਆਪ ਜੀ ਦਾ ਵਿਆਹ 1840 ਈਸਵੀ ਵਿੱਚ ਜੋਤਿਬਾ ਫੂਲੇ ਨਾਲ ਹੋਇਆ। ਜਿਨ੍ਹਾਂ ਦਾ ਵਿਚਾਰ ਸੀ ਕਿ ਜੇਕਰ ਸਮਾਜ ਵਿੱਚੋਂ ਜਾਤ ਪਾਤ ਅਸਮਾਨਤਾ ਵਰਗੀਆਂ ਬੁਰਾਈਆਂ ਨੂੰ ਖ਼ਤਮ ਕਰਨਾ ਹੈ ਤਾਂ ਇਸ ਲਈ ਔਰਤਾਂ ਦਾ ਪੜ੍ਹਿਆ ਲਿਖਿਆ ਹੋਣਾ ਅਤਿ ਜ਼ਰੂਰੀ ਹੈ ਜਿਸ ਤੇ ਚਲਦਿਆਂ ਉਨ੍ਹਾਂ ਨੇ ਇਹ ਪਹਿਲ ਆਪਣੀ ਪਤਨੀ ਸਵਿੱਤਰੀ ਬਾਈ ਤੋਂ ਹੀ ਕੀਤੀ। ਭਾਵੇਂ ਸਵਿੱਤਰੀ ਬਾਈ ਦੀ ਪੜ੍ਹਾਈ ਵਿੱਚ ਪਰਿਵਾਰਕ ਮੈਂਬਰ ਵੱਡਾ ਅੜਿੱਕਾ ਬਣੇ ,ਪਰ ਪਤੀ ਦੇ ਸਾਥ ਅਤੇ ਔਰਤਾਂ ਲਈ ਕੁਝ ਕਰਨ ਦੇ ਬੀੜੇ ਨੇ ਰੁਕਣ ਨਾ ਦਿੱਤਾ।
ਸਵਿੱਤਰੀ ਬਾਈ ਫੂਲੇ ਅਤੇ ਉਨ੍ਹਾਂ ਦੇ ਪਤੀ ਨੇ ਕੁੜੀਆਂ ਲਈ ਪਹਿਲਾ ਸਕੂਲ ਭੀੜੇਵਾੜਾ ਵਿਖੇ 1848 ਈਸਵੀਂ ਵਿਚ ਖੋਲ੍ਹਿਆ। ਇਸ ਸਕੂਲ ਨੂੰ ਚਲਾਉਣ ਲਈ ਉਨ੍ਹਾਂ ਨੂੰ ਬਹੁਤ ਮੁਸ਼ਕਲਾਂ ਵਿੱਚੋਂ ਨਿਕਲਣਾ ਪਿਆ। ਜੋ ਇਕ ਅਧਿਆਪਕ ਲਈ ਜਾਣਨਾ ਜ਼ਰੂਰੀ ਹੈ। ਇਹ ਉਹ ਸਮਾਂ ਸੀ ਜਦ ਸਮਾਜ ਵਿੱਚ ਮਰਦ ਤਾਂ ਕੀ ਔਰਤਾਂ ਵੀ ਕੁੜੀਆਂ ਨੂੰ ਪੜ੍ਹਾਉਣ ਦੇ ਹੱਕ ਵਿਚ ਨਹੀਂ ਸਨ। ਉਹ ਸਵਿੱਤਰੀ ਬਾਈ ਫੂਲੇ ਦੇ ਹਰ ਉਸ ਯਤਨ ਦਾ ਵਿਰੋਧ ਕਰਦੀਆਂ, ਜੋ ਕੁੜੀਆਂ ਨੂੰ ਸਕੂਲ ਜਾਣ ਵਿੱਚ ਸਹਾਈ ਸੀ। ਔਰਤਾਂ ਰਸਤੇ ਵਿੱਚ ਜਾਂਦਿਆਂ ਸਮੇਂ ਉਨ੍ਹਾਂ ਦੇ ਉੱਪਰ ਚਿੱਕੜ, ਗੋਹਾ ,ਟਮਾਟਰ ਅਤੇ ਅੰਡੇ ਸੁੱਟਦੀਆਂ ਸਨ। ਜਿਸ ਕਰਕੇ ਉਨ੍ਹਾਂ ਨੂੰ ਘਰੋਂ ਤੁਰਨ ਵੇਲੇ ਆਪਣੇ ਨਾਲ ਇਕ ਹੋਰ ਸਾੜ੍ਹੀ ਲੈਣੀ ਪੈਂਦੀ ਸੀ ।ਤਾਂ ਜੋ ਸੰਸਥਾ ਵਿਚ ਪਹੁੰਚ ਕੇ ਬਦਲ ਕੇ ਕੁੜੀਆਂ ਨੂੰ ਪੜ੍ਹਾ ਸਕੇ ।ਉਨ੍ਹਾਂ ਵੱਲੋਂ ਔਰਤਾਂ ਦੀ ਭਲਾਈ ਲਈ ਇਕ ਹੋਰ ਕਦਮ ਚੁੱਕਦਿਆ ਵਿਧਵਾ ਔਰਤਾਂ ਦੇ ਬੱਚੇ ਪੈਦਾ ਕਰਨ ਲਈ ਆਪਣੇ ਘਰ ਨੂੰ ਹਸਪਤਾਲ ਵਿਚ ਬਦਲ ਦਿੱਤਾ ।
ਇਸ ਤਰ੍ਹਾਂ ਦੇ ਹਾਲਾਤਾਂ ਵਿੱਚੋਂ ਲੰਘ ਕੇ ਉਨ੍ਹਾਂ ਨੇ ਔਰਤਾਂ ਦੇ ਜੀਵਨ ਨੂੰ ਸੁਧਾਰਨ ਕਰਨ ਲਈ ਆਪਣਾ ਸਾਰਾ ਜੀਵਨ ਲਾ ਦਿੱਤਾ।ਆਪਣੀਆਂ ਕਵਿਤਾਵਾਂ ਰਾਹੀਂ ਉਹਨਾਂ ਨੇ ਹਰ ਉਸ ਦਰਦ ਨੂੰ ਬਿਆਨ ਕੀਤਾ, ਜੋ ਇਨਸਾਨ ਦੇ ਚਿਹਰੇ ਤੇ ਝਲਕਦਾ ਸੀ ।ਚਾਹੇ ਉਹ ਅਸਮਾਨਤਾ ਦਾ ਹੋਵੇ ,ਚਾਹੇ ਕਿਰਤ ਦੀ ਲੁੱਟ ਦਾ ਹੋਵੇ ,ਚਾਹੇ ਲੋਕਾਂ ਵੱਲੋਂ ਦਿੱਤੀ ਜਾ ਰਹੀ ਨਫ਼ਰਤ ਦਾ ਹੋਵੇ । ਅਖ਼ੀਰ ਉਹ ਪਲੇਗ ਦੀ ਬੀਮਾਰੀ ਦੌਰਾਨ ਲੋਕਾਂ ਦੀ ਸੇਵਾ ਕਰਦਿਆਂ, ਆਪ ਵੀ ਇਸ ਲਾਗ ਤੋਂ ਪ੍ਰਭਾਵਤ ਹੋ ਕੇ 10 ਮਾਰਚ 1897ਨੂੰ ਮੌਤ ਨੂੰ ਪਿਆਰੇ ਹੋ ਗਏ। ਅੱਜ ਦੇ ਦੌਰ ਵਿਚ ਜਦੋਂ ਔਰਤਾਂ ਦੇ ਕੁਝ ਹਿੱਸੇ ਨੂੰ ਛੱਡ ਬਾਕੀ ਹਿੱਸੇ ਦਾ ਜੀਵਨ ਵਿੱਚ ਬਹੁਤੀ ਤਬਦੀਲੀ ਨਹੀਂ ਦੇਖੀ ਜਾ ਸਕਦੀ। ਜੇਕਰ ਅਸੀਂ ਚਾਹੁੰਦੇ ਹਾਂ ਸਮਾਜ ਦਾ ਹਰ ਦੱਬਿਆ ਤਬਕਾ ਉੱਪਰ ਉੱਠੇ, ਉਨ੍ਹਾਂ ਦਾ ਜੀਵਨ ਪੱਧਰ ਉੱਚਾ ਹੋਵੇ ,ਤਾਂ ਸਾਨੂੰ ਖ਼ਾਸ ਤੌਰ ਤੇ ਅਧਿਆਪਕ ਵਰਗ ਨੂੰ ਸਵਿੱਤਰੀ ਬਾਈ ਫੂਲੇ ਦੀ ਤਰ੍ਹਾਂ ਸਿੱਖਿਆ ਦੇ ਖੇਤਰ ਵਿੱਚ ਯਤਨ ਕਰਨੇ ਪੈਣਗੇ। ਅਤੇ ਉਨ੍ਹਾਂ ਵਰਗੀ ਸਮਰਪਣ ਦੀ ਭਾਵਨਾ ਨਾਲ ਸਕੂਲਾਂ ਵਿੱਚ ਅਤੇ ਸਕੂਲਾਂ ਤੋਂ ਬਾਹਰ ਵੀ ਗਿਆਨ ਦਾ ਦੀਵਾ ਬਾਲਣਾ ਪਵੇਗਾ ।
9417540311