ਪੰਜਾਬ ਦੀ ਸਿਆਸਤ ਵਿੱਚ ਕੌਣ ਲਿਆ ਰਿਹਾ ਹੈ ਭੁਚਾਲ ਦੇ ਝਟਕੇ?
ਕੀ ਦਲਦਲ ‘ਚ ਫਸੇਗਾ ਜਾਂ ਨਵੀਂ ਲੀਕ ਖਿੱਚੇਗਾ ਪੰਜਾਬ?
ਪੰਜਾਬ ਹਿੱਲ ਰਿਹਾ ਹੈ। ਅਨਿਸਚਿਤਤਾ ਦੀ ਹਾਲਤ ‘ਚੋਂ ਗੁਜ਼ਰ ਰਿਹਾ ਹੈ। ਨਵਾਂ ਸਿਰਜਣ ਦੀਆਂ ਜੰਮਣ ਪੀੜਾਂ ਹੰਢਾ ਰਿਹਾ ਹੈ। ਕਈ ਵਾਰ ਨਿਰਾਸ਼ਤਾ ਦੀ ਡੂੰਘੀ ਖਾਈ ‘ਚ ਡਿੱਗਿਆ ਹੈ। ਘਰ ਵਾਰ ਛੱਡਣ ਦਾ ਰਸਤਾ ਵੀ ਅਖਤਿਆਰ ਕਰਦਾ ਰਿਹਾ ਹੈ। ਪਰ ਫਿਰ ਕੋਈ ਡੂੰਘੀ ਚੀਸ ‘ਚੋਂ ਕਸੀਸ ਵੱਟ ਕੇ ਲੜਣ ਦਾ ਜ਼ੇਰਾ, ਹਿੰਮਤ ਜੁਟਾੳਦਾ ਰਿਹਾ ਹੈ। ਇਹ ਹਿੰਮਤ ਇਸ ਦੀ ਜਰਖੇਜ਼ ਭੋਇੰ ‘ਚ ਹੈ। ਪੰਜ ਦਰਿਆਵਾਂ ਦੇ ਪਾਣੀ ‘ਚ ਹੈ। ਪਹਾੜਾਂ, ਮਾਰੂਥਲਾਂ ‘ਚ ਘਿਰੇ ਮੈਦਾਨਾਂ ‘ਚ ਹੈ। ਇਸ ਦੇ ਵਿਰਸੇ ‘ਚ ਹੈ। ਲੜਨਾ, ਡਿੱਗ ਪੈਣਾ ਤੇ ਫਿਰ ਲੜ ਕੇ ਜਿੱਤਣਾ ਇਸ ਦੇ ਖੂਨ ‘ਚ ਹੈ।(MOREPIC1)
ਹੁਣ ਫਿਰ ਕੁਝ ਹਿੱਲ ਰਿਹਾ ਹੈ। ਆਉਣ ਵਾਲੇ ਭੁਚਾਲ ਦਾ ਸੰਕੇਤ ਦੇ ਰਿਹਾ ਹੈ। ਇਹ ਭਾਵੇਂ ਅਜੇ ਪਤਾ ਨਹੀਂ ਕੀ ਹੋਣਾ ਹੈ ਪਰ ਪੰਜਾਬ ਕੁਝ ਕਰਨ ਲਈ ਉੱਸਲਵੱਟੇ ਜਰੂਰ ਲੈ ਰਿਹਾ ਹੈ। ਪੰਜਾਬ ਪਹਿਲਾਂ ਵੀ ਹਿੰਦ ਮਹਾਂਦੀਪ ‘ਚ ਰਾਹ ਦਰਸਾਵਾ ਰਿਹਾ ਹੈ ਅਤੇ ਅੱਜ ਵੀ ਹੈ।
ਪੰਜਾਬ ‘ਚ ਹਮੇਸ਼ਾ ਹੀ ਜਾਤੀ, ਧਾਰਮਿਕ, ਜਮਾਤੀ, ਭਾਸ਼ਾਈ ਤੇ ਕੌਮੀ ਮਸਲੇ ਰਲਗੱਡ ਰਹਿੰਦੇ ਰਹੇ ਹਨ। ਕਿਹੜੀ ਬਣਤਰ ਕਿਸ ਹਕੀਕਤ ਨੂੰ ਆਧਾਰ ਬਣਾ ਕੇ ਬਿਲਕੁਲ ਅਣਸੁਖਾਵੀਂ, ਪਰ ਨਵਾਂ ਰੂਪ ਧਾਰਦੀ ਹੈ, ਇਹ ਵੱਖ ਵੱਖ ਖਿੱਤਿਆਂ ‘ਚ ਤਾਕਤ ਦੇ ਤੋਲ ਉੱਤੇ ਨਿਰਭਰ ਕਰਦਾ ਹੈ। ਮੌਜੂਦਾ ਚੋਣਾਂ ‘ਚ ਬਿਲਕੁੱਲ ਨਵੀਂਆਂ ਬਣਤਰਾਂ ਬਣ ਰਹੀਆਂ ਹਨ। ਇਸਦੇ ਕਈ ਕਾਰਨ ਹਨ।
ਇਹ ਹੀ ਪੜ੍ਹੋ : ਹਾਈਕਮਾਂਡ ਚੰਨੀ ਨੂੰ ਮੁੱਖ ਮੰਤਰੀ ਦੇ ਚੇਹਰੇ ਦਾ ਉਮੀਦਵਾਰ ਐਲਾਨੇ : ਬ੍ਰਹਮ ਮਹਿੰਦਰਾ
ਖੇਤੀ ਦੇ ਬਜ਼ਾਰੀਕਰਣ ਤੇ ਸ਼ਹਿਰੀਕਰਣ ਦੀ ਹੋੜ ਨੇ ਪੇਂਡੂ ਆਰਥਿਕਤਾ ‘ਚ ਬੇਚੈਨੀ ਪੈਦਾ ਕਰ ਦਿੱਤੀ ਹੈ। ਨਿਰਸੰਦੇਹ ਇਹ ਖੇਤੀ ਨੂੰ ਕਾਰਪੋਰੇਟ ਮਾਡਲ ਹੇਠ ਲਿਆਉਣ ਦੀ ਸੇਧ ਹੈ। ਪੰਜਾਬ ਦੇ ਕਿਸਾਨਾਂ ਨੇ ਸਾਲ ਭਰ ਦਿੱਲੀ ਦੀ ਹੱਦ ‘ਤੇ ਬੈਠ ਕੇ ਦੁਨੀਆਂ ਦੀ ਲੰਬੀ ਤੇ ਜਨ ਆਧਾਰਿਤ ਲੜਾਈ ਲੜੀ ਤੇ ਜਿੱਤੀ। ਸਿਆਸੀ ਪਾਰਟੀਆਂ ਨੇ ਬਾਹਰੋਂ ਬਾਹਰੋਂ ਇਸ ਦੀ ਹਮਾਇਤ ਕੀਤੀ। ਪਰ ਬੁਨਿਆਦੀ ਮੁੱਦਿਆਂ ‘ਤੇ ਕਿਸੇ ਨੇ ਵੀ ਭਾਜਪਾ ਦੀ ਸੇਧ ਨੂੰ ਰੱਦ ਨਹੀਂ ਕੀਤਾ। ਖੇਤੀ ਦਾ ਨਵਾਂ ਮਾਡਲ ਕੀ ਹੋਵੇ, ਇਸ ਨੂੰ ਕਿਸਾਨ ਜਥੇਬੰਦੀਆਂ ਨੇ ਵੀ ਅਜੇ ਤੱਕ ਪੇਸ਼ ਨਹੀਂ ਕੀਤਾ। ਜਦੋਂ ਕਿ ਸਿਆਸੀ ਪਾਰਟੀਆਂ ਦੀ ਮਾੜੀ ਮੋਟੀ ਗੱਲ ਐਮ ਐਸ ਪੀ ਦੇ ਨਿਗੂਣੇ ਹੁੰਗਾਰੇ ਤੱਕ ਸੀਮਿਤ ਹੈ। ਕਿਸਾਨ ਘੋਲ ਨੇ ਕਿਸਾਨਾਂ ‘ਚ ਸਾਰੀਆਂ ਪਾਰਟੀਆਂ ‘ਤੇ ਬੇਵਿਸ਼ਵਾਸ਼ੀ ਦਾ ਠੱਪਾ ਲਾ ਦਿੱਤਾ ਹੈ ਪਰ ਸਮੁੱਚਤਾ ਵਿੱਚ ਉਨ੍ਹਾਂ ਕੋਲ ਵੀ ਅਜੇ ਜ਼ਿਆਦਾ ਕੁਝ ਨਹੀਂ। ਸਿੱਟੇ ਵਜੋਂ ਇੱਕ ਹਿੱਸਾ ਚੋਣਾਂ ਤੋਂ ਬਾਹਰ ਤੇ ਇੱਕ ਸੰਯੁਕਤ ਸਮਾਜ ਮੋਰਚਾ ਦੇ ਰੂਪ ‘ਚ ਚੋਣ ਮੈਦਾਨ ‘ਚ ਹੈ। ਇਸ ਦੇ ਹਿੱਸੇ ਪੱਲੇ ਕੁਝ ਪਵੇਗਾ, ਅਜੇ ਕੁਝ ਵੀ ਕਿਹਾ ਨਹੀਂ ਜਾ ਸਕਦਾ। ਸਿਆਸੀ ਤਾਣੇਬਾਣੇ ਦੀ ਘਾਟ ਤੇ ਦੂਜੇ ਰੂਪਾਂ (ਜਾਤੀ, ਜਮਾਤੀ, ਧਾਰਮਿਕ) ਦਾ ਸਮੂਹਿਕ ਥੜਾ ਬਣ ਸਕਣ ਕਾਰਨ ਚੋਣਾਂ ‘ਚ ਕੋਈ ਬਹੁਤ ਪ੍ਰਾਪਤੀ ਦੀ ਆਸ ਨਹੀਂ ਲੱਗਦੀ। ਦੂਜੇ ਸ਼ਬਦਾਂ ‘ਚ ਚੋਣ ਗਣਿਤ ਕਿਸਾਨਾਂ ਦੇ ਹੱਕ ਵਿੱਚ ਨਹੀਂ ਲੱਗ ਰਿਹਾ।(SUBHEAD1)
ਪੰਜਾਬ ਦੀ ਦੂਜੀ ਹਲਚਲ ਪੰਜਾਬ ਵਿਧਾਨ ਸਭਾ ‘ਚ ਆਮ ਆਦਮੀ ਪਾਰਟੀ ਦਾ ਦਾਖਲਾ ਹੈ। ਅਕਾਲੀ, ਕਾਂਗਰਸ ਤੇ ਭਾਜਪਾ ਦੀ ਰਿਵਾਇਤੀ ਧਾਰਮਿਕ, ਜਾਤੀ ਤੇ ਲੋਕ ਲੁਭਾਊ ਸਿਆਸਤ ਦੇ ਉਲਟ ਇਸ ਨੇ ਲੋਕਾਂ ਨਾਲ ਜੁੜੇ ਮੁੱਦੇ ਉਭਾਰੇ ਹਨ। ਨਸ਼ਾ ਮਾਫੀਆ, ਜ਼ਮੀਨ ਮਾਫੀਆ, ਸ਼ਰਾਬ ਮਾਫੀਆ, ਰੇਤ ਮਾਫੀਆ, ਕੇਬਲ ਮਾਫੀਆ, ਟਰਾਂਸਪੋਰਟ ਮਾਫੀਆ ਦੁਆਰਾ ਜਨ ਸਾਧਨਾਂ ਦੀ ਲੁੱਟ, ਸਰਕਾਰੀ ਖਜ਼ਾਨੇ ਨੂੰ ਚੂਨਾ, ਹਰ ਥਾਂ ਭ੍ਰਿਸ਼ਟਾਚਾਰ, ਆਮ ਆਦਮੀ ਦਾ ਗਰੀਬੀ ‘ਚ ਧੱਸਦੇ ਜਾਣਾ, ਸਿੱਖਿਆ, ਸਿਹਤ ਤੇ ਰੋਜ਼ਗਾਰ ਸਾਧਨਾਂ ਤੋਂ ਬਾਹਰ ਧੱਕੇ ਜਾਣਾ, ਕਾਰਪੋਰੇਟ ਸਿਸਟਮ ਨੂੰ ਸੂਤ ਬਹਿੰਦੀਆਂ ਸੜਕਾਂ ਏਅਰਪੋਰਟਾਂ ਦਾ ਪੈਸਾ ਟੋਲ ਪਲਾਜ਼ੇ ਲਾ ਕੇ ਆਮ ਲੋਕਾਂ ਦੀਆਂ ਜੇਬਾਂ ‘ਚੋਂ ਕੱਢਣਾ, ਸਰਕਾਰੀ ਸੰਪਤੀਆਂ ਦੀ ਨਿੱਜੀ ਹੱਥਾਂ ‘ਚ ਵਿੱਕਰੀ ਆਦਿ ਮੁੱਦੇ ਲੋਕਾਂ ਨੂੰ ਸਮਝ ਪੈਣ ਲੱਗੇ ਹਨ। ਆਮ ਆਦਮੀ (ਗਰੀਬ, ਮੱਧ ਵਰਗ) ਭ੍ਰਿਸ਼ਟ ਸਿਆਸਤਦਾਨਾਂ ਨੂੰ ਰਾਜ ਭਾਗ ਤੋਂ ਹਟਾਉਣ ਅਤੇ ਖੁਦ ਅੱਗੇ ਆਉਣ ਲਈ ਸੋਚਣ ਲੱਗਾ ਹੈ। ਨਿਰਸੰਦੇਹ, ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਵੀ ਨਾ-ਮਾਤਰ ਹੈ ਪਰ ਰਿਵਾਇਤੀ ਪਾਰਟੀਆਂ ਨੂੰ ਬਦਲ ਕੇ ਨਵਾਂ ਬਦਲ ਲਿਆਉਣ ਦੀ ਲੋਕ ਤਾਂਘ ਮਚਲ ਰਹੀ ਹੈ। ਦਿੱਲੀ ਦਾ ਸਿੱਖਿਆ ਤੇ ਸਿਹਤ ਮਾਡਲ ਅਚੇਤ ਰੂਪ ਵਿੱਚ ਲੋਕ ਮਨਾਂ ‘ਚ ਕੰਮ ਕਰ ਰਿਹਾ ਹੈ।
ਅਕਾਲੀ ਤੇ ਭਾਜਪਾ ਦੇ ਗੱਠਜੋੜ ਪੁਰਾਣੇ ਸਮੇਂ ਨਾਲੋਂ ਕੁਝ ਵੀ ਨਵਾਂ ਨਹੀਂ ਲਿਆ ਰਹੇ। ਆਪਣੇ ਸਮੇਂ ਦੇ ਪੁਰਾਣੇ ਮੁੱਦਿਆਂ ਨੂੰ ਹੁਣ ਕਾਂਗਰਸ ਦੇ ਮੁੱਦੇ ਬਣਾ ਕੇ ਵੋਟ ਮੰਗ ਰਹੇ ਹਨ। ਪਰ ਕਾਂਗਰਸ ਪਾਰਟੀ ਨੇ ਨਵੇਂ ਰੂਪ ‘ਚ ਇੱਕ ਅਣਕਿਆਸਿਆ ਦਾਅ ਖੇਡਿਆ ਹੈ। ਅਜੇ ਸਾਢੇ ਤਿੰਨ ਮਹੀਨੇ ਪਹਿਲਾਂ ਕਾਂਗਰਸ ਸਤਾਹ ਵਿਰੋਧੀ ਲੋਕ ਰੌਂਅ ‘ਚੋਂ ਨਿੱਕਲਣ ਲਈ ਕੈਪਟਨ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੀ ਸੀ। ਅੰਦਰੂਨੀ ਲੜਾਈ ਤੇ ਗੁੱਟਾਂ ‘ਚ ਵੰਡੀ ਕਾਂਗਰਸ ਨੂੰ ਅਸਲੋਂ ਹੀ ਇੱਕ ਵੱਖਰਾ ਸਟੈਂਡ ਲੈਣਾ ਪਿਆ, ਜਿਸ ਨੇ ਪੰਜਾਬ ਦੇ ਰਿਵਾਇਤੀ ਢੰਗ ਨੂੰ ਮੁੱਢੋਂ ਹੀ ਬਦਲ ਦਿੱਤਾ। ਲਗਭਗ 25 ਪ੍ਰਤੀਸ਼ਤ ਜੱਟ ਸਿੱਖ ਆਬਾਦੀ ਵੱਲੋਂ ਰਾਜ ਕਰਨ ਦੀ ਰਿਵਾਇਤ ਨੂੰ ਦਲਿਤ ਚਿਹਰਾ ਅੱਗੇ ਲਿਆ ਕੇ 32 ਪ੍ਰਤੀਸ਼ਤ ਦਲਿਤ ਭਾਈਚਾਰੇ ਦੀ ਵੋਟ ਹਥਿਆਉਣ ਦਾ ਹਥਿਆਰ ਬਣਾ ਲਿਆ। ਇਸ ਨਾਲ ਕਾਂਗਰਸ ਨੇ ਅਕਾਲੀ ਭਾਜਪਾ ਦੇ ਦਲਿਤ ਕਾਰਡ ਨੂੰ ਉਨ੍ਹਾਂ ਕੋਲੋਂ ਖੋਹ ਲਿਆ ਹੈ। ਪਰ ਹੁਣ ਈ ਡੀ ਦੇ ਛਾਪਿਆਂ ਨੇ ਚਰਨਜੀਤ ਸਿੰਘ ਚੰਨੀ ਦੀ ਆਮ ਆਦਮੀ ਵਾਲੀ ਛਵੀ ਨੂੰ ਬੁਰੀ ਤਰ੍ਹਾਂ ਝੰਜੋੜ ਦਿੱਤਾ ਹੈ। ਅਜੇ ਆਉਣ ਵਾਲੇ ਦਿਨਾਂ ਵਿੱਚ ਹੋਰ ਕਾਂਗਰਸੀ ਮੰਤਰੀਆਂ ਦੀ ਲੁੱਟ ਵੀ ਨੰਗੀ ਹੋ ਸਕਦੀ ਹੈ।
ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੀ ਸਥਿਤੀ ਕੀ ਮੋੜ ਲੈਂਦੀ ਹੈ? ਵੋਟਰ ਕਿਸ ਨੂੰ ਪੂਰਨ ਬਹੁਮਤ ਦਿੰਦਾ ਹੈ ਜਾਂ ਲੰਗੜੀ ਸਰਕਾਰ ਬਣਾ ਕੇ ਸਿਆਸੀ ਉਥਲ ਪੁਥਲ ਵੱਲ ਵੱਧਦਾ ਹੈ, ਅਜੇ ਦੇਖਣ ਵਾਲੀ ਗੱਲ ਹੈ। ਪੰਜਾਬ ‘ਚ ਸਭ ਤੋਂ ਪਿਛਲੀ ਪੁਜ਼ੀਸ਼ਨ ‘ਤੇ ਬੈਠੀ ਭਾਜਪਾ ਬਾਂਦਰ ਵੰਡ ਦੀ ਉਡੀਕ ‘ਚ ਹੈ। ਭਾਰਤ ਵਿੱਚ 5-6 ਰਾਜਾਂ ਵਿੱਚ ਘੱਟ ਗਿਣਤੀ ਵਿੱਚ ਹੋ ਕੇ ਵੀ ਖ੍ਰੀਦੋ ਫਰੋਕਤ ਨਾਲ ਭਾਜਪਾ ਨੇ ਸਰਕਾਰਾਂ ਬਣਾਈਆਂ ਹਨ ਤੇ ਇੱਥੇ ਵੀ ਉਹ ਇਹੀ ਆਸ ਲਾਈ ਬੈਠੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਦੇ ਲੋਕ ਇਸ ਦਲਦਲ ਵਿੱਚ ਫਸਦੇ ਹਨ ਜਾਂ ਇਸ ਤੋਂ ਅੱਗੇ ਦਾ ਰਾਹ ਉਲੀਕਦੇ ਹਨ।