ਚੰਡੀਗੜ੍ਹ, 18 ਅਗਸਤ 2021, ਦੇਸ਼ ਕਲਿੱਕ ਬਿਓਰੋ:
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਦੀ ਦਿੱਲੀ ਰਿਹਾਇਸ਼ ਵਿਖੇ ਰਾਸ਼ਟਰੀ ਮੰਚ ਦੀ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਦੇਸ਼ ਦੇ ਉੱਘੇ ਰਾਜਸੀ ਨੇਤਾਵਾਂ, ਸਾਬਕਾ ਉੱਚ ਅਧਿਕਾਰੀਆਂ ਅਤੇ ਸਿਆਸੀ ਮਾਹਰਾਂ ਵੱਲੋਂ ਦੇਸ਼ ਦੇ ਮੌਜੂਦਾ ਹਾਲਾਤ `ਤੇ ਵਿਸਥਾਰਪੂਰਵਕ ਚਰਚਾ ਕੀਤੀ ਗਈ।
ਮੀਟਿੰਗ ਵਿੱਚ ਸਾਬਕਾ ਕੇਂਦਰੀ ਮੰਤਰੀ ਸ਼੍ਰੀ ਯਸ਼ਵੰਤ ਸਿਨਹਾ, ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ, ਸਾਬਕਾ ਐੱਮ.ਪੀ.ਪਵਨ ਵਰਮਾ, ਸਾਬਕਾ ਰਾਜਦੂਤ ਸ: ਕੇ.ਸੀ ਸਿੰਘ, ਸ਼੍ਰੀ ਘਨਸਿ਼ਆਮ ਤਿਵਾੜੀ, ਸ਼੍ਰੀ ਸੁਧੀਰ ਕੁਲਕਰਨੀ, ਸ਼੍ਰੀ ਰਵਿੰਦਰ ਮਨਚੰਦਾ ਆਦਿ ਮੌਜੂਦ ਸਨ।
ਮੀਟਿੰਗ ਵਿੱਚ ਸੱਤਾਧਾਰੀ ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿ਼ਲਾਫ਼ ਦੇਸ਼ ਦੀਆਂ ਵਿਰੋਧੀ ਧਿਰਾਂ ਨੂੰ ਇੱਕਜੁੱਟ ਹੋਣ ਦੀ ਲੋੜ `ਤੇ ਜ਼ੋਰ ਦਿੱਤਾ ਗਿਆ। ਇਸਤੋਂ ਇਲਾਵਾ ਦੇਸ਼ ਦੇ ਕਿਸਾਨਾਂ ਦੇ ਮਸਲੇ ਹੱਲ ਕਵਾਉਣ ਲਈ ਸਰਕਾਰ `ਤੇ ਦਬਾਅ ਪਾਉਣ ਦਾ ਫੈਸਲਾ ਕੀਤਾ ਗਿਆ। ਭਵਿੱਖ ਵਿੱਚ ਪੰਜਾਬ ਅਤੇ ਉਤਰ ਪ੍ਰਦੇਸ਼ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਨਵਾਂ ਸਿਆਸੀ ਬਦਲ ਲਿਆਉਣ ਲਈ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਮੌਕੇ `ਤੇ ਸ: ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਦੇਸ਼ ਦਾ ਸੰਘੀ ਢਾਂਚਾ ਮਜਬੂਤ ਕਰਨ ਲਈ ਖੇਤਰੀ ਪਾਰਟੀਆਂ ਨੂੰ ਇੱਕਜੁੱਟ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਜਾਂ ਨੂੰ ਵੱਧ ਤੋਂ ਵੱਧ ਅਧਿਕਾਰ ਮਿਲਣੇ ਚਾਹੀਦੇ ਹਨ ਤਾਂ ਜੋ ਸੂਬਿਆਂ ਦਾ ਬਿਹਤਰ ਢੰਗ ਨਾਲ ਵਿਕਾਸ ਹੋ ਸਕੇ। ਮੀਟਿੰਗ ਵਿੱਚ ਵੱਖ ਵੱਖ ਸ਼ਖਸ਼ੀਅਤਾਂ ਨੇ ਵੀ ਆਪੋ-ਆਪਣੇ ਵਿਚਾਰ ਪੇਸ਼ ਕੀਤੇ।