ਨਹੀਂ ਚਲ ਸਕਦਾ ਨਵੀਂ ਪਾਰਟੀ ਤੋਂ ਬਿਨਾਂ ਨਵਜੋਤ ਸਿੱਧੂ ਦਾ ਪੰਜਾਬ ਮਾਡਲ!
ਲੋਕਾਂ ਦਾ ਮੂਡ ਚਿਹਰਿਆਂ ਦੀ ਤਲਾਸ਼ ਨਹੀਂ, ਬਦਲਾਅ ਦਾ ਹੈ!
ਆਮ ਆਦਮੀ ਪਾਰਟੀ ਦੀ ਪੰਜਾਬ ਦੇ ਲੋਕਾਂ ’ਚ ਜ਼ਿਆਦਾ ਚਰਚਾ
ਚੰਡੀਗੜ੍ਹ: 8 ਫਰਵਰੀ, ਸੁਖਦੇਵ ਸਿੰਘ ਪਟਵਾਰੀ
ਕਾਂਗਰਸ ਹਾਈਕਮਾਂਡ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਹੈ। ਜਦੋਂ ਰਾਹੁਲ ਗਾਂਧੀ ਇਸ ਚਿਹਰੇ ਦਾ ਐਲਾਨ ਕਰ ਰਹੇ ਸਨ ਤਾਂ ਸਟੇਜ ’ਤੇ ਬੈਠੇ ਸਾਰੇ ਚਿਹਰੇ ਪੜ੍ਹੇ ਜਾ ਰਹੇ ਸਨ। ਰਾਹੁਲ ਦੀ ਮੀਟਿੰਗ ’ਚ ਬੈਠੇ ਚਿਹਰੇ ’ਤੇ ਪੰਜਾਬ ਦੇ ਲੋਕਾਂ ਨੂੰ ਜਿਸ ਚਿਹਰੇ ਦੀ ਤਲਾਸ਼ ਸੀ, ਉਸ ਵਿੱਚ ਵਖਰੇਵਾਂ ਜ਼ਾਹਰ ਹੋਣਾ ਸੁਭਾਵਕ ਸੀ।
ਪੰਜਾਬ ਵਿੱਚ ਭਾਜਪਾ, ਅਮਰਿੰਦਰ, ਢੀਂਡਸਾ ਗਰੁੱਪ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਦੇ ਮੁੱਖ ਮੰਤਰੀ ਚਿਹਰੇ ਹਨ। ਅਕਾਲੀ ਬਸਪਾ ਦਾ ਚਿਹਰਾ ਸੁਖਬੀਰ ਸਿੰਘ ਬਾਦਲ, ਕਾਂਗਰਸ ਦਾ ਚਰਨਜੀਤ ਸਿੰਘ ਚੰਨੀ, ‘ਆਪ’ ਦਾ ਭਗਵੰਤ ਮਾਨ ਤੇ ਸੰਯੁਕਤ ਸਮਾਜ ਮੋਰਚੇ ਦਾ ਬਲਵੀਰ ਸਿੰਘ ਰਾਜੇਵਾਲ ਹਨ। ਇਨ੍ਹਾਂ ਪਾਰਟੀਆਂ ਵੱਲੋਂ ਐਲਾਨੇ ਚਿਹਰੇ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਸਾਹਮਣਿਓ ਲੰਘੇ ਹੋਏ ਤੇ ਲੰਘ ਰਹੇ ਹਨ। ਇਨ੍ਹਾਂ ਦੇ ਭੂਤ ਤੇ ਵਰਤਮਾਨ ਨੂੰ ਦੇਖਦਿਆਂ ਸਿਆਸੀ ਪੰਡਿਤਾਂ ਨੂੰ ਭਵਿੱਖ ਦਾ ਟੇਵਾ ਲਾਉਣਾ ਔਖਾ ਨਹੀਂ ਹੈ।
ਸਿਆਸੀ ਪਾਰਟੀਆਂ ਵੱਲੋਂ ਚਿਹਰਾ ਐਲਾਨਣ ਦਾ ਸਪੱਸ਼ਟ ਮਕਸਦ ਹੁੰਦਾ ਹੈ। ਮਕਸਦ ਹੈ ਸਤਾਹ ਕੌਣ ਦਵਾ ਸਕਦਾ ਹੈ? ਵੋਟ ਕੌਣ ਖਿੱਚ ਸਕਦਾ ਹੈ? ਦੂਜਾ ਕਾਰਨ ਚਿਹਰਾ ਆਪਣੇ ਧਰਮ/ਜਾਤ ਦੀਆਂ ਵੋਟਾਂ ਨੂੰ ਕਿੰਨੀ ਖਿੱਚ ਪਾਉਂਦਾ ਹੈ? ਤੀਜਾ,ਚਿਹਰਾ ਪਾਰਟੀ ਲੀਡਰਸ਼ਿਪ ਦਾ ਕਿੰਨਾ ਵਫਾਦਾਰ ਭਰਾਤ ਹੈ। ਚੌਥਾ, ਪੈਸਾ ਕਿੰਨਾ ਹੈ? ਖਰਚ ਕਿੰਨਾ ਕਰ ਸਕਦਾ ਹੈ? ਪੰਜਵਾਂ, ਪਾਰਟੀ ਲੀਡਰਾਂ /ਵਰਕਰਾਂ ਦਾ ਕਿੰਨਾਂ ਹਿੱਸਾ ਉਸਦਾ ਪ੍ਰਭਾਵ ਕਬੂਲਦਾ ਹੈ? ਚੋਣ ਸਿਆਸਤ ਦੇ ਇਨ੍ਹਾਂ ਗਜਾਂ ਨਾਲ ਪਾਰਟੀਆਂ ਚਿਹਰੇ ਐਲਾਨਦੀਆਂ ਹਨ।
ਪਰ ਪੰਜਾਬ ਨੂੰ ਕਿਸ ਚਿਹਰੇ ਦੀ ਤਲਾਸ਼ ਹੈ। ਵੱਖ ਵੱਖ ਪਾਰਟੀਆਂ ਦੇ ਚਿਹਾਰਿਆਂ ਦੀ ਚੀਰਫਾੜ ਕਰਨ ਤੋਂ ਪਹਿਲਾਂ ਸਾਨੂੰ ਪੰਜਾਬ ਲਈ ਲੋੜੀਂਦੇ ਚਿਹਰੇ ਬਾਰੇ ਵੀ ਮੰਥਨ ਕਰਨਾ ਪਵੇਗਾ।
ਪਹਿਲੀ ਗੱਲ, ਪੰਜਾਬ ਰਿਵਾਇਤੀ ਪਾਰਟੀਆਂ ਦੇ ਚਿਹਾਰਿਆਂ ਤੋਂ ਉਕਤਾਅ ਗਿਆ ਹੈ, ਅੱਕ ਗਿਆ ਹੈ। ਪੰਜਾਬ ਕੁਝ ਨਵਾਂ ਚਾਹੁੰਦਾ ਹੈ। ਪੰਜਾਬ ਵਾਅਦੇਬਾਜ਼ ਚਿਹਰਾ ਨਹੀਂ, ਅਮਲੀ ਰੂਪ ’ਚ ਕੁਝ ਹੁੰਦਾ ਦੇਖਣਾ ਚਾਹੁੰਦਾ ਹੈ । ਕਾਰਨ ਇਹ ਹੈ ਕਿ ਪੰਜਾਬ ਨੇ ਪਿਛਲੇ 75 ਸਾਲਾਂ ’ਚ ਆਪਣਾ ਸਭ ਕੁਝ ਉਜੜਦਾ ਦੇਖਿਆ ਹੈ। ਧਰਤੀ ਹੇਠਲਾ ਮਿੱਠਾ ਪਾਣੀ ਜ਼ਹਿਰੀਲਾ ਹੁੰਦਾ ਦੇਖਿਆ ਹੈ। ਦਰਿਆਵਾਂ ਦਾ ਪਾਣੀ ਗੰਧਲਾ ਤੇ ਪੁਲੀਤ ਹੋ ਗਿਆ ਹੈ। ਜ਼ਮੀਨ ਦੀ ਛਾਤੀ ਪੁੱਟ ਕੇ ਕੰਕਰੀਟ ਦੇ ਬੁਰਜ ਉਸਾਰੇ ਜਾ ਰਹੇ ਹਨ। ਫਸਲਾਂ ਜ਼ਹਿਰੀਲੀਆਂ, ਪਰ ਪੈਦਾ ਕਰਨ ਵਾਲੇ ਕੰਗਾਲ ਹੋ ਗਏ ਹਨ। ਖੁਦਕੁਸ਼ੀਆਂ ਕਰ ਰਹੇ ਹਨ। ਨਵੀਂ ਪੀੜੀ ਗੁਰੂਆਂ ਦੇ ਇਸ ਪੰਜਾਬ ਤੋਂ ਉਪਰਾਮ ਹੋ ਕੇ ਆਪਣੀ ਜਨਮ ਭੂਮੀ ਨੂੰ ਅਲਵਿਦਾ ਕਹਿ ਰਹੀ ਹੈ। ਡੰਗੋਰੀਆਂ ਬਣਨ ਵਾਲਿਆਂ ਨੂੰ ਸਭ ਕੁਝ ਵੇਚ ਵੱਟ ਕੇ ਬਾਹਰ ਭੇਜਿਆ ਜਾ ਰਿਹਾ ਹੈ ਕਿ ਕਿਧਰੇ ਉਨ੍ਹਾਂ ਦਾ ਪੁੱਤ ਵੀ ਨਸ਼ਈ ਨਾ ਹੋ ਜਾਵੇ, ਗੈਗੈਂਟਰ (ਬਦਮਾਸ, ਲੁਟੇਰਾ) ਨਾ ਬਣ ਜਾਵੇ। ਹੱਥੋਂ ਨਿਕਲਦੀ ਜਾ ਰਹੀ ਜ਼ਮੀਨ/ਮਕਾਨ ਦਾ ਆਖਰੀ ਸਹਾਰਾ ਵੀ ਉਹ ਆਪਣੀ ਔਲਾਦ ਦੇ ਚੰਗੇ ਭਵਿੱਖ ਲਈ ਏਜੰਟਾਂ ਤੋਂ ਨਿਸ਼ਾਵਰ ਕਰ ਰਹੇ ਹਨ। ਸਿਆਸਤਦਾਨ ਪੁਲਿਸ ਤੇ ਠੱਗਾਂ ਦੀ ਮਿਲੀਭੁਗਤ ਵਾਲਾ ਮਾਫੀਆ ਝੂਠੇ ਕੇਸਾਂ ’ਚ ਫਸਾ ਕੇ ਲੋਕਾਂ ਦੀਆਂ ਜ਼ਮੀਨਾਂ, ਕੋਠੀਆਂ ਦੱਬ ਰਿਹਾ ਹੈ। ਮਾਪੇ ਡਰਦੇ “ਨਾਲੇ ਰੰਨ ਗਈ, ਨਾਲੇ ਕੰਨ ਪਾਟੇ” ਦੀ ਕਹਾਵਤ ਵਾਂਗ ਮੁੰਡੇ ਜੇਲ੍ਹ ’ਚ ਤੇ ਜ਼ਮੀਨਾਂ ਮਾਫੀਆ ਕੋਲ ਜਾਂਦੀਆਂ ਦੇਖ ਬੁੱਢੇ ਮਾਪੇ ਆਪਣਾ ਜੀਵਨ ਖਤਰੇ ’ਚ ਪਾ ਰਹੇ ਹਨ ਤੇ ਬੱਚਿਆਂ ਨੂੰ ਬਾਹਰ ਭੇਜਣਾ ਸੁਰੱਖਿਅਤ ਸਮਝ ਰਹੇ ਹਨ। ਸਿਆਸਤਦਾਨ ਹੁਣ ਉਨ੍ਹਾਂ ਨੂੰ ਬਾਹਰ ਜਾਣ ਲਈ ਕਰਜ਼ਾ ਦੇਣ, ਆਈਲੈਟਸ ਸਸਤੇ ’ਚ ਕਰਾਉਣ ਦਾ ਲਾਲਚ ਦੇ ਰਹੇ ਹਨ। ਪੰਜਾਬ ਵਿੱਚ ਨੌਕਰੀਆਂ ਦੇ ਬੂਹੇ ਬੰਦ ਹਨ। ਕੱਚੇ ਮੁਲਾਜ਼ਮ ਪਹਿਲਾਂ ਆਰਥਿਕਤਾ ਦਾ ਸੇਕ ਝਲਦੇ ਹਨ ਤੇ ਫਿਰ ਸੜਕਾਂ ਉਤੇ ਪੁਲਿਸ ਡਾਗਾਂ ਦਾ ਸੇਕ ਝਲਦੇ ਹਨ। ਕਿਸਾਨ ਕਾਰਪੋਰੇਟ ਤੋਂ ਮਹਿੰਗੀ ਖਾਦ, ਤੇਲ, ਦਵਾਈਆਂ, ਮਸ਼ੀਨਰੀ ਬੀਜ ਖਰੀਦ ਕੇ ਖਰਚੇ ਤੋਂ ਘੱਟ ਉਤੇ ਫਸਲਾਂ ਵੇਚਣ ਲਈ ਮਜ਼ਬੂਰ ਹਨ। ਸਰਕਾਰੀ ਜਾਇਦਾਦਾਂ ਕਾਰਪੋਰੇਟਾਂ ਨੂੰ ਲੁਟਾਈਆਂ ਜਾ ਰਹੀਆਂ ਹਨ ਤੇ ਹੁਣ ਗਰੀਬ ਕਿਸਾਨਾਂ ਦੀ ਜ਼ਮੀਨ ਵੀ ਕਾਰਪੋਰੇਟਾਂ ਨੂੰ ਦੇਣ ਲਈ ਸਾਰੀਆਂ ਪਾਰਟੀਆਂ ਇਕਮਤ ਹਨ। 50 ਫੀ ਸਦੀ ਲੋਕਾਂ ਦਾ ਪੇਟ ਭਰਨ ਵਾਲੀ ਖੇਤੀ ਲਈ ਸਰਕਾਰੀ ਬਜਟ ’ਚ ਪੈਸਾ ਨਹੀਂ। ਸਬਸਿਡੀਆਂ ਬੰਦ ਹੋ ਰਹੀਆਂ ਹਨ। ਖੇਤੀ ਵਰਤੋਂ ਦੀਆਂ ਚੀਜ਼ਾਂ ਤੇ ਟੈਕਸ ਵਧਾਏ ਜਾ ਰਹੇ ਹਨ ਤੇ ਖੇਤੀ ਵਸਤਾਂ ਦੇ ਰੇਟ ਘਟਾਏ ਜਾ ਰਹੇ ਹਨ। ਸਰਕਾਰੀ ਹਸਪਤਾਲ ਸਰਕਾਰੀ ਸਿੱਖਿਆ ਸੰਸਥਾਵਾਂ ਨਿੱਜੀ ਹੱਥਾਂ ਵਿੱਚ ਦਿੱਤੀਆਂ ਜਾ ਰਹੀਆਂ ਹਨ ਅਤੇ ਹੌਲੀ ਹੌਲੀ ਕਰਕੇ ਪ੍ਰਾਈਵੇਟਾਂ ਨੂੰ ਪਹਿਲਾਂ ਠੇਕੇ ’ਤੇ ਅਤੇ ਫਿਰ ਕੋਡੀਆਂ ਭਾਅ ਵੇਚਣ ਦੀ ਤਿਆਰੀ ਹੈ। ਗਰੀਬ ਹੋਰ ਗਰੀਬ ਤੇ ਅਮੀਰ ਹੋਰ ਅਮੀਰ ਹੋ ਰਿਹਾ ਹੈ ਤੇ ਸਰਕਾਰਾਂ ਇਸ ਨੀਤੀ ਉਤੇ ਚੱਲ ਰਹੀਆਂ ਹਨ।
ਆਓ ਹੁਣ ਦੇਖਦੇ ਹਾਂ ਕਿ ਪੰਜਾਬ ਦਾ ਰਖਵਾਲਾ ਚਿਹਰਾ ਕਿਹੜਾ ਹੈ? ਭਾਜਪਾ ਤੇ ਅਮਰਿੰਦਰ ਸਿੰਘ ਇਸ ਰੇਸ ’ਚੋਂ ਪਹਿਲਾਂ ਹੀ ਬਾਹਰ ਹਨ। ਪਰ ਭਾਜਪਾ ਹਿੰਦੂਵਾਦ ਦੇ ਨਾਂ ਉਤੇ ਹਿੰਦੂ ਵੋਟਰਾਂ ਨੂੰ ਭਰਮਾਉਣ ਦੀ ਕੋਸ਼ਿਸ਼ ‘ਚ ਹੈ। ਹਾਲਾਤ ਪੰਜਾਬ ਵਿੱਚ ਭਾਜਪਾ ਦੇ ਅਨੁਕੂਲ ਨਹੀਂ ਹਨ। ਹੁਣ ਸਭ ਤੋਂ ਚਰਚਿਤ ਚਿਹਰੇ ਚਰਨਜੀਤ ਸਿੰਘ ਚੰਨੀ ਹਨ ਜਿਨਾਂ ਨੂੰ ਦਲਿਤਾਂ ਦਾ ਮਸੀਹਾ ਤੇ ਭਾਜਪਾ ਦੇ ਜ਼ੁਲਮ ਖਿਲਾਫ ਲੜ ਰਹੇ ਜੋਧੇ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਚੰਨੀ 111 ਦਿਨਾਂ ਦੇ ਚੋਣ ਐਲਾਨਾਂ ਤੋਂ ਬਿਨਾਂ ਸਾਢੇ 4 ਸਾਲ ਦੀ ਕਾਰਗੁਜ਼ਾਰੀ ਤੇ ਪੋਚਾ ਫੇਰ ਰਿਹਾ ਹੈ। ਰੁਜ਼ਗਾਰ ਮੇਲਿਆ ਦੇ ਝੂਠੇ ਤੇ ਫਰਜ਼ੀ ਅੰਕੜੇ ਦੇਣ ਦਾ ਮਹਿਕਮਾ ਚੰਨੀ ਦਾ ਸੀ ਜੋ ਪਿਛਲੇ ਸਾਢੇ 4 ਸਾਲਾਂ ’ਚ 23 ਲੱਖ ਲੋਕਾਂ ਨੂੰ ਰੁਜ਼ਗਾਰ ਦੇਣ ਦੇ ਇਸ਼ਤਿਹਾਰ ਦਿੰਦਾ ਰਿਹਾ ਹੈ। ਭਾਜਪਾ ਸਰਕਾਰ ਵੱਲੋਂ ਈ ਡੀ ਵੱਲੋਂ ਮਾਰੀ ਰੇਡ ਨੂੰ ਦਲਿਤ ਮੁੱਖ ਮੰਤਰੀ ਉਤੇ ਜ਼ੁਲਮ ਦੱਸਣ ਵਾਲੇ ਚੰਨੀ ਇਹ ਨਹੀਂ ਦਸਦੇ ਕਿ ਸੈਕਟਰ 70 ਮੋਹਾਲੀ ਤੋਂ ਫੜ੍ਹੇ 10 ਕਰੋੜ ਕਿਥੋਂ ਆਏ ਸਨ, ਰੇਤ ਦਾ ਕਾਰੋਬਾਰ ਚੰਨੀ ਦੇ ਹਲਕੇ ’ਚ ਚੰਨੀ ਦੀ ਪੁਸ਼ਤ ਪਨਾਹੀ ਹੇਠ ਕਿਵੇਂ ਚੱਲ ਰਿਹਾ ਸੀ। ਰਾਹੁਲ ਗਾਂਧੀ ਦੇ ਵਰਚੂਅਲ ਰੈਲੀ ’ਚ ਚੰਨੀ ਦੇ ਨਾਂ ਉਤੇ ਤਾੜੀਆਂ ਮਾਰਨ ਵਾਲੇ ਉਹੀ ਚਿਹਰੇ ਸਨ ਜੋ ਕੈਪਟਨ ਸਰਕਾਰ ਦੇ ਸਾਢੇ 4 ਸਾਲ ’ਚ ਇਹੀ ਕੰਮ ਕਰਦੇ ਸਨ, ਪਰ ਹੁਣ ਸਾਰਾ ਦੋਸ਼ ਕੈਪਟਨ ਸਿਰ ਮੜ ਰਹੇ ਹਨ। ਕਾਂਗਰਸ ਸਰਕਾਰ ਦੇ ਪੂਰੇ ਸਮੇਂ ਨੂੰ ਹੁਣ 111 ਦਿਨਾਂ ਦੇ ਹਿਸਾਬ ’ਚ ਲਿਆ ਕੇ ਉਹ ਲੋਕਾਂ ਦੇ ਅੱਖਾਂ ’ਚ ਘੱਟਾ ਪਾਉਣ ਦੀ ਕੋਸ਼ਿਸ਼ ’ਚ ਹਨ। ਨਵਜੋਤ ਸਿੱਧੂ ਦੀ ਸਾਫ ਸਵੀ ਇਨ੍ਹਾਂ ਚਿਹਰਿਆਂ ਨੂੰ ਇਸ ਕਰਕੇ ਪਸੰਦ ਨਹੀਂ ਸੀ। ਸਿਆਸਤ ਵਿੱਚ ਰਹਿ ਕੇ ਤੂੰ ਤੂੰ ਮੈਂ ਮੈਂ ਦੀ ਭਾਸ਼ਾ ਨੇ ਸਿੱਧੂ ਨੂੰ ਕਾਂਗਰਸੀਆਂ ਤੋਂ ਦੂਰ ਵੀ ਕੀਤਾ ਤੇ ਰਹਿੰਦੀ ਕਸਰ ਪੰਜਾਬ ਮਾਡਲ ਨੇ ਪੂਰੀ ਕਰ ਦਿੱਤੀ। ਪੰਜਾਬ ਮਾਡਲ ਲੋਕਾਂ ਨੂੰ ਲੁੱਟਣ ਵਾਲਿਆਂ ਦੇ ਰਾਹ ’ਚ ਅੜਿੱਕਾ ਬਨਣਾ ਸੀ ਜਿਸ ਕਰਕੇ ਉਨ੍ਹਾਂ ਨੇ ਨਵਜੋਤ ਸਿੱਧੂ ਨਾਂ ਦੇ ਅੜਿੱਕੇ ਨੂੰ ਲਗਭਗ ਸਰਬਸੰਮਤੀ ਨਾਲ ਦੂਰ ਕਰ ਦਿੱਤਾ। ਨਵਜੋਤ ਸਿੱਧੂ ਵੱਲੋਂ ਲੀਡਰਸ਼ਿਪ ਦੀ ਚਾਪਲੂਸੀ ਤੇ ਪੰਜਾਬ ਮਾਡਲ ਦੇਣ ਦੀ ਗੱਲ ਇਕ ਮਿਆਨ ਵਿੱਚ ਫਿੱਟ ਨਹੀਂ ਬੈਠਦੀ। ਕਾਂਗਰਸ ਵੀ ਲੁੱਟ ਕਰਨ ਵਾਲੇ ਲੀਡਰਾਂ ਦੀ ਸਭ ਤੋਂ ਵੱਡੀ ਪਾਰਟੀ ਹੈ। ਜੇ ਸਿੱਧੂ ਪੰਜਾਬ ਮਾਡਲ ਚਲਾਉਣਾ ਚਾਹੁੰਦੇ ਹਨ ਤਾਂ ਪਾਰਟੀ ਵੀ ਇਨ੍ਹਾਂ ਚਿਹਰਿਆਂ ਤੋਂ ਵੱਖਰੀ ਖੜ੍ਹੀ ਕਰਨੀ ਪਵੇਗੀ ਜੋ ਸਿੱਧੂ ’ਚ ਕਰਨ ਦੀ ਹਿੰਮਤ ਨਹੀਂ। ਉਹ ਵੀ ਬਣੇ ਬਣਾਏ ਲੁਟੇਰੇ ਢਾਂਚੇ ’ਤੇ ਆਪਣਾ ਦਾਅ ਖੇਡਣ ਲਈ ਲੜ ਰਹੇ ਹਨ, ਪਰ ਲੀਡਰਸ਼ਿਪ ਸਿੱਧੂ ਨੂੰ ਵਰਤਣ ਦੀ ਗੇਮ ’ਚ ਜਿੱਤ ਗਈ ਹੈ।
ਅਕਾਲੀ ਬਸਪਾ ਪਾਰਟੀ ਦੇ ਚਿਹਰੇ ਪੁਰਾਣੇ ਹੀ ਹਨ ਤੇ ਸਭ ਨੇ ਪੰਜਾਬ ’ਚ ਅੱਜ ਦੇ ਪੈਦਾ ਹੋਏ ਹਾਲਾਤ ਦੇਖੇ ਹਨ ਅਤੇ ਇਨ੍ਹਾਂ ਹਾਲਾਤਾਂ ਦੇ ਹਰ ਬਿੰਦੂ ਉਤੇ ਸੁਖਬੀਰ ਦੀ ਛਾਪ ਦਿਸ ਰਹੀ ਹੈ। ਕਾਂਗਰਸ ਖਿਲਾਫ ਅਕਾਲੀ ਬਸਪਾ ਦੇ ਮੁੱਦੇ ਪਹਿਲਾਂ ਕਾਂਗਰਸ ਦੇ ਅਕਾਲੀ-ਭਾਜਪਾ ਖਿਲਾਫ ਮੁੱਦੇ ਸਨ। ਰਾਜੇਵਾਲ ਦਾ ਚਿਹਰਾ ਅਜੇ ਨਿਖਰਨ ਦੀ ਸੰਭਵਨਾ ਨਹੀਂ। ਪਰ ਆਮ ਆਦਮੀ ਪਾਰਟੀ ’ਚ ਕੁਝ ਆਪਾਂ ਵਿਰੋਧਾਂ ਦੇ ਬਾਵਜੂਦ ਭਗਵੰਤ ਮਾਨ ਦਾ ਚਿਹਰਾ ਕਿਸੇ ਹੱਕ ਤੱਕ ਠੀਕ ਹੈ। ਪਾਰਟੀ ਦੀ ਸਿਹਤ, ਸਿੱਖਿਆ ਤੇ ਰੁਜ਼ਗਾਰ ਦੀ ਗੱਲ ਤੇ ਨੌਜਵਾਨ ਨੂੰ ਪੰਜਾਬ ’ਚ ਰੱਖਣ ਦੀ ਗੱਲ ਲੋਕਾਂ ਨੂੰ ਜਚ ਰਹੀ ਹੈ। ਸਭ ਤੋਂ ਵੱਧ, ਲੋਕਾਂ ‘ਚ ਰਿਵਾਇਤੀ ਪਾਰਟੀਆਂ ਨੂੰ ਬਦਲ ਕੇ ਨਵਾਂ ਬਦਲ ਲਿਆਉਣ ਦੀ ਗੱਲ ਹੈ। ਇਸ ਵਿੱਚ ਦੋ ਰਾਵਾਂ ਨਹੀਂ ਕਿ ਇਸ ਪਾਰਟੀ ਦੀ ਅਜੇ ਕੋਈ ਠੋਸ ਵਿਚਾਰਧਾਰਾ ਨਹੀਂ ਅਤੇ ਭ੍ਰਿਸ਼ਟਾਚਾਰ ਤੋਂ ਅੱਕੇ ਲੋਕਾਂ ਨੂੰ ਠੀਕ ਲਗਦੀਆਂ ਗੱਲਾਂ ’ਤੇ ਹੀ ਆਪਣਾ ਪ੍ਰੋਗਰਾਮ ਬਣਾ ਰਹੀ ਹੈ। ਇਹੀ ਕਾਰਨ ਹੈ ਕਿ ਘਰੇਲੂ ਤੇ ਵਿਦੇਸ਼ ਨੀਤੀ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਵੀ ਕਾਂਗਰਸ ਤੇ ਭਾਜਪਾ ਦੇ ਪ੍ਰੋਗਰਾਮਾਂ ’ਚ ਹੀ ਡਿੱਕ ਡੋਲੇ ਖਾਂਦੀ ਰਹਿੰਦੀ ਹੈ।