ਵੋਟ ਦਾ ਹੱਕ! ਵੋਟਾਂ ਵੇਲੇ ਯਾਦ ਆਉਂਦੈ।ਜ਼ੋਰ ਸ਼ੋਰ ਨਾਲ ਪ੍ਰਚਾਰ ਹੁੰਦੈ। ਅਫ਼ਸਰਸ਼ਾਹੀ, ਫਿਲਮੀ ਸਿਤਾਰਿਆਂ, ਟੈਲੀਵਿਜ਼ਨ ਅਖ਼ਬਾਰਾਂ ਸਭਨਾਂ ਦਾ ਜ਼ੋਰ ਲੱਗਦਾ। ਉਮੀਦਵਾਰ ਵੀ ਹਿੱਸਾ ਪਾਉਂਦਾ।ਇਹੀ ਤਾਂ ਇੱਕਲੋਤਾ ਹੱਕ ਆ,ਜੀਹਦੀ ਵਰਤੋਂ ਕਰਨ ਦਾ ਹੋਕਾ ਦਿੱਤਾ ਜਾਂਦਾ। ਕੋਈ ਅੜਿੱਕਾ ਫੜਿੱਕਾ ਨੀਂ।ਜੀਹਦੇ ਲਈ ਖ਼ਜ਼ਾਨੇ ਦਾ ਮੂੰਹ ਖੁੱਲਦਾ।ਅੰਨੇ ਦੀ ਥੇਹ ਡੁੱਲਦਾ।ਖਰਚੇ ਖੂਹ ਖਾਤੇ।ਹੋਰ ਹੱਕਾਂ ਉੱਤੇ ਪਾਬੰਦੀਆਂ ਦਾ ਪਹਿਰਾ।(MOREPIC1)
ਇਸ ਹੱਕ ਦੀ ਵਰਤੋਂ ਲਈ ਐਨਾ ਪ੍ਰਚਾਰ ਅਤੇ ਅੰਨਾਂ ਖ਼ਰਚਾ ਕਿਉ? ਇਹ ਹੱਕ ਹਾਕਮਾਂ ਦੇ ਹਿੱਤ ਪਾਲਦਾ। ਵੋਟਿੰਗ ਵਧਾਉਣੀ ਐ, ਲੋਕ ਹਿਮਾਇਤ ਦਾ ਦਿਖਾਵਾ ਕਰਨੈ। ਹਕੂਮਤੀ ਛਟੀ ਹੱਥ ਫੜਾਉਂਦਾ। ਲੁੱਟ ਜਬਰ ਉੱਤੇ ਮੰਨਜ਼ੂਰੀ ਦਾ 'ਗੂਠਾ ਲਵਾਉਂਦਾ। ਦੇਸੀ ਅਤੇ ਵਿਦੇਸ਼ੀ ਕਾਰਪੋਰੇਟਾਂ ਪੱਖੀ ਨੀਤੀਆਂ ਕਾਨੂੰਨਾਂ ਉੱਤੇ ਲੋਕ ਸਹਿਮਤੀ ਦੀ ਮੋਹਰ ਲਵਾਉਂਦਾ। ਸਾਮਰਾਜੀਆਂ ਨਾਲ ਸੰਧੀਆਂ ਉਤੇ ਪ੍ਰਵਾਨਗੀ ਦਾ ਠੱਪਾ ਲਗਵਾਉਂਦਾ। ਵੋਟ ਸੰਸਥਾ 'ਤੇ ਵਿਸ਼ਵਾਸ ਬੰਨਾਉਂਦਾ।ਸਰਕਾਰਾਂ ਤੋਂ ਭਲੇ ਦੀ ਝਾਕ ਰੱਖਣ ਲਾਉਂਦਾ।ਉਹਨਾਂ ਵੱਲੋਂ ਵੋਟਰਾਂ ਵਿੱਚ ਪਾਈਆਂ ਵੰਡੀਆਂ ਦੀ ਹਾਮੀ ਭਰਾਉਂਦਾ।
ਸਰਕਾਰੀ ਰਿਕਾਰਡ ਬੋਲਦਾ।ਵਸੋਂ ਦਾ ਵੱਡਾ ਹਿੱਸਾ ਗ਼ੁਰਬਤ ਭੋਗਦਾ।ਗਰੀਬੀ 'ਚ ਜੰਮਦਾ,ਗਰੀਬੀ 'ਚ ਮਰਦਾ।ਜ਼ਮੀਨ ਦੀ ਤੋਟ ਹੰਢਾਉਂਦਾ।ਸੌ 'ਚੋਂ ਪਚਾਸੀ ਕਿਸਾਨਾਂ ਕੋਲ ਦੋ-ਦੋ, ਚਾਰ-ਚਾਰ ਏਕੜ ਆ। ਉਤੋਂ ਖੇਤੀ ਲਾਗਤਾਂ ਮਹਿੰਗੀਆਂ।ਮਜ਼ਦੂਰਾਂ ਕੋਲ ਓਰਾ ਵੀ ਨਹੀਂ।ਅੱਸੀ ਕਰੋੜ ਵਸੋਂ ਸਰਕਾਰੀ ਰਾਸ਼ਨ 'ਤੇ।ਬੇਰੁਜ਼ਗਾਰਾਂ ਦੀ ਨਫ਼ਰੀ ਬੇਹਿਸਾਬੀ।ਰੁਜ਼ਗਾਰ ਭਾਲਿਆ ਨੀਂ ਥਿਆਉਂਦਾ। ਪੁਲਸ ਦੀਆਂ ਡਾਂਗਾਂ ਖਾ ਕੇ ਵੀ ਨਹੀਂ ਮਿਲਦਾ।ਪੈਸੇ ਟਕੇ ਪੱਖੋਂ ਮੰਦੇ ਹਾਲ।ਕਰਜ਼ਿਆਂ ਦੀਆਂ ਪੰਡਾਂ ਵਾਧੂ।ਬੀਮਾਰੀਆਂ ਦਾ ਅਰੁੱਕ ਘੇਰਾ। ਮਜਬੂਰੀਆਂ ਮੁਥਾਜਗੀਆਂ ਦਾ ਤੰਦੂਆ ਜਾਲ।ਸਰਕਾਰੇ ਦਰਬਾਰੇ ਕੋਈ ਸੁਣਵਾਈ ਨੀਂ।ਹਰ ਦਫ਼ਤਰੋਂ ਧੱਕੇ ਹੀ ਧੱਕੇ।ਦੂਜੇ ਹੱਥ, ਅਮੀਰਾਂ ਜਾਗੀਰਾਂ ਦੀ ਬੇਥਾਹ ਤਾਕਤ।ਮੁਰੱਬਿਆਂ ਨੂੰ ਕਚਹਿਰੀਆਂ 'ਚ ਕੁਰਸੀ।ਜ਼ਮੀਨ ਮਾਲਕਾਂ ਦੇ ਦੋ ਫੀ ਸਦੀ ਅੱਧੋਂ ਵੱਧ ਜ਼ਮੀਨ ਦੇ ਮਾਲਕ। ਅਠੱਨਵੇਂ ਅਮੀਰਾਂ ਦੀ ਪਚਵੰਜਾ ਕਰੋੜ ਪਰਿਵਾਰਾਂ ਤੋਂ ਕਿਤੇ ਵੱਧ ਆਮਦਨ।ਗਰੀਬਾਂ ਅਮੀਰਾਂ ਵਿੱਚ ਪਾੜਾ ਵੱਡਾ।ਸਿਰੇ ਦੀ ਨਾ ਬਰਾਬਰੀ।
ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਤੇ ਬਾਹੂਬਲ ਨੂੰ ਰੋਕਣ ਲਈ ਪੰਜਾਬ ‘ਚ ਸਤਾਹ ਬਦਲਾਅ ਜ਼ਰੂਰੀ
ਜਿਥੇ ਜ਼ੋਰ ਜ਼ਮੀਨਾਂ,ਧਨ-ਦੌਲਤਾਂ ਦਾ, ਉਥੇ ਇਹਨਾਂ ਤੋਂ ਸੱਖਣਿਆਂ ਨੂੰ ਕਾਹਦਾ ਅਧਿਕਾਰ? ਅਧਿਕਾਰ ਤਾਂ ਹੁੰਦਾ ਹੀ ਵਸੀਲਿਆਂ ਦੇ ਜ਼ੋਰ ਉੱਤੇ ਐ। ਵਸੀਲਿਆਂ ਤੋਂ ਬਿਨਾਂ ਤਾਂ ਇਹ ਵੋਟ ਅਧਿਕਾਰ, ਮਖੌਲ ਹੀ ਹੋਇਆ। ਹੱਕ ਕਹਿਣ ਵਾਲੇ ਲੱਖ ਕਹਿਣ "ਅੱਜ ਤਾਕਤ ਥੋਡੇ ਹੱਥ ਐ।" ਤੁਸੀਂ "ਮਰਜ਼ੀ ਦੇ ਮਾਲਕ" ਓ।"ਜੀਹਨੂੰ ਜੀ ਚਾਹੇ" ਵੋਟ ਪਾਓ।"ਪੂਰੀ ਖੁੱਲ ਐ।"
ਹਕੀਕਤ ਇੱਕ ਸੌ ਅੱਸੀ ਦਰਜੇ!ਜਮਾਂ ਉਲਟ।ਜਿਥੇ ਚੱਤੋ ਪਹਿਰ ਚਿੰਤਾ ਹੋਵੇ, ਦੋ ਡੰਗ ਰੋਟੀ ਦੀ,ਧੀ ਭੈਣ ਦੇ ਵਿਆਹ ਦੀ, ਪਸ਼ੂ ਟਾਂਢੇ ਲਈ ਕੱਖ ਪੱਠੇ ਦੀ,ਅਗਲੀ ਫ਼ਸਲ ਬੀਜਣ ਲਈ ਪੈਸੇ ਦੀ, ਨਜਾਇਜ਼ ਕੇਸ ਵਿੱਚ ਠਾਣੇ ਡੱਕੇ ਹੋਣ ਦੀ, ਫਾਰਮ ਉਤੇ ਮੋਹਰ ਲਵਾਉਣ ਦੀ, ਧੀ ਪੁੱਤ ਨੂੰ ਨੌਕਰੀ ਦਿਵਾਉਣ ਦੀ।ਉਥੇ ਏਸ ਹੱਕ ਦਾ ਕੀ ਅਰਥ?
ਹੱਕ ਤਾਂ ਤਾਕਤਵਰਾਂ ਦਾ।ਤਕੜੇ ਦਾ ਸੱਤੀਂ ਵੀਹੀਂ ਸੌ। ਪਿੰਡ ਦੇ ਚੌਧਰੀ, ਸ਼ਾਹੂਕਾਰ,ਹਵੇਲੀ ਵਾਲਿਆਂ ਦੇ ਕਾਕਾ ਜੀ,ਸਾਬਕਾ ਰਿਆਸਤ ਦੇ ਕੰਵਰ ਸਾਹਿਬ,ਨਿੱਕੋ ਦੇ ਸਹੁਰੇ,ਸਵੀਟੀ ਦੇ ਪਾਪਾ ਜੀ, ਸੋਸਾਇਟੀ ਦੇ ਪ੍ਰਧਾਨ ਸਾਹਿਬ, ਸਹਿਕਾਰੀ ਬੈਂਕ ਦਾ ਚੇਅਰਮੈਨ, ਟਰੈਕਟਰਾਂ ਦੀ ਏਜੰਸੀ ਦਾ ਮਾਲਕ,ਦਫ਼ਤਰ ਦਾ ਬੌਸ ਤੇ ਡੇਰੇ ਦਾ ਬਾਬਾ। ਸਭ ਹੱਕ ਇਹਨਾਂ ਲਈ ਹੀ ਰਾਖਵੇਂ ਨੇ।
(ਏਸ ਰਾਖਵੇਂਕਰਨ ਦੇ ਰੰਗ ਨੇ।ਅਮੀਰ ਗਰੀਬ ਦਾ ਪਾੜਾ ਵਧਿਆ। ਆਰਥਿਕ ਸਮਾਜਿਕ ਨਾ ਬਰਾਬਰੀ ਵਿੱਚ ਵੱਡਾ ਵਾਧਾ।ਵਸੋਂ ਦਾ ਵੱਡਾ ਹਿੱਸਾ ਕੰਗਾਲੀ ਦੀ ਕਗਾਰ 'ਤੇ। ਸੱਚੀਂ ਮਿੱਚੀਂ ਦਾ ਹੱਕ, ਵਸੀਲਿਆਂ ਨਾਲ ਹੀ। ਵਸੀਲਿਆਂ ਦੀ ਮਾਲਕੀ ਜ਼ਰੂਰੀ ਹੈ।ਏਹਦੇ ਲਈ ਸਮਾਂ ਸ਼ਕਤੀ ਲਾਓ।
(advt53)