ਪਾਰਲੀਮੈਂਟਰੀ ਚੋਣਾਂ ਦੌਰਾਨ ਭਾਵੇਂ ਚੋਣ ਲੜ ਰਹੀਆਂ ਵੱਖ ਵੱਖ ਹਾਕਮ ਜਮਾਤੀ ਪਾਰਟੀਆਂ ਆਪਣੀ ਚੋਣ ਸਰਗਰਮੀ ਰਾਹੀਂ ਇੱਕ ਦੂਜੀ ਤੋਂ ਹਕੂਮਤੀ ਕੁਰਸੀ ਖੋਹਣ ਜਾਂ ਬਚਾਉਣ ਦੇ ਯਤਨ ਤੇ ਉਪਰਾਲੇ ਕਰ ਰਹੀਆਂ ਹੁੰਦੀਆਂ ਹਨ, ਆਪਣੀ ਸਿਆਸੀ ਤਾਕਤ ਦਾ ਵਧਾਰਾ ਕਰਨ ਤੇ ਆਪਣੀ ਸ਼ਰੀਕ ਪਾਰਟੀ ਦੀ ਸਿਆਸੀ ਤਾਕਤ ਕਮਜ਼ੋਰ ਕਰਨ ਦਾ ਯਤਨ ਕਰ ਰਹੀਆਂ ਹੁੰਦੀਆਂ ਹਨ। ਪਰੰਤੂ ਜਮਾਤੀ ਨਜ਼ਰੀਏ ਤੋਂ ਦੇਖਿਆਂ, ਅਸਲ ਵਿੱਚ ਇਹ ਉਹਨਾਂ ਦੀ ਚੋਣ ਸਰਗਰਮੀ ਦਾ ਦੋਅਮ ਦਰਜੇ ਦਾ ਪੱਖ ਹੀ ਹੁੰਦਾ ਹੈ ਅਤੇ ਘੱਟ ਅਹਿਮੀਅਤ ਵਾਲਾ ਹੁੰਦਾ ਹੈ। ਉਹਨਾਂ ਦੀ ਚੋਣ ਸਰਗਰਮੀ ਦਾ ਮੁੱਖ ਤੇ ਬੁਨਿਆਦੀ ਪੱਖ ਜੋ ਸਮਝਣ ਵਾਲਾ ਹੈ ਕਿ ਉਹ ਇਸ ਸਰਗਰਮੀ ਦੌਰਾਨ ਜਾਤੀ ਦੂਸ਼ਣਬਾਜ਼ੀ, ਸਖਸ਼ੀਅਤ ਪ੍ਰਸਤੀ ਤੇ ਨਿੱਜੀ ਭ੍ਰਿਸ਼ਟਾਚਾਰ ਵਰਗੇ ਗੈਰ ਜਮਾਤੀ ਮੁੱਦਿਆਂ ਨੂੰ ਉਭਾਰਕੇ ਵੱਖ ਵੱਖ ਤਬਕਿਆਂ ਦੇ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਰੋਜੀ- ਰੋਟੀ, ਸਿੱਖਿਆ, ਸਿਹਤ, ਬਿਜਲੀ, ਪਾਣੀ, ਮਕਾਨ, ਮਹਿੰਗਾਈ ਆਦਿ ਬੁਨਿਆਦੀ ਜਮਾਤੀ ਮੁੱਦਿਆਂ/ਮਸਲਿਆਂ ਨੂੰ ਹਾਸ਼ੀਏ 'ਤੇ ਰੱਖਕੇ, ਇਹਨਾਂ ਨੂੰ ਘੱਟੇ-ਮਿੱਟੀ ਰੋਲਣ ਦੀ ਸਾਜ਼ਿਸ਼ੀ ਭੂਮਿਕਾ ਨਿਭਾ ਰਹੀਆਂ ਹੁੰਦੀਆਂ ਹਨ।
ਆਪਣੀ ਚੋਣ ਸਰਗਰਮੀ ਰਾਹੀਂ ਉਹ ਲੋਕਾਂ ਅੰਦਰ ਜਾਤ-ਪਾਤੀ, ਧਾਰਮਿਕ, ਫਿਰਕੂ ਤੇ ਇਲਾਕਾਈ ਵੰਡੀਆਂ ਪਾ ਕੇ, ਬੁਨਿਆਦੀ ਮਸਲਿਆਂ ਦੇ ਹੱਲ ਲਈ ਬੁਨਿਆਦੀ ਨੀਤੀਆਂ ਦੀ ਤਬਦੀਲੀ ਦੀ ਗੱਲ ਕਰਨ ਦੀ ਬਜਾਇ ਚੋਣਾਂ ਮੌਕੇ ਬਾਆਵਾਜ਼ ਜਥੇਬੰਦ ਤਬਕਿਆਂ ਲਈ ਰਿਆਇਤਾਂ ਤੇ ਖੈਰਾਤਾਂ ਦੀ ਝੜੀ ਲਾਉਂਦੀਆਂ ਹਨ। ਗੱਦੀ 'ਤੇ ਬੈਠਣ ਤੋਂ ਬਾਅਦ ਪੂਰੇ ਕਰਨ ਵਾਲੇ ਵਾਅਦਿਆਂ ਤੇ ਭਰੋਸਿਆਂ ਦੇ ਥਾਲ ਪਰੋਸਦੀਆਂ ਹਨ। ਆਪਣੇ ਚੋਣ ਮੈਨੀਫੈਸਟੋ ਅੰਦਰ ਵੱਖ ਵੱਖ ਤਬਕਿਆਂ ਦੀਆਂ ਮੰਗਾਂ/ਮਸਲਿਆਂ ਨੂੰ ਦਰਜ ਕਰਨ ਦਾ ਸਵਾਂਗ ਰਚਦੀਆਂ ਹਨ। ਇਉਂ ਕਰਕੇ ਉਹ ਇਹਨਾਂ ਤਬਕਿਆਂ ਦੀ ਜਮਾਤੀ ਚੇਤਨਤਾ ਨੂੰ ਖੁੰਢਾ ਕਰਦੀਆਂ ਹਨ ਅਤੇ ਜਮਾਤੀ ਏਕਤਾ ਵਿੱਚ ਸੰਨ੍ਹ ਲਾਉਂਦੀਆਂ ਹਨ। ਪਾੜ ਪਾਉਂਦੀਆਂ ਹਨ। ਉਹਨਾਂ ਨੂੰ ਇਹ ਝੂਠੀ ਆਸ ਬੰਨ੍ਹਾਉਂਦੀਆਂ ਹਨ ਕਿ ਇੱਕ ਜਾਂ ਦੂਜੀ ਸਰਕਾਰ ਬਦਲਣ ਨਾਲ ਉਹਨਾਂ ਦੇ ਬੁਨਿਆਦੀ ਮਸਲੇ ਹੱਲ ਹੋ ਜਾਣਗੇ। ਇਉਂ ਉਹ ਲੋਕਾਂ ਦੀ ਇਸ ਲੁਟੇਰੇ ਨਿਜ਼ਾਮ ਤੋਂ ਬਦਜ਼ਨ ਹੋਣ ਅਤੇ ਇਸ ਨੂੰ ਲੋਕ-ਪੱਖ ਵਿੱਚ ਬਦਲਣ ਦੀ ਇਹਨਾਂ ਅੰਦਰ ਪੈਦਾ ਹੋ ਰਹੀ ਸੂਝ ਨੂੰ ਧੁੰਦਲਾਉਣ ਅਤੇ ਤਾਂਘ ਨੂੰ ਮੁੱਠਾ ਪਾਉਣ ਦਾ ਕਾਰਜ ਨਿਭਾ ਰਹੀਆਂ ਹੁੰਦੀਆਂ ਹਨ। ਇਹ ਪੱਖ ਇਹਨਾਂ ਹਾਕਮ ਜਮਾਤੀ ਪਾਰਟੀਆਂ ਦੀ ਚੋਣ ਸਰਗਰਮੀ ਦਾ ਸਾਂਝਾ ਤੇ ਮੁੱਖ ਬੁਨਿਆਦੀ ਪੱਖ ਹੈ।
ਸਾਮਰਾਜੀ ਵਿਸ਼ਵੀਕਰਨ ਦੇ ਮੌਜ਼ੂਦਾ ਦੌਰ ਅੰਦਰ ਹਾਕਮ ਜਮਾਤੀ ਪਾਰਟੀਆਂ ਦੀ ਚੋਣ ਸਰਗਰਮੀ, ਅਸਲ ਵਿੱਚ ਸੰਸਾਰ ਬੈਂਕ, ਮੁਦਰਾ ਕੋਸ਼ ਤੇ ਵਿਸ਼ਵ ਵਪਾਰ ਸੰਸਥਾ ਦੀ ਤਿੱਕੜੀ ਵੱਲੋਂ ਨਿਰਦੇਸ਼ਤ 'ਕਾਰਪੋਰੇਟ ਪੱਖੀ ਆਰਥਿਕ ਵਿਕਾਸ ਮਾਡਲ' ਦੇ 'ਖੁੱਲ੍ਹੀ-ਮੰਡੀ, ਖੁੱਲ੍ਹਾ-ਵਪਾਰ ਦੇ ਨਵਉਦਾਰਵਾਦੀ ਏਜੰਡੇ ਨੂੰ ਹੀ ਅੱਗੇ ਵਧਾਉਣ ਦਾ ਕਾਰਜ ਕਰਦੀ ਹੈ। ਜਿਸ ਏਜੰਡੇ ਨੂੰ ਇਹ ਸਾਰੀਆਂ ਹਾਕਮ ਜਮਾਤੀ ਪਾਰਟੀਆਂ ਲਾਗੂ ਕਰਨ 'ਤੇ ਇੱਕ ਮੱਤ ਹਨ। ਤੇ ਇਹੋ ਏਜੰਡਾ ਹੀ ਅੱਜ ਲੋਕਾਂ ਦੇ ਬੁਨਿਆਦੀ ਮਸਲਿਆਂ ਦੀ ਜੜ੍ਹ ਹੈ ਤੇ ਉਹਨਾਂ ਦੀ ਜ਼ਿੰਦਗੀ 'ਤੇ ਬੁਰੀ ਤਰ੍ਹਾਂ ਅਸਰਅੰਦਾਜ਼ ਹੋ ਰਿਹਾ ਹੈ। ਮਜ਼ਦੂਰਾਂ-ਮੁਲਾਜ਼ਮਾਂ ਦੀ ਨਿਗੂਣੀ ਤਨਖਾਹ ਉੱਪਰ ਠੇਕਾ ਆਉਟ ਸੋਰਸਿੰਗ ਭਰਤੀ, ਤਨਖਾਹਾਂ-ਭੱਤਿਆਂ ਵਿੱਚ ਕਟੌਤੀ, ਪੈਨਸ਼ਨਬੰਦੀ ਆਦਿ ਰਾਹੀਂ ਮਿਲਦੀਆਂ ਸਮਾਜਿਕ ਸਹੂਲਤਾਂ 'ਤੇ ਡਾਕਾ, ਕਾਰਪੋਰੇਟ ਪੱਖੀ ਖੇਤੀ ਕਾਨੂੰਨ, ਕੌਮੀ ਸਿੱਖਿਆ ਨੀਤੀ-2020, ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਰਾਹੀਂ ਛਾਂਟੀਆਂ ਦਾ ਕੁਹਾੜਾ ਅਤੇ ਯੂਏਪੀਏ ਵਰਗੇ ਕਾਲੇ ਕਾਨੂੰਨਾਂ ਰਾਹੀਂ ਲੋਕਾਂ ਦੀ ਜ਼ੁਬਾਨ ਬੰਦੀ ਤੇ ਸੰਘਰਸ਼ਬੰਦੀ ਕਰਨ ਦੇ ਉਪਰਾਲੇ, ਇਸੇ 'ਕਾਰਪੋਰੇਟ ਵਿਕਾਸ ਮਾਡਲ' ਦੀ ਹੀ ਦੇਣ ਹੈ। ਇਉਂ ਇਨ੍ਹਾਂ ਹਾਕਮ ਜਮਾਤੀ ਪਾਰਟੀਆਂ ਦੀ ਚੋਣ ਸਰਗਰਮੀ ਲੋਕਾਂ ਦੀਆਂ ਦੁਸ਼ਮਣ ਜਮਾਤਾਂ ਦੇ ਹਿਤਾਂ ਦੀ ਪੂਰਤੀ ਕਰਦੀ ਹੈ ਅਤੇ ਦੇਸੀ ਤੇ ਵਿਦੇਸ਼ੀ ਧਨ ਕੁਬੇਰਾਂ ਦੀ ਸੇਵਾ ਵਿੱਚ ਹੀ ਭੁਗਤਦੀ ਹੈ।
ਇਹਨਾਂ ਪਾਰਲੀਮੈਂਟਰੀ ਚੌਣਾਂ ਦੇ ਰੌਲੇ-ਗੌਲੇ ਵਿੱਚ ਜਦ ਹਾਕਮ ਜਮਾਤੀ ਪਾਰਟੀਆਂ ਆਪਣੀਆਂ ਸ਼ਰੀਕ ਪਾਰਟੀਆਂ ਨੂੰ ਪਟਕਾ ਮਾਰਨ ਦੀ ਆੜ ਹੇਠ, ਅਸਲ ਵਿੱਚ ਲੁਟੀਂਦੇ ਲੋਕਾਂ ਦੇ ਬੁਨਿਆਦੀ ਮੁੱਦਿਆਂ ਤੋਂ ਭਟਕਾ ਕੇ, ਉਹਨਾਂ ਦੀ ਜਮਾਤੀ ਏਕਤਾ ਨੂੰ ਸੰਨ੍ਹ ਲਾਉਣ ਵਾਲੀ ਚੋੋਣ ਸਰਗਰਮੀ ਵਿੱਚ ਜ਼ੋਰ-ਸ਼ੋਰ ਨਾਲ ਕੁੱਦੀਆਂ ਹੁੰਦੀਆਂ ਹਨ ਤਾਂ ਇਸ ਸਮੇਂ ਦੌਰਾਨ ਮੁਲਾਜ਼ਮਾਂ-ਮਜ਼ਦੂਰਾਂ ਤੇ ਹੋਰਨਾਂ ਤਬਕਿਆਂ ਵੱਲੋਂ ਆਪਣੀ ਜਥੇਬੰਦਕ ਏਕਤਾ ਨੂੰ ਕਾਇਮ ਰੱਖਣ ਤੇ ਸਗੋਂ ਹੋਰ ਪਸਾਰਾ ਕਰਦੇ ਹੋਏ ਆਪਣੀਆਂ ਫੌਰੀ ਮੰਗਾਂ/ਮਸਲਿਆਂ ਨੂੰ ਉਭਾਰਨ ਅਤੇ ਇਹਨਾਂ ਨੂੰ ਬੁਨਿਆਦੀ ਨੀਤੀਗਤ ਮੁੱਦਿਆਂ ਨਾਲ ਜੋੜਕੇ (ਨੀਤੀ ਤਬਦੀਲੀ ਤੇ ਸੰਦਰਭ ਵਿੱਚ ਰੱਖਕੇ) ਚਲਾਈ ਜਾਣ ਵਾਲੀ ਸਰਗਰਮੀ ਦੀ ਬੇਹੱਦ ਅਹਿਮੀਅਤ ਬਣ ਜਾਂਦੀ ਹੈ। ਅਜਿਹੀ ਸਰਗਰਮੀ ਹੀ ਇਸ ਸਮੇਂ ਦੌਰਾਨ, ਹਾਕਮ ਜਮਾਤੀ ਪਾਰਾਟੀਆਂ ਵੱਲੋਂ ਇਛਾਏ ਜਾਂਦੇ ਜਾਲ ਵਿੱਚ ਫਸਣ ਤੋਂ ਮਜ਼ਦੂਰ-ਮੁਲਾਜ਼ਮ ਵਰਗ ਨੂੰ ਬਚਾ ਸਕਦੀ ਹੈ।
ਉਕਤ ਵਿਚਾਰਕ ਚਰਚਾ ਦੀ ਰੋਸ਼ਨੀ ਵਿੱਚ, ਵੱਖ ਵੱਖ ਤਬਕਿਆਂ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਲਈ (ਜਿਹਨਾਂ ਅੰਦਰ ਵੱਖ ਵੱਖ ਵਿਚਾਰਾਂ ਨਾਲ ਜੁੜੇ ਮੈਂਬਰ ਸ਼ਾਮਲ ਹੁੰਦੇ ਹਨ) ਇਸ ਸਰਗਰਮੀ ਦੌਰਾਨ ਅਮਲੀ ਸੁਆਲ ਬਾਰੇ ਇਹ ਸਮਝ ਬਣਦੀ ਹੈ ਕਿ ਇਹਨਾਂ ਜਥੇਬੰਦੀਆਂ ਦੇ ਮੈਂਬਰਾਂ/ ਕਾਰਕੁੰਨਾਂ/ਆਗੂਆਂ ਵੱਲੋਂ ਚੋਣਾਂ ਵਿੱਚ ਵੋਟ ਪਾਉਣੀ ਹੈ ਜਾਂ ਨਹੀਂ, ਕਿਸ ਪਾਰਟੀ ਨੂੰ ਪਾਉਣੀ ਹੈ, ਕਿਸ ਨੂੰ ਨਹੀਂ, ਇਹ ਉਹਨਾਂ ਦਾ ਨਿੱਜੀ ਮਾਮਲਾ ਹੈ। ਪਰ ਜਨਤਕ ਜਥੇਬੰਦੀ ਵੱਲੋਂ ਨਾਂ ਹੀ ਜਥੇਬੰਦਕ ਤੌਰ 'ਤੇ ਅਜਿਹਾ ਕੋਈ ਫੈਸਲਾ ਕਰਨਾ ਚਾਹੀਦਾ ਹੈ ਅਤੇ ਨਾ ਹੀ ਇਸ ਦੇ ਆਗੂਆਂ/ਕਾਰਕੁੰਨਾਂ ਵੱਲੋਂ ਕਿਸੇ ਇੱਕ ਜਾਂ ਦੂਜੀ ਪਾਰਟੀ ਦੀ ਪ੍ਰਚਾਰ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ।
ਵਰਗ ਚੇਤਨਾ ਮੰਚ,ਪੰਜਾਬ
(ਸੰਪਰਕ: 9814535005)