ਗੁਰਪਿਆਰ ਕੋਟਲੀ
ਤੇਰੀ ਘਾਲਣਾ ਨੇ ਬਹੁਤ ਕੁਝ ਦਿੱਤਾ ਹੈ, ਮਾਤਾ ਸਵਿੱਤਰੀ ਬਾਈ ਫੂਲੇ। ਅੱਜ ਮੇਰੇ ਵਰਗੀਆਂ ਚੰਗੀਆਂ ਪੜ੍ਹਦੀਆਂ ਨੇ, ਪੜ੍ਹਾਉਂਦੀਆਂ ਨੇ, ਧੰਨ ਅਤੇ ਇੱਜ਼ਤ ਕਮਾਉਂਦੀਆਂ ਨੇ। ਉਨ੍ਹਾਂ ਨੂੰ ਦੇਖ ਮੈਂ ਵੀ ਸੁਪਨੇ ਸਿਰਜਣ ਲੱਗੀ ਹਾਂ। ਪਰ ਪਤਾ ਨਹੀਂ ਕਿਉਂ ਜਦੋਂ ਮੈਂ ਸੁਪਨੇ ਦੇਖਦੀ ਹਾਂ ਤਾਂ ਮਾਂ , ਮੇਰੇ ਪਾਟੇ ਹੋਏ ਕੰਬਲ ਵਿੱਚੋਂ ਠੰਢੀ ਹਵਾ ਦਾ ਬੁੱਲਾ, ਮੇਰੀ ਨੀਂਦ ਉਡਾ ਦਿੰਦਾ ਹੈ ਤੇ ਮੈਂ ਫਿਰ ਆਪਣੇ ਗੋਡਿਆਂ ਨੂੰ ਢਿੱਡ ਨਾਲ ਲਾ ਕੇ ਸੌਣ ਦਾ ਜਤਨ ਕਰਦੀ ਹਾਂ। ਕਦੇ ਕਦੇ ਤਾਂ ਮਾਂ- ਮੈਂ ਸੁਪਨੇ ਵਿੱਚ ਆਪਣੇ ਆਪ ਨੂੰ ਚਿੱਟਾ ਕੋਟ ਪਾ ਕੇ ਡਾਕਟਰਾਂ ਵਾਲੇ ਕਮਰੇ ਵਿੱਚੋਂ ਬਾਹਰ ਨਿਕਲ ਰਹੀ ਹੁੰਦੀ ਹਾਂ ਤੇ ਇਕ ਬਜ਼ੁਰਗ ਔਰਤ ਮੇਰੇ ਸਾਹਮਣੇ ਹੱਥ ਜੋੜ ਕੇ ਧੰਨਵਾਦ ਕਰਦੀ ਦਿਸਦੀ ਹੈ। ਖੂੰਜੇ ਵਿੱਚ ਪਈ ਬੁਖਾਰ ਨਾਲ ਤੜਫ ਰਹੀ ਮਾਂ ਦੀ ਹੂੰਗਰ ਜਗਾ ਦਿੰਦੀ ਹੈ। ਮਾਂ- ਮੈਂ ਉੱਠ ਕੇ ਫਿਰ ਖਾਲੀ ਹੋਈ ਸ਼ੀਸ਼ੀ ਵਿੱਚੋਂ ਦਵਾਈ ਕੱਢਣ ਦਾ ਯਤਨ ਕਰਦੀ ਹਾਂ ਅਤੇ ਮੇਰੀ ਮਾਂ ਦਾ ਸਿਰ ਮੇਰੇ ਹੱਥਾਂ ਵਿੱਚ ਹੀ ਝੁਕ ਜਾਂਦਾ ਹੈ। ਇੱਕ ਰਾਤ ਤਾਂ ਕਮਾਲ ਹੋ ਗਈ ਮਾਂ, ਮੇਰੇ ਮੋਢੇ ਉੱਤੇ ਸੋਹਣਾ ਜਿਹਾ ਪਰਸ ਪਾਇਆ ਹੋਇਐ, ਕਾਲੀਆਂ ਐਨਕਾਂ, ਹੱਥ ਵਿੱਚ ਵੱਡਾ ਸਾਰਾ ਫ਼ੋਨ ਐ,ਇਕ ਹੱਥ ਕਿਤਾਬ ਵੀ ਹੈ, ਸੋਹਣਾ ਜਿਹਾ ਸੂਟ ਪਾਇਆ, ਮੇਰੇ ਵਾਲ ਵੀ ਸੈੱਟ ਕਰਾਏ ਸੀ। ਮੈਂ ਸਕੂਲ ਦੇ ਦਫ਼ਤਰ ਵੱਲ ਵਧ ਰਹੀ ਸੀ, ਦਰਵਾਜ਼ਾ ਖੋਲ੍ਹ ਕੇ ਪ੍ਰਿੰਸੀਪਲ ਦੀ ਕੁਰਸੀ ਤੇ ਬੈਠਣ ਹੀ ਵਾਲੀ ਸੀ ਕਿ ਬਾਪੂ ਦੀ ਆਵਾਜ਼ ""ਉਠ ਧੀਏ, ਕੰਮ ਤੋਂ ਲੇਟ ਹੋ ਜਾਵੇਗੀ, ਫਿਰ ਡਾਂਟੇਗੀ ਉਹ ਬਘਿਆੜੀ" ਨੇ ਮੰਜੀ ਤੋਂ ਪੈਰ ਥੱਲੇ ਕਰਵਾ ਦਿੱਤੇ।ਕਿੰਨਾ ਚਿਰ ਖੋਈ ਰਹੀ ਇਸ ਸੁਪਨੇ ਵਿੱਚ। ਸੱਚੀਂ ਮਾਂ- ਮੈਂ ਵੀ ਅੱਜ ਭੈਣ ਜੀ ਬਣ ਜਾਣਾ ਸੀ। ਜੇ ਮੈਡਮ ਫੀਸ ਨਾ ਦੇਣ ਕਾਰਨ, ਮੇਰਾ ਨਾਂ ਨਾ ਕੱਟਦੀ। ਇਕ ਰਾਤ ਤਾਂ ਹੱਦ ਹੀ ਹੋ ਗਈ ਮਾਂ- ਮੈਂ ਕਾਲਾ ਕੋਟ ਪਾਈ ਉੱਚੀ ਜਿਹੀ ਥਾਂ ਤੇ ਤੱਕੜੀ ਕੋਲ ਬੈਠੀ ਸੁਣ ਰਹੀ ਸੀ। ਦੋ ਮੇਰੇ ਵਰਗੇ ਕੋਟਾਂ ਵਾਲੇ ਬੜੀ ਉੱਚੀ ਉੱਚੀ ਬਹਿਸ ਕਰ ਰਹੇ ਸਨ।ਕੋਲ ਕਟਹਿਰੇ ਵਿੱਚ ਖੜ੍ਹੀ,ਪਤਲੀ ਜਿਹੀ, ਕੋਮਲ ਜਿਹੇ ਚਿਹਰੇ ਵਾਲੀ , ਨੌੰ ਕੁ ਸਾਲ ਦੀ ਕੁੜੀ, ਖਾਲੀ ਅੱਖਾਂ ਨਾਲ ਮੇਰੇ ਵੱਲ ਦੇਖ ਰਹੀ ਸੀ। ਮੇਰੇ ਅੰਦਰ ਇਕ ਚੜ੍ਹਦੀ ਸੀ ਤੇ ਇਕ ਉਤਰਦੀ ਸੀ। ਅਖੀਰ ਉੱਚੀ ਉੱਚੀ ਬੋਲਣ ਵਾਲਾ ਇੱਕ ਬੰਦਾ ਆਪਣੀ ਧੌਣ ਨੂੰ ਨੀਵਾਂ ਕਰ ਕੇ ਬੈਠ ਗਿਆ ਅਤੇ ਗੈਰਤਮੰਦ ਚਿਹਰੇ ਨੇ ਬੇਨਤੀ ਕੀਤੀ, ਹੁਣ ਇਨਸਾਫ ਤੁਹਾਡੇ ਹੱਥ ਹੈ ਮੈਡਮ। ਉਹ ਬੈਠ ਗਿਆ। ਮੈਂ ਕਲਮ ਚੱਕ ਲਿਖਣ ਹੀ ਲੱਗੀ ਸੀ ਕਿ ਮੇਰੀ ਕੁਰਸੀ ਟੁੱਟ ਗਈ। ਮੈਂ ਧੜੰਮ ਕਰਕੇ ਡਿੱਗ ਪਈ। ਅੱਭੜਵਾਹੇ ਉੱਠੀ ਵੇਖ ਬਾਪੂ ਨੇ ਕੋਲ ਆ ਸਿਰ ਤੇ ਹੱਥ ਰੱਖ ਬੱਸ ਹਾਉਕਾ ਹੀ ਭਰਿਆ ਸੀ ।ਬਸ ਆਦੀ ਜਿਹੀ ਹੋ ਗਈ ਹਾਂ, ਅਜਿਹੇ ਸੁਪਨੇ ਦੇਖਣ ਦੀ। ਕਦੇ ਕਦੇ ਤਾਂ ਇਹ ਲੱਗਦਾ ਕਿ ਮੈਂ ਸੌਵਾਂ ਹੀ ਨਾ। ਫਿਰ ਇਹੋ ਜਿਹੇ ਸੁਪਨੇ ਮੈਨੂੰ ਤੰਗ ਕਰਨਗੇ ।ਮੈਨੂੰ ਇਹ ਤਾਂ ਪਤਾ ਹੈ ਮਾਂ- ਤੇਰੀ ਸੋਚ ਨੇ ਬਹੁਤ ਸਾਰਿਆਂ ਨੂੰ ਸੁਪਨੇ ਸਿਰਜ ਕੇ ਦਿੱਤੇ ।ਪਰ ਮੇਰੇ ਹਿੱਸੇ ਦੀ ਸਵਿੱਤਰੀ ਪਤਾ ਨਹੀਂ ਕਿੱਥੇ ਹੈ। ਤੇ ਮੇਰੇ ਸੁਪਨੇ ਪਤਾ ਨੀ ਕਦੋਂ ਪੂਰੇ ਹੋਣਗੇ ਮੈਂ ਤਾਂ ਕਦੇ ਕਦੇ ਸੋਚਦੀ ਹਾਂ ਕਿ ਤੇਰੇ ਵਰਗੀਆਂ ਹੋਰ ਵਾਲੀਆਂ ਸਾਰੀਆਂ ਸਵਿੱਤਰੀਆਂ ਹੋਣ ਤਾਂ ਜੋ ਸਾਡੇ ਵੀ ਸੁਪਨੇ ਪੂਰੇ ਹੋਣ ਲੱਗਣ। ਅੱਜ ਦੇ ਭਾਰਤ ਦੀ ਇਕ ਕੁੜੀ ।
ਗੁਰਪਿਆਰ ਕੋਟਲੀ
9417540311