ਲੇਖਕ : ਚੰਦਰਪਾਲ ਅੱਤਰੀ, ਲਾਲੜੂ
ਸਾਲ 1885 ਵਿੱਚ ਇੱਕ ਅੰਗਰੇਜ਼ ਅਫਸਰ ਏ ਓ ਹਿਊਮ ਵੱਲੋਂ ਸਥਾਪਤ ਭਾਰਤੀ ਰਾਸ਼ਟਰੀ ਕਾਂਗਰਸ ਜੋ ਹੁਣ ਇੱਕ ਸੌ ਪੈਂਤੀ ਵਰਿਆਂ ਨੂੰ ਢੁਕ ਚੁੱਕੀ ਹੈ, ਅੱਜ ਬੇਹੱਦ ਮਾੜੇ ਹਾਲਾਤ ਵਿੱਚ ਹੈ। ਮੱਧ ਪ੍ਰਦੇਸ਼ ਵਿੱਚ ਉਹ ਸਰਕਾਰ ਗੁਆ ਚੁੱਕੀ ਹੈ ਤੇ ਰਾਜਸਥਾਨ ਵਿੱਚ ਉਸ ਦੀ ਸਿਆਸੀ ਇੱਜਤ ਮਸਾਂ -ਮਸਾਂ ਬਚੀ ਹੈ। ਪਾਰਟੀ ਵਿਚਲੇ ਸੂਤਰ ਪਾਰਟੀ ਦੇ ਇਸ ਸੰਕਟ ਨੂੰ ਜਥੇਬੰਦਕ ਕਮਜੋਰੀ ਦੱਸ ਕੇ ਖਹਿੜਾ ਛੁਡਾ ਲੈਂਦੇ ਹਨ ਜਦਕਿ ਪਾਰਟੀ ਨੂੰ ਨੇੜਿਓਂ ਤੱਕਣ ਵਾਲਿਆਂ ਲਈ ਇਹ ਸੰਕਟ ਜਥੇਬੰਦਕ ਨਹੀਂ ਸਗੋਂ ਵਿਚਾਰਧਾਰਕ ਹੈ। ਪਾਰਟੀ ਦੇ ਪ੍ਰੋੜ ਅਤੇ ਨੌਜਵਾਨ ਆਗੂ ਇਸ ਸਮੇਂ ਜਿੱਥੇ ਆਪਣੀ ਸਿਆਸੀ ਹੋਂਦ ਨੂੰ ਲੈ ਕੇ ਆਹਮੋ-ਸਾਹਮਣੇ ਹਨ, ਉੱਥੇ ਉਨ੍ਹਾਂ ਦਰਮਿਆਨ ਪਾਰਟੀ ਦੀ ਸਮਾਜਿਕ ,ਧਾਰਮਿਕ ਤੇ ਆਰਥਿਕ ਮਾਮਲਿਆਂ ਸਬੰਧੀ ਲਾਈਨ ਨੂੰ ਲੈ ਕੇ ਜ਼ਬਰਦਸਤ ਸੰਸੋਪੰਜ ਹੈ। ਪ੍ਰੋੜ ਆਗੂ ਆਪਣੇ ਲਈ ਵੱਡੀਆਂ ਕੁਰਸੀਆਂ ਰਾਖਵੀਂ ਰੱਖਦਿਆਂ ਆਪਣੇ ਜਵਾਕਾਂ ਦਾ ਸੁਰੱਖਿਅਤ ਭਵਿੱਖ ਚਾਹੁੰਦੇ ਹਨ। ਪ੍ਰੋੜ ਆਗੂਆਂ ਦੇ ਮਾਮਲਿਆਂ ਦੀ ਸਿਆਸਤ ਨੂੰ ਜੇਕਰ ਧਿਆਨ ਨਾਲ ਵੇਖਿਆ ਜਾਵੇ ਤਾਂ ਆਪੋ-ਆਪਣੇ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਅੰਦਰ ਵਧੀਆ ਪ੍ਰਦਰਸ਼ਨ ਕਰਨ ਦੇ ਬਾਵਜੂਦ ਅਸ਼ੋਕ ਗਹਿਲੋਤ ਤੇ ਕਮਲਨਾਥ ਲੋਕ ਸਭਾ ਚੋਣਾਂ ਵਿੱਚ ਬੁਰੀ ਤਰ੍ਹਾਂ ਮਾਤ ਖਾ ਗਏ। ਉਹ ਲੋਕ ਸਭਾ ਚੋਣਾਂ ਵਿੱਚ ਆਪੋ-ਆਪਣੇ ਪੁੱਤਰਾਂ ਨੂੰ ਜਿਤਾਉਣ ਲਈ ਹੀ ਸਰਗਰਮੀਆਂ ਕਰਦੇ ਰਹੇ ਜਦਕਿ ਬਾਕੀ ਉਮੀਦਵਾਰ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਦੀ ਸਿਆਸੀ ਤਰੱਕੀ ਦੇ ਰਾਹ ਵਿੱਚ ਰੋੜਾ ਜਾਪ ਰਹੇ ਸਨ। ਇਹ ਪ੍ਰੋੜ ਆਗੂ ਆਪਣੇ ਆਪ ਨੂੰ ਸੋਨੀਆ ਗਾਂਧੀ ਦੀ ਅਗਵਾਈ ਵਿੱਚ ਵਧੇਰੇ ਸੁਰੱਖਿਅਤ ਸਮਝਦੇ ਹਨ।ਭਾਵੇਂ ਵਿਚਾਰਧਾਰਾ ਪੱਖੋਂ ਇਹ ਆਗੂ ਵਧੇਰੇ ਮਜਬੂਤ ਹਨ ਤੇ ਪਾਰਟੀ ਦਾ ਪੱਖ ਪੂਰਨ ਵਿੱਚ ਸਮਰੱਥ ਹਨ ਪਰ ਉਨ੍ਹਾਂ ਦੇ ਨਿੱਜੀ ਮੁਫਾਦ ਅਸੀਮਤ ਹਨ।ਮੌਜੂਦਾ ਸਮੇਂ ਵਿੱਚ ਪਾਰਟੀ ਦੇ 23 ਆਗੂਆਂ ਵੱਲੋਂ ਲਿਖੇ ਇੱਕ ਪੱਤਰ ਨੂੰ ਇਸੇ ਸੰਦਰਭ ਵਿੱਚ ਵੇਖਿਆ ਜਾ ਸਕਦਾ ਹੈ।
ਦੂਜੇ ਪਾਸੇ ਪਾਰਟੀ ਦਾ ਨੌਜਵਾਨ ਧੜਾ ਹੈ।ਹਾਲ ਦੀ ਘੜੀ ਇਸ ਪਾਰਟੀ ਵਿੱਚ ਨੌਜਵਾਨਾਂ ਵਜੋਂ ਮਹਿਜ ਆਗੂ ਹੀ ਅੱਗੇ ਹਨ ਤੇ ਹੇਠਲੇ ਪੱਧਰ ਉਤੇ ਨੌਜਵਾਨ ਨਦਾਰਦ ਹਨ।ਅਸਲ ਵਿੱਚ ਕਾਂਗਰਸ ਦਾ ਨੌਜਵਾਨ ਧੜਾ ਵਿਚਾਰਧਾਰਾ ਪੱਖੋਂ ਵਧੇਰੇ ਥਿੜਕਿਆ ਹੈ। ਤਿੰਨ ਤਲਾਕ ਨੂੰ ਖਤਮ ਕਰਨ,ਧਾਰਾ-370 ਬਾਰੇ ਮੁੜ ਵਿਚਾਰ ਕਰਨ ਤੇ ਰਾਮ ਮੰਦਰ ਸਬੰਧੀ ਫੈਸਲਾ ਹੋ ਜਾਣ ਨੂੰ ਲੈ ਕੇ ਪਾਰਟੀ ਦਾ ਨੌਜਵਾਨ ਧੜਾ ਦੁਚਿੱਤੀ ਵਿੱਚ ਪੈ ਗਿਆ।ਬਿਨਾਂ ਸ਼ੱਕ ਇਹ ਮਾਮਲੇ ਹੱਲ ਹੋਣੇ ਚਾਹੀਦੇ ਸਨ ਤੇ ਕੁੱਝ ਹੱਦ ਤੱਕ ਹੋ ਵੀ ਗਏ ਹਨ ਪਰ ਇੱਕ ਸਮੇਂ ਤੱਕ ਧਰਮ ਨੂੰ ਸਿਆਸਤ ਤੋ ਵੱਖ ਰੱਖਣ ਵਾਲੀ ਇਸ ਧਰਮ ਨਿਰਪੱਖ ਪਾਰਟੀ ਦੇ ਨੌਜਵਾਨ ਆਗੂ ਤਾਂ ਰਾਮ ਮੰਦਰ ਦੇ ਉਦਘਾਟਨ ਦੀਆਂ ਫੋਟੋਆਂ ਵਾਲੀਆਂ ਫਲੈਕਸਾਂ ਟੰਗਵਾਉਣ ਤੱਕ ਚੱਲੇ ਗਏ।ਇਹ ਬਿਲਕੁਲ ਉਸੇ ਤਰ੍ਹਾਂ ਸੀ, ਜਿਸ ਤਰ੍ਹਾਂ ਗੁਜਰਾਤ ਚੋਣਾਂ ਵਿੱਚ ਰਾਹੁਲ ਗਾਂਧੀ ਜਨੇਊ ਪਾਉਣ ਦੀ ਸਿਆਸਤ ਤੱਕ ਪਹੁੰਚ ਗਏ ਸਨ। ਇਸੇ ਤਰ੍ਹਾਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੇ ਤੇਜ਼-ਤਰਾਰ ਕਾਂਗਰਸੀ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਤੱਕ ਜੰਮੂ -ਕਸ਼ਮੀਰ ਵਿਚਲੀ ਧਾਰਾ -370 ਨੂੰ ਖਤਮ ਕਰਨ ਸਬੰਧੀ ਕਾਰਵਾਈ ਨੂੰ ਸਹੀ ਠਹਿਰਾਅ ਰਹੇ ਸਨ।ਜਦਕਿ ਉਸ ਸਮੇਂ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਦੇ ਇੰਚਾਰਜ ਜੰਮੂ ਕਸ਼ਮੀਰ ਵਿੱਚ ਭਾਰਤੀ ਝੰਡਾ ਆਪਣੀ ਹਿੱਕ ਨਾਲ ਲਾ ਕੇ ਰੱਖਣ ਵਾਲੇ ਗੁਲਾਮ ਨਬੀ ਆਜ਼ਾਦ ਸਨ।ਇਹ ਤਾਂ ਪਤਾ ਨਹੀਂ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਜਿਤਵਾਉਣ ਲਈ ਸਿਰ-ਧੜ ਦੀ ਬਾਜੀ ਲਾਉਣ ਵਾਲੇ ਗੁਲਾਮ ਨਬੀ ਆਜ਼ਾਦ ਦੇ ਮਨ ਉਤੇ ਉਦੋਂ ਕੀ ਬੀਤ ਰਹੀ ਸੀ ਪਰ ਹੁੱਡਾ ਤੇ ਸੂਰਜੇਵਾਲਾ ਲਈ ਤਾਂ ਇਸ ਸਮੇਂ ਹਰਿਆਣਾ ਵਿਧਾਨ ਸਭਾ ਚੋਣਾਂ ਜਿੱਤਣੀਆਂ ਮੁੱਖ ਸਨ ਨਾ ਕਿ ਗੁਲਾਮ ਨਬੀ ਆਜ਼ਾਦ ਤੇ ਜੰਮੂ ਕਸ਼ਮੀਰ। ਹੋਰ ਤਾਂ ਹੋਰ ਆਰਥਿਕ ਨੀਤੀਆਂ ਬਾਰੇ ਇਸ ਪਾਰਟੀ ਦੇ ਸਟੈਂਡ ਵਿੱਚ ਭਾਜਪਾ ਨਾਲੋਂ ਰਤਾ ਫਰਕ ਨਹੀਂ।ਜਵਾਹਰ ਲਾਲ ਨਹਿਰੂ ਦੀ ਸਮਾਜਵਾਦੀ ਸੋਚ ਤੇ ਇੰਦਰਾ ਗਾਂਧੀ ਦੀ ਰਾਸ਼ਟਰੀਕਰਨ ਵਾਲੀ ਸੋਚ ਨੂੰ ਪ੍ਰਣਾਈ ਕਾਂਗਰਸ ਅੱਜ ਸਮਾਜਵਾਦੀ ਵਿਚਾਰਧਾਰਾ ਨੂੰ ਤਿਲਾਂਜਲੀ ਦੇ ਗਈ ਹੈ। 14 ਰਾਸ਼ਟਰੀ ਬੈਂਕਾਂ ਦੀ ਸਥਾਪਨਾ ਵਾਲੀ ਕਾਂਗਰਸ ਦੇ ਪੰਜਾਬ ਵਿਚਲੇ ਵਾਰਸਾਂ ਨੇ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਹੀ ਇੱਕ ਲੱਖ ਦੇ ਕਰੀਬ ਸਰਕਾਰੀ ਆਸਾਮੀਆਂ ਦਾ ਭੋਗ ਪਾ ਦਿੱਤਾ ਹੈ। ਇਸ ਤੋਂ ਇਲਾਵਾ ਰੁਜ਼ਗਾਰ ਦੇਣ,ਆਦਿਵਾਸੀਆਂ ਦੀ ਹਾਲਤ ਸੁਧਾਰਨ ਤੇ ਵਿਦੇਸ਼ ਨੀਤੀ ਦੇ ਮਾਮਲੇ ਵੀ ਇਸ ਪਾਰਟੀ ਲਈ ਵੱਡਾ ਸੰਕਟ ਬਣ ਗਏ ਹਨ। ਸੋਚਣ ਵਾਲੀ ਗੱਲ ਇਹ ਹੈ ਕਿ, ਕੀ ਉਕਤ ਮਾਮਲਿਆਂ ਵਿੱਚ ਇਨ੍ਹਾਂ ਦੀ ਹਾਈਕਮਾਂਡ ਵਿੱਚ ਇਸ ਸਬੰਧੀ ਇੱਕਸੁਰਤਾ ਸੀ ਜਦਕਿ ਕਾਂਗਰਸ ਦੀ ਮੁੱਖ ਵਿਰੋਧੀ ਤੇ ਮੌਜੂਦਾ ਸੱਤਾਧਾਰੀ ਪਾਰਟੀ ਆਪਣੀ ਇੱਕ ਵਿਸ਼ੇਸ਼ ਵਿਚਾਰਧਾਰਾ ਦੇ ਪੱਖੋਂ ਪੂਰੀ ਤਰ੍ਹਾਂ ਸਪੱਸ਼ਟ ਹੈ।ਇਸ ਤਰ੍ਹਾਂ ਸਪੱਸ਼ਟ ਹੁੰਦਾ ਹੈ ਕਿ ਸਿਆਸੀ ਨੀਵਾਣਾ ਨੂੰ ਛੋ ਰਹੀ ਕਾਂਗਰਸ ਦਾ ਸੰਕਟ ਜਥੇਬੰਦਕ ਨਹੀਂ ਸਗੋਂ ਵਿਚਾਰਧਾਰਕ ਹੈ ਤੇ ਜੇਕਰ ਉਸ ਨੂੰ ਇਸ ਸੰਕਟ ਵਿਚੋਂ ਬਾਹਰ ਨਿਕਲਣਾ ਹੈ ਤਾਂ ਸਮਾਜਿਕ, ਧਾਰਮਿਕ ਤੇ ਆਰਥਿਕ ਮਾਮਲਿਆਂ ਬਾਰੇ ਠੋਸ ਤੇ ਸਪੱਸ਼ਟ ਪੈਂਤੜਾ ਮੱਲਣਾ ਪਵੇਗਾ।ਭਾਵੇਂ ਆਪਣੇ ਰਾਜ ਕਾਲ ਦੌਰਾਨ ਇਸ ਪਾਰਟੀ ਨੇ ਹਰ ਉਹ ਕੰਮ ਕੀਤਾ ਹੈ,ਜਿਸ ਦਾ ਇਹ ਦੋਸ਼ ਭਾਜਪਾ ਨੂੰ ਦਿੰਦੀ ਹੈ। ਰੱਖਿਆ ਸੌਦਿਆਂ ਵਿੱਚ ਦਲਾਲੀ,ਫਿਰਕੂ ਦੰਗੇ,ਸੀਬੀਆਈ ਦੀ ਦੁਰਵਰਤੋਂ ਤੇ ਭਰਿਸ਼ਟਾਚਾਰ ਸਮੇਤ ਬਹੁਤ ਸਾਰੇ ਦੋਸ਼ ਇਸ ਪਾਰਟੀ ਉਤੇ ਲਗਦੇ ਰਹੇ ਹਨ। ਉਨ੍ਹਾਂ ਵਿਚੋਂ ਵਧੇਰੇ ਸੱਚ ਵੀ ਹਨ ਪਰ ਇਸ ਦੇ ਨਾਲ ਹੀ ਇੱਕ ਗੱਲ ਅੱਜ ਵੀ ਪੂਰੀ ਤਰ੍ਹਾਂ ਸੱਚ ਹੈ ਕਿ ਇਸ ਪਾਰਟੀ ਦਾ ਦੇਸ਼ ਦੀ ਆਜ਼ਾਦੀ ਵਿੱਚ ਵੱਡਾ ਰੋਲ ਰਿਹਾ ਹੈ।
ਆਖਰ ਦੇਸ਼ ਦੀ ਆਜ਼ਾਦੀ ਵਿੱਚ ਸਮੁੱਚੇ ਮੁਲਕ ਨੂੰ ਇੱਕ-ਜੁੱਟ ਕਰਨ ਵਾਲੀ ਇਹ ਪਾਰਟੀ ਸਿਰਫ ਖੇਤਰੀ ਚੋਣਾਂ ਜਿੱਤਣ ਲਈ ਆਪਣੀ ਸ਼ਾਨਾਮੱਤੀ ਵਿਚਾਰਧਾਰਾ ਤੋਂ ਦੂਰ ਕਿਵੇਂ ਹੋ ਸਕਦੀ ਹੈ। ਵੰਸ਼ਵਾਦ ਦੇ ਮਾਮਲੇ ਵਿੱਚ ਪਾਰਟੀ ਪ੍ਰਤੀ ਬਣੀ ਧਾਰਨਾ ਨੂੰ ਲੈ ਕੇ ਇਸ ਪਾਰਟੀ ਦੇ ਆਗੂਆਂ ਨੂੰ ਕੁੱਝ ਠੋਸ ਸੰਦੇਸ਼ ਦੇਣਾ ਹੋਵੇਗਾ। ਇਸ ਮਾਮਲੇ ਵਿੱਚ ਇਹ ਪਾਰਟੀਆਂ ਕਿਸੇ ਵੇਲੇ ਉਨ੍ਹਾਂ ਦੀ ਸਹਿਯੋਗੀ ਰਹੀ ਖੱਬੀਆਂ ਪਾਰਟੀਆਂ ਦਾ ਮਾਡਲ ਵੀ ਅਪਣਾ ਸਕਦੀਆਂ ਹਨ। ਇਹ ਇਤਿਹਾਸ ਵਿੱਚ ਦਰਜ ਹੈ ਕਿ ਅੱਜ ਸੀਪੀਆਈ(ਐਮ)ਤੇ ਸੀਪੀਆਈ ਸਮੇਤ ਵਧੇਰੇ ਖੱਬੀਆਂ ਪਾਰਟੀਆਂ ਦੇ ਕਿਸੇ ਵੀ ਵੱਡੇ ਆਗੂ ਦਾ ਪਰਿਵਾਰਕ ਮੈਂਬਰ ਵਿਰਾਸਤੀ ਸਿਆਸਤ ਨਹੀਂ ਕਰ ਰਿਹਾ, ਉਹ ਭਾਵੇਂ 24 ਸਾਲ ਮੁੱਖ ਮੰਤਰੀ ਰਹੇ ਕਾਮਰੇਡ ਜਯੋਤੀ ਬਸੂ ਦੇ ਪਰਿਵਾਰਕ ਮੈਂਬਰ ਹੋਣ ਜਾਂ ਦਹਾਕਾ ਭਰ ਜਨਰਲ ਸਕੱਤਰ ਰਹੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦਾ ਪਰਿਵਾਰ ਹੋਵੇ।
ਅੰਤ ਵਿੱਚ ਅਸੀਂ ਇਹੋ ਕਹਾਂਗੇ ਕਿ ਭਾਰਤ ਬਹੁ-ਧਰਮੀ ਤੇ ਬਹੁ ਵਿਚਾਰਧਾਰਾਵਾਂ ਦਾ ਦੇਸ਼ ਹੈ ਅਤੇ ਅਸੀਂ ਕਦੇ ਵੀ ਧਰਮ ਦੀ ਅਹਿਮੀਅਤ ਖਤਮ ਕਰਨ ਦੇ ਹਾਮੀ ਨਹੀਂ ਰਹੇ ਪਰ ਧਰਮ ਵਿਅਕਤੀ ਦਾ ਨਿੱਜੀ ਮਾਮਲਾ ਹੈ। ਦਿਨ -ਰਾਤ ਲੋਕਾਂ ਨੂੰ ਲੱਟਣ ਦੀਆਂ ਸਕੀਮਾਂ ਬਣਾਉਣ ਉਪਰੰਤ ਸਵੇਰੇ ਘਰ ਜਾਂ ਘਰ ਵਿਚਲੇ ਮੰਦਰ ਵਿੱਚ ਘੰਟੀਆਂ ਵਜਾਉਣ ਵਾਲਾ ਪਰਮਾਤਮਾ ਦਾ ਪੈਰੋਕਾਰ ਕਿਵੇਂ ਹੋ ਸਕਦਾ ਹੈ। ਇਸ ਤਰ੍ਹਾਂ ਕਾਂਗਰਸ ਸਮੇਤ ਹਰ ਧਰਮ ਨਿਰਪੱਖ ਪਾਰਟੀ ਆਮ ਲੋਕਾਂ ਬਦਲੇ ਧਰਮ ਨੂੰ ਅਹਿਮੀਅਤ ਦੇਣ ਵਾਲੀ ਸਿਆਸਤ ਦਾ ਸੱਚ ਨੰਗਾ ਕਰੇ ਤਾਂ ਜੋ ਲੋਕਾਂ ਨੂੰ ਬੇਲੋੜੇ ਮਾਮਲਿਆਂ ਵਿੱਚ ਉਲਝਣ ਤੋਂ ਬਚਾਇਆ ਜਾ ਸਕੇ।
ਮੋਬਾਈਲ : 7889111988