ਨਵੀਂ ਦਿੱਲੀ: 18 ਸਤੰਬਰ 2021, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਪੀਲ ਕੀਤੀ ਹੈ ਕਿ ਗੁਰਦੁਆਰਾ ਬੰਗਲਾ ਸਾਹਿਬ ਵਿਚ ਸ਼ਰਧਾਲੂਆਂ ਦੇ ਆਉਣ 'ਤੇ ਪਾਬੰਦੀ ਬਾਰੇ ਜਾਰੀ ਕੀਤੇ ਗਏ ਹੁਕਮ ਵਾਪਸ ਲਏ ਜਾਣ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਿਰਸਾ ਨੇ ਕਿਹਾ ਕਿ ਐਸ ਡੀ ਐਮ ਚਾਣਕਯਾਪੁਰੀ ਨੇ ਆਪਣੇ ਇਕ ਹੁਕਮ ਰਾਹੀਂ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਨੂੰ ਸ਼ਰਧਾਲੂਆਂ ਲਈ ਕੋਰੋਨਾ ਨਿਯਮਾਂ ਦੀ ਉਲੰਘਣਾ ਦਾ ਬਹਾਨਾ ਲਾ ਕੇ ਬੰਦ ਕਰਨ ਵਾਸਤੇ ਕਿਹਾ ਹੈ। ਉਹਨਾਂ ਕਿਹਾ ਕਿ ਇਹ ਹੁਕਮ ਗੈਰ ਵਾਜਬ ਹੈ ਤੇ ਤਾਨਾਸ਼ਾਹੀ ਹੈ ਜਿਸਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸਿੱਧੇ ਤੌਰ 'ਤੇ ਸੱਟ ਮਾਰੀ ਹੈ।
ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਯਾਦ ਕਰਵਾਇਆ ਕਿ ਇਹ ਉਹੀ ਗੁਰਦੁਆਰਾ ਬੰਗਲਾ ਸਾਹਿਬ ਹੈ ਜਿਸਨੇ ਵੱਖ ਵੱਖ ਐਸ ਡੀ ਐਮਜ਼ ਤੇ ਦਿੱਲੀ ਸਰਕਾਰ ਦੇ ਹੋਰ ਅਧਿਕਾਰੀਆਂ ਦੀਆਂ ਬੇਨਤੀਆਂ 'ਤੇ ਹਜ਼ਾਰਾਂ ਲੋੜਵੰਦਾਂ ਨੂੰ ਲੰਗਰ ਘਰ ਘਰ ਜਾ ਕੇ ਤੇ ਸੜਕਾਂ 'ਤੇ ਛਕਾਇਆ। ਇਸ ਸੇਵਾ ਵਾਸਤੇ ਦਿੱਲੀ ਪੁਲਿਸ ਨੇ ਗੁਰਦੁਆਰਾ ਸਾਹਿਬ ਦੀ ਸਾਇਰਨ ਪਰਕਰਮਾ ਕੀਤੀ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਕੌਮੀ ਮੀਡੀਆ ਨੇ ਗੁਰਦੁਆਰਾ ਸਾਹਿਬ ਵੱਲੋਂ ਮਨੁੱਖਤਾ ਲਈ ਕੀਤੀ ਸੇਵਾ ਦੀ ਵੱਡੀ ਪੱਧਰ 'ਤੇ ਕਵਰੇਜ ਕੀਤੀ।
ਉਹਨਾਂ ਹੈਰਾਨੀ ਪ੍ਰਗਟ ਕੀਤੀ ਕਿ ਇਕ ਪਾਸੇ ਦਿੱਲੀ ਸਰਕਾਰ ਨੇ ਸਿਨੇਮਾ ਹਾਲ, ਰੈਸਟੋਰੈਂਟ, ਜਿੰਮ, ਮਾਲ, ਮਾਰਕੀਟ, ਦੁਕਾਨਾਂ, ਜਨਤਕ ਪਾਰਕ, ਗਾਰਡਨ ਤੇ ਹੋਰ ਥਾਵਾਂ ਕੁਝ ਰੋਕਾਂ ਨਾਲ ਖੋਲ ਦਿੱਤੇ ਹਨ ਪਰ ਧਾਰਮਿਕ ਥਾਵਾਂ 'ਤੇ ਸਖ਼ਤ ਪਾਬੰਦੀਆਂ ਲਗਾ ਰਹੀ ਹੈ।
ਉਹਨਾਂ ਕਿਹਾ ਕਿ ਗੁਰਦੁਆਰਾ ਬੰਗਲਾ ਸਾਹਿਬ ਇਤਿਹਾਸਕ ਗੁਰਦੁਆਰਾ ਹੈ ਤੇ ਸਿੱਖ ਸੰਗਤ ਦੀਆਂ ਭਾਵਨਾਵਾਂ ਗੁਰਦੁਆਰਾ ਸਾਹਿਬ ਨਾਲ ਜੁੜੀਆਂ ਹਨ। ਉਹਨਾਂ ਕਿਹਾ ਕਿ ਸਿੱਖ ਭਾਈਚਾਰੇ ਵਿਚ ਇਸ ਤਾਨਾਸ਼ਾਹੀ ਹੁਕਮ ਖਿਲਾਫ ਬਹੁਤ ਰੋਹ ਹੈ।
ਉਹਨਾਂ ਨੇ ਮੁੱਖ ਮੰਤਰੀ ਨੁੰ ਅਪੀਲ ਕੀਤੀ ਕਿ ਉਹ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਐਸ ਡੀ ਐਮ ਨੂੰ ਇਹ ਹੁਕਮ ਤੁਰੰਤ ਵਾਪਸ ਲੈਣ ਦੇ ਹੁਕਮ ਦੇਣ ਤੇ ਜੇ ਅਜਿਹਾ ਨਾ ਕੀਤਾ ਤਾਂ ਸਿੱਖਾਂ ਕੋਲ ਇਸ ਤਾਨਾਸ਼ਾਹੀ ਹੁਕਮ ਦੇ ਖਿਲਾਫ ਵੱਡੀ ਪੱਧਰ 'ਤੇ ਪ੍ਰਦਰਸ਼ਨ ਕਰਨ ਤੋਂ ਇਲਾਵਾ ਕੋਈ ਰਾਹ ਨਹੀਂ ਰਹਿ ਜਾਵੇਗਾ।
(advt54)