ਨਵੀਂ ਦਿੱਲੀ, 28 ਜਨਵਰੀ, ਦੇਸ਼ ਕਲਿਕ ਬਿਊਰੋ :
ਦਿੱਲੀ ਦੇ ਕਾਲਕਾਜੀ ਮੰਦਰ 'ਚ ਸ਼ਨੀਵਾਰ ਰਾਤ ਨੂੰ ਮਾਤਾ ਦੇ ਜਾਗਰਣ ਦੌਰਾਨ ਸਟੇਜ ਡਿੱਗ ਗਈ। ਇਸ ਹਾਦਸੇ 'ਚ ਇਕ ਔਰਤ ਦੀ ਮੌਤ ਹੋ ਗਈ, ਜਦਕਿ 17 ਲੋਕ ਜ਼ਖਮੀ ਹੋ ਗਏ। ਇਹ ਘਟਨਾ ਰਾਤ ਕਰੀਬ 12 ਵਜੇ ਦੀ ਦੱਸੀ ਜਾ ਰਹੀ ਹੈ। ਦੱਸਿਆ ਗਿਆ ਕਿ ਗਾਇਕ ਬੀ ਪਰਾਕ ਦੇ ਭਜਨਾਂ ਨੂੰ ਸੁਣਨ ਲਈ 1500 ਤੋਂ ਵੱਧ ਲੋਕਾਂ ਦੀ ਭੀੜ ਆਈ ਸੀ। ਉਨ੍ਹਾਂ ਵਿੱਚ ਬਹੁਤ ਸਾਰੇ ਬੱਚੇ, ਔਰਤਾਂ ਅਤੇ ਬਜ਼ੁਰਗ ਸਨ। ਜਾਗਰਣ ਦੌਰਾਨ ਵੱਡੀ ਗਿਣਤੀ 'ਚ ਲੋਕ ਸਟੇਜ 'ਤੇ ਚੜ੍ਹ ਗਏ, ਜਿਸ ਕਾਰਨ ਸਟੇਜ ਟੁੱਟ ਗਈ। ਹਾਦਸੇ ਤੋਂ ਬਾਅਦ ਮੌਕੇ 'ਤੇ ਭਗਦੜ ਵਰਗੀ ਸਥਿਤੀ ਬਣ ਗਈ। ਦਿੱਲੀ ਪੁਲਿਸ ਨੇ ਦੱਸਿਆ ਕਿ ਸਟੇਜ ਲੱਕੜ ਅਤੇ ਲੋਹੇ ਦੀ ਬਣੀ ਹੋਈ ਸੀ। ਜ਼ਖਮੀਆਂ 'ਚੋਂ ਕੁਝ ਦੀਆਂ ਹੱਡੀਆਂ ਟੁੱਟ ਗਈਆਂ। ਮਾਤਾ ਦਾ ਜਾਗਰਣ ਇੱਕ ਨਿੱਜੀ ਪ੍ਰਬੰਧਕ ਵੱਲੋਂ ਕਰਵਾਇਆ ਗਿਆ। ਇਸ ਲਈ ਕੋਈ ਇਜਾਜ਼ਤ ਨਹੀਂ ਲਈ ਗਈ ਸੀ। ਪੁਲੀਸ ਨੇ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।