ਨਵੀਂ ਦਿੱਲੀ, 22 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਦਿੱਲੀ ਦੀ ਗਾਜ਼ੀਪੁਰ ਲੈਂਡਫਿਲ ਸਾਈਟ 'ਚ ਐਤਵਾਰ ਸ਼ਾਮ ਤੋਂ ਭਿਆਨਕ ਅੱਗ ਲੱਗੀ ਹੋਈ ਹੈ। ਪਿਛਲੇ 12 ਘੰਟਿਆਂ ਤੋਂ ਡੰਪਿੰਗ ਯਾਰਡ 'ਚੋਂ ਅੱਗ ਦੀਆਂ ਲਪਟਾਂ ਦੇ ਨਾਲ-ਨਾਲ ਧੂੰਏਂ ਦੇ ਗੁਬਾਰ ਵੀ ਨਿਕਲ ਰਹੇ ਹਨ। ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਦਿੱਲੀ ਫਾਇਰ ਬ੍ਰਿਗੇਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਐਤਵਾਰ ਸ਼ਾਮ ਕਰੀਬ 6 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ।ਬਾਅਦ 'ਚ 8 ਹੋਰ ਗੱਡੀਆਂ ਨੂੰ ਮੌਕੇ 'ਤੇ ਭੇਜਿਆ ਗਿਆ। ਇਨ੍ਹਾਂ ਵਿੱਚੋਂ 4 ਵਾਹਨ ਡੰਪਿੰਗ ਯਾਰਡ ਦੇ ਉਪਰਲੇ ਹਿੱਸੇ ’ਤੇ ਹਨ।
ਅੱਗ ਲੱਗਣ ਦਾ ਕਾਰਨ ਗਰਮ ਅਤੇ ਖੁਸ਼ਕ ਮੌਸਮ ਦੱਸਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗਿੱਲਾ ਕੂੜਾ ਦੱਬ ਜਾਂਦਾ ਹੈ ਅਤੇ ਗਰਮੀ ਪੈਦਾ ਕਰਦਾ ਹੈ। ਫਿਰ ਇਸ ਵਿਚ ਗੈਸ ਬਣ ਜਾਂਦੀ ਹੈ, ਜੋ ਅੱਗ ਦਾ ਕਾਰਨ ਬਣਦੀ ਹੈ। ਫਿਲਹਾਲ ਇਸ ਘਟਨਾ 'ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।