ਨਵੀਂ ਦਿੱਲੀ/18 ਅਗਸਤ 2021, ਦੇਸ਼ ਕਲਿਕ ਬਿਊਰੋ:
ਭਾਰਤ ਦੇ ਚੀਫ ਜਸਟਿਸ ਐੱਨਵੀ ਰਮਨਾ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਦੇ ਕੌਲਜੀਅਮ ਨੇ ਸੁਪਰੀਮ ਕੋਰਟ ਵਿੱਚ ਜੱਜਾਂ ਵਜੋਂ ਨਿਯੁਕਤੀ ਲਈ ਨੌਂ ਨਾਵਾਂ ਦੀ ਸਿਫਾਰਸ਼ ਕੀਤੀ ਹੈ।12 ਅਗਸਤ ਨੂੰ ਜਸਟਿਸ ਆਰਐੱਫ ਨਰੀਮਨ ਦੀ ਸੇਵਾਮੁਕਤੀ ਦੇ ਨਾਲ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਗਿਣਤੀ ਘੱਟ ਕੇ 25 ਰਹਿ ਗਈ, ਜਦੋਂ ਕਿ ਸੀਜੇਆਈ ਸਮੇਤ ਜੱਜਾਂ ਦੀ ਮਨਜ਼ੂਰਸ਼ੁਦਾ ਗਿਣਤੀ 34 ਹੈ।
19 ਮਾਰਚ 2019 ਨੂੰ ਤੱਤਕਾਲੀ ਸੀਜੇਆਈ ਰੰਜਨ ਗੋਗੋਈ ਦੇ ਸੇਵਾਮੁਕਤ ਹੋਣ ਤੋਂ ਬਾਅਦ ਸੁਪਰੀਮ ਕੋਰਟ ਵਿੱਚ ਕੋਈ ਨਿਯੁਕਤੀ ਨਹੀਂ ਹੋਈ ਸੀ। ਸੂਤਰਾਂ ਨੇ ਦੱਸਿਆ ਕਿ ਪੰਜ ਮੈਂਬਰੀ ਕੌਲਜੀਅਮ ਨੇ ਕਰਨਾਟਕ ਹਾਈ ਕੋਰਟ ਦੀ ਜਸਟਿਸ ਬੀਵੀ ਨਾਗਰਤਨਾ ਸਮੇਤ ਤਿੰਨ ਮਹਿਲਾ ਜੱਜਾਂ ਦੇ ਨਾਂ ਭੇਜੇ ਹਨ। ਨਾਗਰਤਨਾ ਦੇਸ਼ ਦੀ ਪਹਿਲੀ ਮਹਿਲਾ ਚੀਫ ਜਸਟਿਸ ਬਣ ਸਕਦੀ ਹੈ। ਜਸਟਿਸ ਯੂਯੂ ਲਲਿਤ, ਜਸਟਿਸ ਏਐੱਮ ਖਾਨਵਿਲਕਰ, ਜਸਟਿਸ ਡੀਵਾਈ ਚੰਦਰਚੂੜ ਅਤੇ ਜਸਟਿਸ ਐੱਲ ਨਾਗੇਸ਼ਵਰ ਰਾਓ ਵੀ ਪੰਜ ਮੈਂਬਰੀ ਕੌਲਜੀਅਮ ਦਾ ਹਿੱਸਾ ਹਨ। ਜਸਟਿਸ ਨਾਗਰਤਨਾ ਤੋਂ ਇਲਾਵਾ ਦੋ ਹੋਰ ਮਹਿਲਾ ਜੱਜਾਂ ਦੇ ਨਾਂ ਵੀ ਭੇਜੇ ਗਏ ਹਨ। ਇਨ੍ਹਾਂ ਵਿੱਚ ਤਿਲੰਗਾਨਾ ਹਾਈ ਕੋਰਟ ਦੀ ਮੁੱਖ ਜੱਜ ਹਿਮਾ ਕੋਹਲੀ ਅਤੇ ਗੁਜਰਾਤ ਹਾਈ ਕੋਰਟ ਦੀ ਜਸਟਿਸ ਬੇਲਾ ਤ੍ਰਿਵੇਦੀ ਸ਼ਾਮਲ ਹਨ।
ਪਤਾ ਲੱਗਾ ਹੈ ਕਿ ਕੌਲਜੀਅਮ ਨੇ ਸੀਨੀਅਰ ਵਕੀਲ ਅਤੇ ਸਾਬਕਾ ਵਧੀਕ ਸਾਲਿਸਟਰ ਜਨਰਲ ਪੀਐੱਸ ਨਰਸਿਮ੍ਹਾ ਨੂੰ ਵੀ ਬਾਰ ਤੋਂ ਸਿੱਧੀ ਨਿਯੁਕਤੀ ਲਈ ਚੁਣਿਆ ਹੈ। ਸੂਤਰਾਂ ਅਨੁਸਾਰ ਹੋਰ ਨਾਂਵਾਂ ਵਿੱਚ ਜਸਟਿਸ ਅਭੈ ਸ੍ਰੀਨਿਵਾਸ ਓਕਾ ਕਰਨਾਟਕ ਹਾਈ ਕੋਰਟ ਦੇ ਚੀਫ ਜਸਟਿਸ, ਜਸਟਿਸ ਵਿਕਰਮ ਨਾਥ ਗੁਜਰਾਤ ਹਾਈ ਕੋਰਟ ਦੇ ਚੀਫ ਜਸਟਿਸ, ਜਸਟਿਸ ਜਿਤੇਂਦਰ ਕੁਮਾਰ ਮਹੇਸ਼ਵਰੀ ਸਿੱਕਮ ਹਾਈ ਕੋਰਟ ਦੇ ਚੀਫ ਜਸਟਿਸ, ਜਸਟਿਸ ਸੀਟੀ ਰਵੀ ਕੁਮਾਰ ਕੇਰਲਾ ਹਾਈ ਕੋਰਟ ਅਤੇ ਜਸਟਿਸ ਐੱਮਐੱਮ ਸੁੰਦਰੇਸ਼ ਕੇਰਲਾ ਹਾਈ ਕੋਰਟ ਸ਼ਾਮਲ ਹਨ। ਜੇ ਇਨ੍ਹਾਂ ਸਿਫਾਰਸ਼ਾਂ ਨੂੰ ਸਵੀਕਾਰ ਕਰ ਲਿਆ ਜਾਂਦਾ ਹੈ ਤਾਂ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਗਿਣਤੀ 33 ਹੋ ਜਾਵੇਗੀ।