ਪ੍ਰੋ.ਮਨਜੀਤ ਸਿੰਘ ਸਾਗਰ (ਐਮ.ਏ.ਸੰਗੀਤ)
ਮਹਾਨ ਵਿਦਵਾਨ ਪਦਮਸ੍ਰੀ ਪ੍ਰੋਫੈਸਰ ਕਰਤਾਰ ਸਿੰਘ ਲੁਧਿਆਣੇ ਜਿੰਦਗੀ ਦੇ ਸ਼ੁਰੂ 'ਚ ਹੀ ਲੁਧਿਆਣਾ ਵਿਖੇ ਸੁਭਾਨੀ ਬਿਲਡਿੰਗ ਦੇ ਕੋਲ ਸੰਗੀਤ ਭਾਰਤੀ ਅਕੈਡਮੀ ਦੀ ਸ਼ੁਰੂਆਤ ਕਰਕੇ ਜਿਥੇ ਵਿਦਿਆਰਥੀਆਂ ਨੂੰ ਕਲਾਸੀਕਲ ਸੰਗੀਤ ਦੀ ਮੁੱਢਲੀ ਸਿੱਖਿਆ ਦਿੱਤੀ ਜਾਂਦੀ ਸੀ, ਇਸ ਸਾਰੀ ਸੰਗੀਤਕ ਲਹਿਰ ਨੂੰ ਅੱਗੇ ਤੋਰਨ ਵਾਲਿਆਂ 'ਚੋਂ ਉਘੇ ਸੰਗੀਤਕਾਰ ਗਿਆਨੀ ਗੁਰਚਰਨ ਸਿੰਘ ਸਿੰਘਾਪੁਰੀ, ਭਾਈ ਦਲੀਪ ਸਿੰਘ ਗਾਇਨ ਅਚਾਰੀਆ, ਭਾਈ ਕਰਮਾ ਜੀ, ਜਸਵੰਤ ਸਿੰਘ ਜੀ ਭੰਵਰਾ, ਬਲਵੰਤ ਰਾਏ ਅਤੇ ਜਸਪਾਲ ਜੀ ਨੇ ਪ੍ਰੋਫੈਸਰ ਕਰਤਾਰ ਸਿੰਘ (ਪਦਮਸ੍ਰੀ) ਨੂੰ ਆਪਣੇ ਸੰਗੀਤਕ ਕਲਾਂ ਦੇ ਅਥਾਹ ਸਮੁੰਦਰ 'ਚੋਂ ਗਿਆਨ ਦੀਆਂ ਬੂੰਦਾਂ ਬਖਸੀਆਂ, ਜਿਨ੍ਹਾਂ ਸਦਕਾ ਪ੍ਰੋਫੈਸਰ ਸਾਹਿਬ ਨੂੰ ਸ਼ੋ੍ਰਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਮਤਿ ਸੰਗੀਤ ਅਕੈਡਮੀ ਸ੍ਰੀ ਆਨੰਦਪੁਰ ਸਾਹਿਬ ਦਾ ਡਾਇਰੈਕਟਰ ਥਾਪ ਕੇ ਬਹੁਤ ਵੱਡਾ ਮਾਨ ਦਿੱਤਾ |
ਇਸ ਦੇ ਨਾਲ ਹੀ ਪ੍ਰੋਫੈਸਰ ਸਾਹਿਬ ਨੇ 'ਗੁਰਬਾਣੀ ਸੰਗੀਤ ਦਰਪਣ-ਭਾਗ ਪਹਿਲਾਂ' ਬੜੀ ਹੀ ਮਿਹਨਤ ਅਤੇ ਲਗਨ ਨਾਲ ਤਿਆਰ ਕਰਕੇ ਸੰਗੀਤ ਜਗਤ ਦੀ ਝੋਲੀ ਪਾਇਆ, ਕਿਉਂਕਿ 70-80 ਸਾਲ ਪਹਿਲਾਂ ਕੋਈ ਵੀ ਐਸੀ ਸੰਗੀਤ ਪੁਸਤਕ ਦੇਖਣ ਵਿਚ ਨਹੀਂ ਸੀ ਆਈ, ਜਿਸ ਵਿਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 31 ਰਾਗਾਂ ਅਤੇ ਉਨ੍ਹਾਂ ਦੇ ਪ੍ਰਕਾਰ ਦਾ ਵਿਸਥਾਰ ਨਾਲ ਵਰਨਣ ਹੋਵੇ | ਸੋ ਪ੍ਰਫੈਸਰ ਸਾਹਿਬ ਨੇ 'ਗੁਰਮਤਿ ਸੰਗੀਤ ਦਰਪਣ-ਭਾਗ ਪਹਿਲਾਂ' ਵਿਚ ਜਿਸ ਮਿਹਨਤ ਨਾਲ ਇਹ ਕਠਿਨ ਕੰਮ ਕੀਤਾ, ਇਹ ਕੋਈ ਸਿਰੜੀ ਇਨਸਾਨ ਹੀ ਕਰ ਸਕਦਾ ਸੀ | ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 31 ਰਾਗਾਂ ਵਿਚੋਂ ਸ੍ਰੀ ਰਾਗ ਤੋਂ ਸੂਹੀ ਰਾਗ ਤੱਕ ਕੇਵਲ 15 ਰਾਗ ਹਨ | ਸੰਗੀਤ ਸੰਬੰਧੀ ਜੋ ਪੁਸਤਕਾਂ ਪੰਜਾਬੀ ਭਾਸ਼ਾ ਵਿਚ ਹੁਣ ਤੱਕ ਪ੍ਰਕਾਸ਼ਿਤ ਹੋਈਆਂ ਹਨ, ਉਨ੍ਹਾਂ ਵਿਚੋਂ ਇਹ ਨਿਵੇਕਲੀ ਅਤੇ ਅਦੁੱਤੀ ਸੰਗੀਤਕ ਪੁਸਤਕ ਹੈ |
ਇਨ੍ਹਾਂ ਪੁਸਤਕਾਂ ਦੇ ਵਿਸਥਾਰ ਸਹਿਤ ਹੋਰ ਵੀ ਕਾਫੀ ਅਹਿਮ ਉਲੇਖ ਜਿਵੇਂ ਸ੍ਰੀ ਰਾਗ ਦਾ ਉਲੇਖ ਕਰਨ ਸਮੇਂ ਪੁਰਾਤਨ ਸੰਗੀਤ ਗ੍ਰੰਥਾਂ ਅਤੇ ਲੇਖਕ ਵਿਦਵਾਨਾਂ ਦਾ ਜਿਕਰ ਕੀਤਾ | ਜਿਵੇਂ ਸ੍ਰੀ ਰਾਗ ਨੂੰ ਥਾਟ (ਮੇਲ) ਜਾਂ ਪ੍ਰਮੁੱਖ ਰਾਗ ਮੰਨਦੇ ਹਨ | ਉਸਤੋਂ ਬਾਅਦ ਮੌਜੂਦਾ ਗੁਰਮਤਿ ਸੰਗੀਤ ਦਰਪਣ ਵਿਚ ਗਾਇਕ, ਵਾਦਕ ਤੇ ਲੇਖਕਾਂ ਦਾ ਹਵਾਲਾ ਦਿੱਤਾ ਹੈ | ਭਾਵੇਂ ਇਸ ਦਾ ਥਾਟ ਜਾਤੀ ਵਾਦ, ਸੰਵਾਦ, ਗੌਣ, ਸਮਾਂ ਆਦਿ ਕੀ ਹੈ? ਫਿਰ ਗ੍ਰੰਥਾਂ ਦੀ ਬਹੁ ਸੰਮਤੀ ਨੂੰ ਮੁੱਖ ਮੰਨਦੇ ਹੋਏ ਰਾਗਾਂ ਦਾ ਸੁਰ ਵਿਸਥਾਰ ਕੀਤਾ ਹੈ |
ਮੰਗਲਾਚਰਨ-ਰਾਗ ਦਾ ਸਰੂਪ ਮੰਗਲਾਚਰਨ ਰਾਹੀ ਮੰਦਿਰ, ਮੱਧ, ਤਾਰ ਸਪਤਕ ਤੱਕ ਕਿਵੇਂ ਪ੍ਰਗਟ ਕਰਨਾ ਹੈ, ਉਸਨੂੰ ਭਿੰਨ-ਭਿੰਨ ਤਾਲਾਂ ਦੀ ਵਿਲੱਬਤ ਲੈਅ ਵਿਚ ਤਾਲਬੱਧ, ਸੁਰ ਲਿਪੀ ਲਿਖ ਕੇ ਦੱਸਿਆ ਹੈ |
ਹਰੇਕ ਰਾਗ ਵਿਚ ਵਿਲੰਬਿਤ, ਮੱਧ, ਦਰੁੱਤ ਲੈਅ ਦੀਆਂ ਸ਼ਬਦ ਰੀਤਾਂ ਨਾਲ ਤਾਨਾਂ, ਤਿਹਾਈਆਂ ਵੀ ਦਰਜ ਕੀਤੀਆਂ ਹਨ | ਇਸ ਤੋਂ ਬਿਨਾਂ ਡੇਢ, ਪੌਣ ਤੇ ਸਵਾਈ ਵਾਲੇ ਤਾਲਾਂ ਸ਼ਬਦਾਂ ਨੂੰ ਲਿਪੀਬੱਧ ਵੀ ਕੀਤਾ ਹੈ |
ਇਸ ਤਰ੍ਹਾਂ ਭਾਗ-ਦੂਜਾ ਗੁਰਮਤਿ ਸੰਗੀਤ ਦਰਪਣ 'ਚ ਬਿਲਾਵਲ ਤੋਂ ਜੈ ਜੈ ਵੰਤੀ ਤੱਕ 16 ਰਾਗਾਂ ਵਿਚ ਸ਼ਬਦ, ਰੀਤ, ਸੰਗਿ੍ਹ ਛਾਪ ਕੇ ਸਾਧਕਾਂ ਅਤੇ ਕੀਰਤਨ ਵਿਦਿਆਰਥੀਆਂ ਲਈ ਬਹੁਤ ਹੀ ਵਧੀਆ ਅਤੇ ਸੌਖਾ ਕਾਰਜ ਕੀਤਾ ਹੈ |
ਪ੍ਰੋਫੈਸਰ ਸਾਹਿਬ ਦੀ ਪਹਿਲੀ ਪੁਸਤਕ ਗੁਰਮਤਿ ਸੰਗੀਤ ਦਰਪਣ 1996, 1997, 2000, ਫਿਰ 2002 ਵਿਚ ਚਾਰ ਵਾਰ ਛਪਣਾ, ਪ੍ਰੋਫੈਸਰ ਸਾਹਿਬ ਦੀ ਸੰਗੀਤਕ ਦੇਣ ਨੂੰ ਵੱਡੀ ਵਡਿਆਈ ਮੰਨਦੀ ਹੈ | ਇਸ ਪੁਸਤਕ 'ਚ ਸ੍ਰੀ ਰਾਗ ਤੋਂ ਰਾਗ ਸੂਹੀ ਤੱਕ ਪ੍ਰਚਲਿਤ ਅਪ੍ਰਚਲਿਤ ਤਾਲਾਂ ਵਿਚ 372 ਸ਼ਬਦ ਬੰਦਸ਼ਾਂ ਦਾ ਸੁਮੇਲ ਹੈ | ਜਿਸਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 400 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕਰਕੇ ਸਮਾਗਮਾਂ 'ਚ ਰਿਲੀਜ ਹੋਣ ਦਾ ਮਾਣ ਵੀ ਪ੍ਰਾਪਤ ਹੈ |
ਇਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਦੇ 500 ਸਾਲਾਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗੁਰੂ ਅੰਗਦ ਦੇਵ ਜੀ, ਸੰਗੀਤ ਦਰਪਣ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਿਤ ਬਾਣੀ ਤੇ ਗੁਰੂ ਉਪਮਾ ਵਿਚ ਰਾਏ ਬਲਵੰਡ ਸੱਤੇ, ਕਲਸਹਾਰ, ਭੱਟ ਅਤੇ ਭਾਈ ਗੁਰਦਾਸ ਰਚਿਤ ਰਚਨਾਵਾਂ ਦਾ 22 ਰਾਗਾਂ ਵਿਚ 135 ਬੰਦਸ਼ਾਂ ਦਾ ਸੰਗ੍ਰਹਿ ਹੈ | ਉਹ ਵੀ ਜੁਲਾਈ 2004 'ਚ ਸ਼ੋ੍ਰਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਕਾਸ਼ਿਤ ਕਰਕੇ ਪ੍ਰੋਫੈਸਰ ਸਾਹਿਬ ਨੂੰ ਬੜਾ ਵੱਡਾ ਮਾਣ ਬਖਸ਼ਿਆ |
ਇਸੇ ਤਰ੍ਹਾਂ ਤਾਨਪੂਰੇ ਅਤੇ ਤੰਤੀ ਸਾਜਾਂ ਨਾਲ ਕੀਰਤਨ ਕਰਨ ਵਿਚ ਪ੍ਰੋਫੈਸਰ ਸਾਹਿਬ ਨੂੰ ਗਾਉਣ ਵਿਚ ਪੂਰੀ ਮੁਹਾਰਤ ਹਾਸਿਲ ਸੀ | ਜਿਸ ਕਰਕੇ ਉਨ੍ਹਾਂ ਦੇ ਦਰਬਾਰ ਸਾਹਿਬ ਵਿਚ ਤੰਤੀ ਸਾਜਾਂ ਨਾਲ ਕੀਰਤਨ ਕਰਨ ਦੀ ਪੁਰਾਣੀ ਪਰੰਪਰਾ ਨੂੰ ਮੁੱਖ ਰੱਖਦੇ ਹੋਏ ਭਗਤ ਕਬੀਰ ਜੀ ਦਾ ਸ਼ਬਦ ਗਾਇਨ ਜਿਵੇਂ ਕਿ
''ਨਹੀਂ ਛੋਡਿਓ ਰੇ, ਬਾਬਾ ਰਾਮ ਨਾਮ,
ਮੇਰੇ ਆਉਰ ਪੜਨ ਸਿਉਂ, ਨਹੀਂ ਕਾਮ¨
ਹਮੇਸ਼ਾ ਪੜ੍ਹਦੇ ਰਹਿੰਦੇ ਸਨ |
ਵੱਖ ਵੱਖ ਰਾਗਾਂ 'ਚ ਖੂਬਸੂਰਤ ਸੁਰ ਰਚਨਾਵਾਂ, ਬੰਦਸ਼ਾਂ ਦੀ ਰਚਨਾ ਕਰਨਾ, ਇਹ ਉਨ੍ਹਾਂ ਦੀ ਵਿਸ਼ੇਸ਼ਤਾ ਸੀ | ਸਹਿਜ ਸੁਭਾਵਕ ਢੰਗ ਨਾਲ ਗਾਉਣਾ, ਸਦਾ ਚੜ੍ਹਦੀ ਕਲਾਂ 'ਚ ਖਿੜ੍ਹੇ ਮੱਥੇ ਰਹਿਣਾ, ਉਨ੍ਹਾਂ ਦਾ ਵਿਲੱਖਣ ਸੁਭਾਅ ਸੀ | ਆਪਣੇ ਜੀਵਨ ਦਾ ਵੱਡਾ ਭਾਗ ਉਨ੍ਹਾਂ ਨੇ ਗੁਰੂ ਨਾਨਕ ਗਰਲਜ ਕਾਲਜ ਲੁਧਿਆਣਾ ਵਿਖੇ ਮੁਖੀ ਸੰਗੀਤ ਵਿਭਾਗ ਵਜੋਂ ਸੇਵਾ ਕਰਕੇ ਨਿਭਾਇਆ ਤੇ ਇਸ ਤਰ੍ਹਾਂ ਗੁਰਮਤਿ ਸੰਗੀਤ ਅਕੈਡਮੀ ਸ੍ਰੀ ਆਨੰਦਪੁਰ ਸਾਹਿਬ ਦੀ ਡਾਇਰੈਕਟਰੀ ਦੀ ਸੇਵਾ ਸੰਭਾਲ ਕਰਕੇ ਸਾਹਿਬੇ ਕਮਾਲ ਦੀ ਪਾਵਨ ਧਰਤੀ 'ਤੇ ਗੁਰਮਤਿ ਸੰਗੀਤ ਦੀ ਵੱਡੀ ਸੇਵਾ ਕੀਤੀ |
2 ਜਨਵਰੀ 2022 ਨੂੰ ਪਦਮਸ੍ਰੀ ਪ੍ਰੋਫੈਸਰ ਕਰਤਾਰ ਸਿੰਘ ਗੁਰਮਤਿ ਸੰਗੀਤ ਦੇ ਮਹਾਨ ਵਿਦਵਾਨ ਦਾ ਚਲੇ ਜਾਣਾ ਸਿੱਖ ਸੰਗੀਤ ਜਗਤ ਲਈ ਬਹੁਤ ਹੀ ਵੱਡਾ ਨਾ ਪੂਰਾ ਹੋਣ ਵਾਲਾ ਘਾਟਾ ਹੈ | ਡੂੰਘੀਆਂ ਸੁਰਾਂ ਦੀ ਸਾਂਝ ਰੱਖਣ ਵਾਲੇ ਰੰਗਲੇ ਸੱਜਣ ਨੂੰ ਅੱਜ ਸਾਰਾ ਸੰਗੀਤ ਜਗਤ ਉਨ੍ਹਾਂ ਨੂੰ ਆਪਣੀ ਸ਼ਰਧਾ ਅਰਪਣ ਕਰਦਾ ਹੈ |
ਮੋਬਾ.ਨੰ-62848-18522