ਨਵੀਂ ਦਿੱਲੀ/16ਅਗਸਤ 2021,ਦੇਸ਼ ਕਲਿਕ ਬਿਊਰੋ:
ਮਨਜਿੰਦਰ ਸਿੰਘ ਸਿਰਸਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਜੋ ਸਾਡੇ ਸਿੱਖ ਭਰਾ ਗ਼ਜ਼ਨੀ ਅਤੇ ਜਲਾਲਾਬਾਦ ਵਿੱਚ ਸਨ,ਉਨ੍ਹਾਂ ਨੇ ਕਾਬੁਲ ਗੁਰਦਵਾਰੇ ਵਿੱਚ ਸ਼ਰਨ ਲੈ ਰੱਖੀ ਹੈ। ਤਾਲਿਬਾਨ ਆਗੂਆਂ ਨੇ ਅੱਜ ਕਾਬੁਲ ਦੇ ਗੁਰਦਵਾਰਾ ਸਾਹਿਬ ਦਾ ਦੌਰਾ ਕੀਤਾ ਅਤੇ ਹਿੰਦੂ ਸਿੱਖ ਪਰਿਵਾਰਾਂ ਦੀ ਸੁਰੱਖਿਆ ਦਾ ਭਰੋਸਾ ਦਿਵਾਇਆ। ਇਸ ਮੀਟਿੰਗ ਦੀਆਂ ਫ਼ੋਟੋਆਂ ਵੀ ਸਾਹਮਣੇ ਆਈਆਂ ਹਨ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਮਨਜਿੰਦਰ ਸਿਰਸਾ ਨੇ ਦੱਸਿਆ ਕਿ ਉਹ ਕਾਬੁਲ ਦੀ ਗੁਰਦਵਾਰਾ ਕਮੇਟੀ ਦੇ ਮੁਖੀ ਨਾਲ ਲਗਾਤਾਰ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਿਲੀ ਜਾਣਕਾਰੀ ਮੁਤਾਬਿਕ ਹਿੰਦੂ ਸਿੱਖ ਘੱਟ ਗਿਣਤੀ ਸਮਾਜ ਦੇ 320 ਲੋਕ ਜਿਨ੍ਹਾਂ ਵਿੱਚੋਂ 50 ਹਿੰਦੂ ਹਨ ਅਤੇ 270 ਸਿੱਖ ਹਨ ਉਹ ਕਰਤੇ ਪ੍ਰਵਾਨ ਗੁਰਦਵਾਰੇ ਵਿੱਚ ਹਨ। ਤਾਲਿਬਾਨ ਆਗੂਆਂ ਨੇ ਉਨ੍ਹਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਦੀ ਸੁਰੱਖਿਆ ਦਾ ਭਰੋਸਾ ਦਿਵਾਇਆ। ਸਿਰਸਾ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਅਫ਼ਗ਼ਾਨਿਸਤਾਨ ਵਿੱਚ ਚੱਲ ਰਹੇ ਰਾਜਨੀਤਕ ਬਦਲਾਵਾਂ ਦੇ ਬਾਵਜੂਦ ਹਿੰਦੂ ਅਤੇ ਸਿੱਖ ਉੱਥੇ ਸੁਰੱਖਿਅਤ ਰਹਿ ਸਕਣਗੇ।