ਚੰਦਰਪਾਲ ਅੱਤਰੀ, ਲਾਲੜੂ
ਤਿੰਨ ਕਿਸਾਨੀ ਕਾਨੂੰਨਾਂ ਵਿਰੁੱਧ 26-27 ਨਵੰਬਰ ਦਾ ਦੋ ਰੋਜ਼ਾ ਦਿੱਲੀ ਚੱਲੋ ਪ੍ਰੋਗਰਾਮ ਪੰਜਾਬ ਸਮੇਤ ਉੱਤਰੀ ਭਾਰਤ ਦੇ ਕਿਸਾਨਾਂ ਲਈ ਪੱਕੀ ਠਾਹਰ ਬਣਦਾ ਜਾ ਰਿਹਾ ਹੈ।ਦਿੱਲੀ ਚੱਲੋ ਅੰਦੋਲਨ ਹੁਣ ਦਿੱਲੀ ਕਿਸਾਨ ਮੋਰਚੇ ਦੇ ਨਾਮ ਨਾਲ ਮਸ਼ਹੂਰ ਹੋ ਗਿਆ ਹੈ।ਜਦੋਂ ਕੋਈ ਵੀ ਧਿਰ ਦਿੱਲੀ ਮੋਰਚੇ ਵਿੱਚ ਸ਼ਮੂਲੀਅਤ ਕਰਨ ਉਪਰੰਤ ਸੱਥਾਂ ਵਿੱਚ ਆ ਕੇ ਉੱਥੇ ਚੱਲ ਰਹੀਆਂ ਸਰਗਰਮੀਆਂ ਬਾਰੇ ਦੱਸਦੀ ਹੈ ਤਾਂ ਹਰ ਪੰਜਾਬੀ ਨੌਜਵਾਨ-ਬਜ਼ੁਰਗ ਦੇ ਮਨ ਅੰਦਰ ਮੋਰਚੇ ਵਿੱਚ ਸ਼ਾਮਲ ਹੋਣ ਦੀ ਤਾਂਘ ਹੁਲਾਰੇ ਲੈਣ ਲੱਗ ਪੈਂਦੀ ਹੈ।ਪੰਜਾਬੀ ਇਸ ਮੋਰਚੇ ਨੂੰ ਮਹਾਕੁੰਭ ਦੇ ਇਸਨਾਨ ਵਜੋਂ ਲੈ ਰਹੇ ਹਨ।
ਇਸ ਤਰ੍ਹਾਂ ਇੱਕ ਦਿਨ ਮੇਰੇ ਇੱਕ ਪੱਤਰਕਾਰ ਮਿੱਤਰ ਵੱਲੋਂ ਦਿੱਲੀ ਮੋਰਚੇ ਵਿੱਚ ਜਾਣ ਸਬੰਧੀ ਜ਼ਿਕਰ ਕਰਨ ਉਪਰੰਤ ਮੈਂ ਵੀ ਉਸ ਨਾਲ ਜਾਣ ਦੀ ਇੱਛਾ ਪ੍ਰਗਟਾਈ।ਉਸ ਨੇ ਸ਼ਾਮੀ ਤਿੰਨ ਵਜੇ ਦਿੱਲੀ ਜਾਣ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਸਵੇਰੇ ਪੰਜ ਵਜੇ ਆਪਾਂ ਦਿੱਲੀ ਵੱਲ ਨੂੰ ਤੁਰਨਾ ਹੈ,ਮੈਂ ਬਿਨੇ ਕਿਸੇ ਲਾਗ-ਲਪੇਟ ਤੋਂ ਉਸ ਨੂੰ ਆਖਿਆ ਕਿ ਗੱਲ ਹੀ ਕੋਈ ਨਹੀਂ।ਆਪਾਂ ਸਵੇਰੇ ਪੰਜ ਵਜੇ ਹੀ ਚੱਲਾਂਗੇ।
ਅਗਲੇ ਦਿਨ ਮੈਂ ,ਮੇਰਾ ਪੱਤਰਕਾਰ ਮਿੱਤਰ ਤੇ ਤਿੰਨ ਹੋਰ ਸਾਥੀ ਕਰੀਬ ਛੇ ਕੁ ਵਜੇ ਦਿੱਲੀ ਵੱਲ ਨੂੰ ਤੁਰ ਪਏ।ਇਸ ਦਿਨ ਧੁੰਦ ਬਹੁਤ ਸੀ ।ਪਹਿਲੇ 40 ਕਿਲੋਮੀਟਰ ਦਾ ਸਫਰ ਕਰਨ ਵਿੱਚ ਸਾਨੂੰ ਕਰੀਬ ਸਵਾ ਘੰਟਾ ਲੱਗਿਆ।ਉਸ ਉਪਰੰਤ ਧੁੰਦ ਤਾਂ ਛਟ ਗਈ ਪਰ ਸਾਡਾ ਉਤਸ਼ਾਹ ਹੋਰ ਵੱਧ ਗਿਆ।ਰਾਹ ਵਿੱਚ ਇੱਕ ਢਾਬੇ ਉਤੇ ਅੱਧਾ ਕੁ ਘੰਟਾ ਚਾਹ-ਪਾਣੀ ਲਈ ਰੁਕਣ ਉਪਰੰਤ ਅਸੀ ਕਰੀਬ 10 ਵਜੇ ਸੋਨੀਪਤ ਜ਼ਿਲ੍ਹੇ ਦੇ ਕਸਬੇ ਬਹਾਲਗੜ੍ਹ ਕੋਲ ਪੁੱਜੇ।ਇੱਥੋਂ ਸ਼ੁਰੁ ਹੁੰਦੇ ਪੁੱਲ ਕੋਲ ਕਮਰੇ ਨੁਮਾ ਟਰਾਲੀਆਂ ਦਾ ਇੱਕ ਕਾਫਲਾ ਖੜ੍ਹਿਆ ਸੀ।ਪੁੱਲ ਉਸਾਰੀ ਅਧੀਨ ਸੀ ਤੇ ਇਸ ਤੋਂ ਕਰੀਬ 500ਕੁ ਮੀਟਰ ਦੀ ਦੂਰੀ ਉਤੇ ਲਾਊਡ ਸਪੀਕਰ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ।ਅਸੀਂ ਸਮਝ ਗਏ ਸੀ ਕਿ ਕਿਸਾਨੀ ਮਹਾਂਕੁੰਭ ਦਾ ਪਹਿਲਾ ਪੜਾਅ ਸ਼ੁਰੂ ਹੋ ਗਿਆ ਹੈ।ਟਰੈਕਟਰ-ਟਰਾਲੀਆਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਸੀ। ਮੋਰਚੇ ਦੇ ਸ਼ੁਰੂ ਵਿੱਚ ਹੀ ਫਲਾਂ ਨਾਲ ਭਰਿਆ ਇੱਕ ਕੈਂਟਰ ਖੜ੍ਹਿਆ ਸੀ।ਅਸੀਂ ਜਦੋਂ ਕੈਂਟਰ ਕੋਲ ਗਏ ਤਾਂ ਉਨ੍ਹਾਂ ਸਾਨੂੰ ਹੱਥ ਦੇ ਕੇ ਰੋਕਿਆ ਤੇ ਕਿੰਨੂਆਂ ਦਾ ਇੱਕ ਬੁੱਕ ਭਰ ਕੇ ਸਾਨੂੰ ਗੱਡੀ ਵਿੱਚ ਫੜਾ ਦਿੱਤਾ।ਹੁਣ ਰੌਣਕਾਂ ਵਧਣੀਆਂ ਸ਼ੁਰੂ ਹੋ ਗਈਆਂ ਸਨ।ਹਰ ਸੌ ਕਦਮ ਪਿੱਛੇ ਚਾਹ-ਪਾਣੀ ,ਦੁੱਧ,ਬਰੈਡ, ਪਰੌਠੇ,ਕੜੀ- ਚੌਲ,ਬਿਸਕੁਟ ਤੇ ਰਸ ਦੇ ਲੰਗਰ ਚੱਲ ਰਹੇ ਸਨ।ਕੋਈ ਬਜੁਰਗ ਮਟਰ ਛਿੱਲ ਰਿਹਾ ਸੀ,ਕੋਈ ਆਲੂ-ਗੋਭੀ-ਪਿਆਜ਼ ਕੱਟ ਰਿਹਾ ਸੀ।ਜਦਕਿ ਨੌਜਵਾਨ ਬਾਹਾਂ ਚੜਾਈ ਠੰਢੇ ਪਾਣੀ ਵਾਲੇ ਕੰਮ ਕਰ ਰਹੇ ਸਨ। ਬਹੁਤ ਥਾਈਂ ਬਜ਼ੁਰਗ ਦੁੱਧ ਦੇ ਕੜਾਹਿਆਂ ਵਿੱਚ ਪਲਟੇ ਮਾਰਦੇ ਹੋਏ ਵਾਹਿਗੁਰੂ ਜੀ -ਵਾਹਿਗੁਰੂ ਜੀ ਦਾ ਜਾਪ ਕਰ ਰਹੇ ਸਨ।ਮੋਰਚੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਮਲਾ ਫੈਲਾ ਲੰਗਰ ਤੇ ਹੋਰ ਸਹੂਲਤਾਂ ਦੇਣ ਲਈ ਦਿਲੋਂ ਡਟਿਆ ਹੋਇਆ ਸੀ। ਦੋਹਾਂ ਸੰਸਥਾਵਾਂ ਦੇ ਬਾਹਰ ਤਿਆਰ ਕਛਹਿਰੇ ਵੀ ਮੁਫਤ ਵੰਡੇ ਜਾ ਰਹੇ ਸਨ।ਇਸੇ ਤਰ੍ਹਾਂ ਮੁਸਲਿਮ ਭਾਈਚਾਰੇ ਵੱਲੋਂ ਵੀ ਮੋਰਚੇ ਵਿੱਚ ਕਿਸਾਨਾਂ ਦੀ ਹਮਾਇਤ ਵਿੱਚ ਕਈ ਥਾਈਂ ਲੰਗਰ ਲਗਾਏ ਜਾ ਰਹੇ ਹਨ।ਆਮ ਲੋਕਾਂ ਲਈ ਮੇਨ ਰੋਡ ਜਾਮ ਹੋਣ ਦੇ ਬਾਵਜੂਦ ਟਰੈਕਟਰ-ਟਰਾਲੀਆਂ ਪੂਰੇ ਅਨੁਸ਼ਾਸਨ ਹੇਠ ਸਾਈਡਾਂ ਵਿੱਚ ਲੱਗੀਆਂ ਹੋਈਆਂ ਸਨ।ਵੱਡੀ ਗੱਲ ਇਹ ਸੀ ਕਿ ਮੋਰਚੇ ਦੀ ਸ਼ੁਰੂਆਤ ਤੋਂ ਕਿਸਾਨੀ ਸਟੇਜ ਤੱਕ ਦਾ ਸਫਰ ਕਰੀਬ ਦੱਸ ਕਿਲੋਮੀਟਰ ਦਾ ਸੀ ਪਰ ਇਸ ਦੇ ਬਾਵਜੂਦ ਵੀ ਸਾਧਾਰਨ ਗੱਡੀਆਂ ਉੱਥੇ ਤੱਕ ਜਾ ਰਹੀਆਂ ਸਨ।
ਰਾਹ ਵਿੱਚ ਹਰ ਪਾਸੇ ਲਾਲ ਤੇ ਹਰੇ ਕਿਸਾਨੀ ਝੰਡੇ ਹੀ ਝੂਲ ਰਹੇ ਸਨ।ਜਿਉਂ-ਜਿਉਂ ਅਸੀਂ ਅਗਾਂਹ ਨੂੰ ਵਧਦੇ ਗਏ ਤਾਂ ਸਾਨੂੰ ਰਾਹ ਵਿੱਚ ਗਾਜਰ ਵਾਲੀਆਂ ਬਰਫ਼ੀਆਂ ਦਾ ਸਟਾਲ ਤੇ ਰੁਕੇ ਮਾਰ -ਮਾਰ ਅਲਸੀ ਤੇ ਖੋਏ ਦੀਆਂ ਪਿੰਨੀਆਂ ਵੰਡਦੇ ਲੋਕ ਨਜ਼ਰ ਆਏ।ਇੱਕ ਪਾਸੇ ਜਲੇਬੀਆਂ ਵਾਲਾ ਭਾਈ ਜਲੇਬੀਆਂ ਕੱਢ ਰਿਹਾ ਸੀ ਤੇ ਲੋਕੀਂ ਜਲੇਬੀਆਂ ਲੈਣ ਲਈ ਲਾਈਨ ਵਿੱਚ ਲੱਗੇ ਹੋਏ ਸਨ। ਹਰ ਦੋ ਸੌ ਕੁ ਕਦਮ ਬਾਅਦ ਜਿੱਥੇ ਮੈਡੀਕਲ ਸੇਵਾਵਾਂ ਦੇਣ ਵਾਲੇ ਕੈਂਪ ਲੱਗੇ ਹੋਏ ਸਨ,ਉੱਥੇ ਸਾਬਨ,ਬਰੱਸ਼ ਤੇ ਟੂਥਪੇਸ਼ਟ ਵੀ ਮੁਫਤ ਵੰਡੇ ਜਾ ਰਹੇ ਸਨ।ਇਸ ਦੇ ਨਾਲ ਹੀ ਕਿਤਾਬਾਂ ਦੇ ਸਟਾਲ ਸਭ ਦਾ ਧਿਆਨ ਖਿੱਚ ਰਹੇ ਹਨ।ਕਿਤਾਬਾਂ ਵਾਲੇ ਸਟਾਲਾਂ ਦੇ ਨਾਲ-ਨਾਲ ਕਿਤਾਬਾਂ ਪੜਨ ਲਈ ਟੈਂਟ ਲੱਗੇ ਹੋਏ ਸਨ।ਸੜਕ ਦੇ ਦੋਹੀਂ ਪਾਸੇ ਨੌਜਵਾਨ ਵੀਰ ਕਿਸਾਨੀ ਕਾਨੂੰਨਾਂ ਸਬੰਧੀ ਤਖਤੀਆਂ ਲੈ ਕੇ ਘੁੰਮ ਰਹੇ ਸਨ।ਬਹੁਤ ਥਾਈਂ ਨੌਜਵਾਨ ਖੁਦ ਮੀਡੀਆ ਨੂੰ ਘੇਰ ਰਹੇ ਸਨ।ਇੱਕ ਪਾਸੜ ਮੀਡੀਆ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦੇਣ ਬਦਲੇ ਉਹ ਮੀਡੀਆ ਵਾਲਿਆਂ ਨੂੰ ਸਵਾਲ ਪੁੱਛ ਕੇ ਵਖਤ ਪਾ ਰਹੇ ਸਨ।ਦਿੱਲੀ ਮੋਰਚੇ ਵਿੱਚ ਮੌਜੂਦ ਟਰਾਲੀਆਂ ਖਾਣ ਦੇ ਸਾਮਾਨ ਤੇ ਕੱਪੜਿਆਂ ਨਾਲ ਭਰੀਆਂ ਪਈਆਂ ਸਨ।ਇੱਕ ਹੋਰ ਅਹਿਮ ਗੱਲ ਇਹ ਸੀ ਕਿ ਦੱਸ ਕਿਲੋਮੀਟਰ ਦੇ ਮੋਰਚੇ ਵਿੱਚ ਕਿਤੇ ਵੀ ਚਾਹ ਦੀ ਦੁਕਾਨ ਨਹੀਂ ਸੀ,ਸਗੋਂ ਹਰ ਪਾਸੇ ਰਾਹਗੀਰਾਂ ਨੂੰ ਦੁੱਧ ਹੀ ਦਿੱਤਾ ਜਾ ਰਿਹਾ ਸੀ।ਮੋਰਚੇ ਵਿੱਚ ਜਿੱਥੇ ਦਿੱਲੀ ਦੇ ਲੋਕ ਦਿਲ ਖੋਲ੍ਹ ਕੇ ਦਾਨ ਕਰ ਰਹੇ ਹਨ,ਉੱਥੇ ਹਰ ਰੋਜ ਹਜ਼ਾਰਾਂ ਪਰਵਾਸੀ ਲੰਗਰ ਵੀ ਛਕ ਰਿਹਾ ਹੈ।ਸਫਾਈ ਦਾ ਵਿਸ਼ੇਸ਼ ਖਿਆਲ ਰੱਖਿਆ ਜਾ ਰਿਹਾ ਹੈ।ਥੋੜ੍ਹੀ-ਥੋੜ੍ਹੀ ਦੂਰੀ ਉਤੇ ਸਪੀਕਰ ਲੱਗੇ ਹੋਏ ਹਨ ਤਾਂ ਜੋ ਕਿਸਾਨਾਂ ਨੂੰ ਪ੍ਰੋਗਰਾਮ ਸੁਨਣ ਲਈ ਸਟੇਜ ਕੋਲ ਨਾ ਜਾਣਾ ਪਵੇ। ਮੋਰਚੇ ਵਿੱਚ ਕਿਸਾਨ ਜਥੇਬੰਦੀਆਂ ਤੋਂ ਇਲਾਵਾ ,ਖੱਬੀਆਂ ਪਾਰਟੀਆਂ ਤੇ ਉਨ੍ਹਾਂ ਦੀਆਂ ਸਹਿਯੋਗੀ ਜਥੇਬੰਦੀਆਂ ਜਿਵੇਂ ਆਂਗਣਵਾੜੀ ਮੁਲਾਜ਼ਮ, ਐਸਐਫਆਈ,ਏਆਈਐਸਐਫ ਤੋਂ ਇਲਾਵਾ ਖਾਲਸਾ ਏਡ ਵਰਗੀਆਂ ਜਥੇਬੰਦੀਆਂ ਵੀ ਪੂਰੀ ਤਰ੍ਹਾਂ ਕਾਰਜਸ਼ੀਲ ਸਨ। ਇਸ ਮੋਰਚੇ ਵਿੱਚ ਜਿੱਥੇ ਹਰਿਆਣਵੀਂ ਤਾਊ ਤੇ ਛੋਰਿਆਂ ਦੀ ਸ਼ਮੂਲੀਅਤ ਵੀ ਵੱਡਾ ਉਤਸ਼ਾਹ ਭਰਦੀ ਹੈ, ਉੱਥੇ ਹਰਿਆਣਵੀਂ ਕਿਸਾਨ-ਨੌਜਵਾਨ ਕਿਤੇ -ਕਿਤੇ ਹੁੱਕਾ ਪੀਂਦਿਆਂ ਮੋਦੀ ਸਰਕਾਰ ਨੂੰ ਲਾਹਣਤਾਂ ਪਾਉਂਦਿਆਂ ਹੁੰਕਾਰ ਭਰ ਰਹੇ ਹਨ ਜਦਕਿ ਹਰਿਆਣਵੀਂ ਧੀਆਂ -ਭੈਣਾਂ ਆਪਣੀ ਬੋਲੀ ਤੇ ਟਿੱਪਣੀਆਂ ਰਾਹੀਂ ਆਮ ਲੋਕਾਂ ਤੇ ਮੀਡੀਆ ਦਾ ਧਿਆਨ ਖਿੱਚ ਰਹੀਆਂ ਹਨ। ਯੂਪੀ ਵਾਲੇ ਕਿਸਾਨ ਹਰੇ ਰੰਗ ਦੀਆਂ ਲਾਲ ਬਹਾਦੁਰ ਸ਼ਾਸ਼ਤਰੀ ਵਾਲੀ ਟੋਪੀ ਲੈ ਕੇ ਮੈਦਾਨ ਵਿੱਚ ਡਟੇ ਹੋਏ ਹਨ। ਮੋਰਚੇ ਦੀ ਕਿਸਾਨੀ ਸਟੇਜ ਪੂਰੀ ਤਰ੍ਹਾਂ ਅਨੁਸ਼ਾਸ਼ਿਤ ਹੈ ।ਸਟੇਜ ਉਪਰ ਬੇਵਜ੍ਹਾ ਭੀੜ ਨਹੀਂ ਸੀ ਤੇ ਸਟੇਜ ਸਕੱਤਰ ਵੱਲੋਂ ਬੁਲਾਰੇ ਦਾ ਨਾਮ ਦੱਸਣ ਦੇ ਨਾਲ-ਨਾਲ ਉਸ ਨੂੰ ਬੋਲਣ ਲਈ ਦਿੱਤਾ ਜਾਣ ਵਾਲਾ ਸਮਾਂ ਵੀ ਦੱਸਿਆ ਜਾ ਰਿਹਾ ਸੀ।ਸਟੇਜ ਦੇ ਬਿਲਕੁਲ ਨੇੜੇ ਨੌਜਵਾਨ ਵਲੰਟੀਅਰਾਂ ਦੀ ਟੀਮ ਰੱਸਾ ਲੈ ਕੇ ਖੜ੍ਹੀ ਸੀ ਜੋ ਕਿਸੇ ਵੱਡੇ ਵੀਆਈਪੀ ਸਮਾਗਮ ਵਰਗੀ ਪ੍ਰਭਾਵ ਦੇ ਰਹੀ ਸੀ।ਸਮਾਗਮ ਵਿੱਚ ਸ਼ਾਮਲ ਹੋਣ ਲਈ ਆਉਂਦੀ ਹਰ ਜਥੇਬੰਦੀ ਕਿਸਾਨੀ ਨਾਅਰਿਆਂ ਨਾਲ ਆਸਮਾਨ ਗੂੰਜਾ ਰਹੀ ਸੀ।ਹੱਥ ਖੜ੍ਹੇ ਕਰ -ਕਰ ਮਾਰੇ ਜਾ ਰਹੇ ਇਨਕਲਾਬੀ ਨਾਅਰੇ ਕਿਸਾਨਾਂ ਦੀ ਉਮੀਦ ਨਾਲ ਭਰੀਆਂ ਅੱਖਾਂ ਵਿੱਚ ਨਵਾਂ ਜੋਸ਼ ਭਰ ਰਹੇ ਸਨ।ਸਟੇਜ ਦੇ ਅੰਤ ਵਿੱਚ ਬਿਲਕੁਲ ਦਿੱਲੀ ਵਾਲੇ ਪਾਸੇ ਨਿਹੰਗਾਂ ਨੇ ਆਪਣਾ ਡੇਰਾ ਲਾਇਆ ਹੋਇਆ ਸੀ।ਨਿਹੰਗ ਜਥੇਬੰਦੀਆਂ ਜਿੱਥੇ ਲਾਏ ਆਪਣੇ ਟੈਂਟ ਵਿੱਚ ਬਾਣੀ ਦਾ ਸਰਵਣ ਕਰ ਰਹੀਆਂ ਸਨ,ਉੱਥੇ ਉਨ੍ਹਾਂ ਸੜਕ ਉਤੇ ਹੀ ਤਬੇਲਾ ਬਣਾ ਕੇ ਆਪਣੇ ਘੋੜੇ ਬੰਨੇ ਹੋਏ ਸਨ।
ਕੁੱਝ ਲੋਕਾਂ ਲਈ ਇਹ ਪ੍ਰੋਗਰਾਮ ਸੰਘਰਸ਼ ਹੈ,ਕੁੱਝ ਲਈ ਉਮੀਦ ਦੀ ਕਿਰਨ ਤੇ ਕਈਆਂ ਲਈ ਰੌਣਕ ਮੇਲਾ ਵੀ ਹੈ।ਲੋਕ ਹੌਸਲੇ ਨਾਲ ਵਿਚਰ ਰਹੇ ਹਨ। ਕੇਂਦਰ ਸਰਕਾਰ ਸ਼ਾਇਦ ਸੋਚ ਰਹੀ ਸੀ ਕਿ ਇਹ ਅੰਦੋਲਨਕਾਰੀ ਇੱਕ ਦੋ ਦਿਨ ਵਿੱਚ ਥੱਕ ਹਾਰ ਕੇ ਆਪਣੇ ਘਰਾਂ ਨੂੰ ਮੁੜ ਜਾਣਗੇ ਪਰ ਇਨ੍ਹਾਂ ਅੰਦੋਲਨਕਾਰੀਆਂ ਨੇ ਤਾਂ ਇੱਥੇ ਹਰਿਆਣਾ ਤੇ ਯੂਪੀ ਵਾਲਿਆਂ ਨੂੰ ਵੀ ਲਾਮਬੰਦ ਕਰ ਦਿੱਤਾ ਹੈ।ਅੰਦੋਲਨਕਾਰੀਆਂ ਵੱਲੋਂ ਵਿਖਾਈ ਸਿਦਕ,ਦਲੇਰੀ ,ਸਬਰ ਤੇ ਸੰਤੋਖ ਇਹ ਉਮੀਦ ਪ੍ਰਗਟਾਉਂਦੀ ਹੈ ਕਿ ਇਸ ਮੋਰਚੇ ਨੂੰ ਫਤਿਹ ਹੋਣ ਤੋਂ ਕੋਈ ਨਹੀਂ ਰੋਕ ਸਕਦਾ।
ਮੋਬਾਇਲ :7889111988