ਭੈਣ ਮਾਲਵਿਕਾ ਸੂਦ ਨੂੰ ਪੰਜਾਬ ‘ਚ ਚੋਣ ਲੜਵਾਉਣ ਦੇ ਚਰਚੇ
ਨਵੀਂ ਦਿੱਲੀ /27ਅਗਸਤ/ਦੇਸ਼ ਕਲਿਕ ਬਿਊਰੋ: ਫਿਲਮ ਅਦਾਕਾਰ ਸੋਨੂੰ ਸੂਦ ਨੇ ਅੱਜ ਸਵੇਰੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਰਾਘਵ ਚੱਡਾ ਆਦਿ ਮੌਜੂਦ ਸਨ। ਅਦਾਕਾਰ ਸੋਨੂੰ ਸੂਦ ਅਤੇ ਕੇਜਰੀਵਾਲ ਦੀ ਇਹ ਮੁਲਾਕਾਤ ਭਾਵੇਂ ਸੋਨੂ ਸੂਦ ਨੂੰ ਬ੍ਰਾਂਡ ਅੰਬੈਸਡਰ ਬਣਾਉਣ ਬਾਰੇ ਸੀ ਪਰ ਇਸ ਮੁਲਾਕਾਤ ਨੇ ਰਾਜਨੀਤਿਕ ਗਲਿਆਰਿਆਂ ਵਿਚੱ ਚੋਣਾਂ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ।
ਦਰਅਸਲ, ਦਿੱਲੀ ਸਰਕਾਰ 'ਦੇਸ਼ ਕਾ ਮੈਂਟਰਸ' ਨਾਂ ਦਾ ਇੱਕ ਪ੍ਰੋਗਰਾਮ ਸ਼ੁਰੂ ਕਰ ਰਹੀ ਹੈ, ਜਿਸਦਾ ਬ੍ਰਾਂਡ ਅੰਬੈਸਡਰ ਸੋਨੂੰ ਸੂਦ ਹੋਵੇਗਾ। ਦੋਵਾਂ ਨੇ ਪ੍ਰੈਸ ਕਾਨਫਰੰਸ ਰਾਹੀਂ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਸੂਤਰਾਂ ਅਨੁਸਾਰ ਸੋਨੂੰ ਸੂਦ ਇਸ ਪ੍ਰੋਗਰਾਮ ਜ਼ਰੀਏ ਜਾਂ ਇਸ ਪ੍ਰੋਗਰਾਮ ਤੋਂ ਬਿਨ੍ਹਾ ਵੀ ਆਮ ਆਦਮੀ ਪਾਰਟੀ ਵੱਲੋਂ ਪ੍ਰਚਾਰ ਕਰਨਗੇ।ਚਰਚਾ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਸੋਨੂ ਸੂਦ ਨੂੰ ਪੰਜਾਬ ਵਿੱਚ ਚੋਣ ਲੜਵਾਉਣਾ ਚਾਹੁੰਦੀ ਸੀ ਪਰ ਸੋਨੂ ਸੂਦ ਵੱਲੋਂ ਇਨਕਾਰ ਕਰਨ ਤੋਂ ਬਾਦ ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ ਪੰਜਾਬ ਵਿੱਚ ਚੋਣ ਲੜਵਾਈ ਜਾਵੇਗੀ।
ਸੂਤਰਾਂ ਅਨੁਸਾਰ ਇਸ ਮਸਲੇ ਬਾਰੇ ਸਭ ਕੁਝ ਤੈਅ ਕੀਤਾ ਜਾ ਚੁੱਕਾ ਹੈ ਤੇ ਸਿਰਫ ਐਲਾਨ ਹੀ ਬਾਕੀ ਹੈ।
ਸੋਨੂੰ ਸੂਦ ਨੇ ਦੇਸ਼ ਦਾ ਧਿਆਨ ਉਸ ਸਮੇਂ ਖਿੱਚਿਆ ਜਦੋਂ ਪਿਛਲੇ ਸਾਲ ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਤਾਲਾਬੰਦ ਸੀ। ਉਸ ਸਮੇਂ ਪ੍ਰਵਾਸੀ ਮਜ਼ਦੂਰ ਪੈਦਲ ਆਪਣੇ ਘਰਾਂ ਨੂੰ ਜਾਣ ਲਈ ਮਜਬੂਰ ਸਨ ਤੇ ਸੋਨੂੰ ਸੂਦ ਨੇ ਅੱਗੇ ਵਧ ਕੇ ਆਪਣੇ ਪੱਧਰ ‘ਤੇ ਉਨ੍ਹਾਂ ਦੀ ਮਦਦ ਕੀਤੀ ਸੀ।
ਭੋਜਨ ਤੋਂ ਲੈ ਕੇ ਉਨ੍ਹਾਂ ਨੂੰ ਘਰ ਲੈ ਜਾਣ ਤੱਕ, ਬੱਸਾਂ, ਰੇਲ ਗੱਡੀਆਂ ਵਿੱਚ ਟਿਕਟਾਂ ਦਾ ਪ੍ਰਬੰਧ ਸੋਨੂ ਸੂਦ ਵੱਲੋਂ ਕੀਤਾ ਗਿਆ ਸੀ।ਉਦੋਂ ਤੋਂ, ਉਸਨੂੰ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀ ਸਹਾਇਤਾ ਲਈ ਨਿਰੰਤਰ ਬੇਨਤੀਆਂ ਪ੍ਰਾਪਤ ਹੋ ਰਹੀਆਂ ਹਨ।ਉਸਨੇ ਲੋਕਾਂ ਨੂੰ ਆਕਸੀਜਨ ਆਦਿ ਪਹੁੰਚਾ ਕੇ ਕੋਰੋਨਾ ਦੀ ਦੂਜੀ ਲਹਿਰ ਵਿੱਚ ਵੀ ਬਹੁਤ ਸਹਾਇਤਾ ਕੀਤੀ।