ਦਲਜੀਤ ਕੌਰ
ਸੰਗਰੂਰ, 23 ਮਈ, 2023: ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸੰਗਰੂਰ ਵਿਖੇ ਹਰ ਹਫਤੇ ਪਲੇਸਮੈਂਟ ਕੈਂਪਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਸੰਬੰਧੀ ਸ੍ਰੀ ਰਵਿੰਦਰਪਾਲ ਸਿੰਘ ਜ਼ਿਲ੍ਹਾ ਰੋਜ਼ਗਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸੰਗਰੂਰ ਵਿਖੇ 24 ਮਈ ਨੂੰ ਸਵੇਰੇ 9:00 ਵਜੇ ਐੱਸ.ਆਈ.ਐੱਸ ਸਕਿਓਰਿਟੀ ਅਤੇ ਇੰਨਟੈਲੀਜੈਂਸ ਸਰਵਿਸਿਜ਼ ਲਿਮਟਿਡ ਕੰਪਨੀ ਦੇ ਸਹਿਯੋਗ ਨਾਲ ਸਕਿਓਰਿਟੀ ਗਾਰਡ ਦੀ ਆਸਾਮੀ ਲਈ ਰੋਜ਼ਗਾਰ ਕੈਂਪ ਆਯੋਜਿਤ ਕਰਵਾਇਆ ਜਾ ਰਿਹਾ ਹੈ।
ਇਸ ਭਰਤੀ ਲਈ ਪ੍ਰਸਾਰਾ ਐਕਟ 2005 ਦੇ ਤਹਿਤ ਘੱਟੋ-ਘੱਟ 10ਵੀਂ ਅਤੇ 12ਵੀਂ ਪਾਸ, ਉਮਰ 21 ਤੋਂ 37 ਸਾਲ ਦੇ ਕੇਵਲ ਲੜਕਿਆਂ ਦੀ ਲੋੜ ਹੈ। ਇਸ ਭਰਤੀ ਲਈ ਕੱਦ ਘੱਟੋ-ਘੱਟ 5 ਫੁੱਟ 6 ਇੰਚ, ਭਾਰ 54 ਕਿਲੋ, ਛਾਤੀ 80 ਸੈਂਟੀਮੀਟਰ ਤੋਂ 85 ਸੈਂਟੀਮੀਟਰ ਹੋਣੀ ਚਾਹੀਦੀ ਹੈ। ਐਸ.ਆਈ.ਐਸ ਕੰਪਨੀ ਦੁਆਰਾ ਚੋਣ ਤੋਂ ਬਾਅਦ ਇੱਕ ਮਹੀਨੇ ਦੀ ਟਰੇਨਿੰਗ ਦਿੱਤੀ ਜਾਵੇਗੀ ਜਿਸ ਵਿੱਚ ਉਮੀਦਵਾਰ ਤੋਂ ਰਹਿਣ, ਖਾਣ-ਪੀਣ ਅਤੇ ਵਰਦੀ ਦਾ ਖਰਚਾ ਕੰਪਨੀ ਵੱਲੋਂ ਲਿਆ ਜਾਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਚਾਹਵਾਨ ਯੋਗ ਪ੍ਰਾਰਥੀ ਆਪਣੀ ਵਿਦਿਅਕ ਯੋਗਤਾ ਦੇ ਸਾਰੇ ਅਸਲ ਦਸਤਾਵੇਜ਼, ਇਨ੍ਹਾਂ ਦਸਤਾਵੇਜ਼ਾਂ ਦੀਆਂ ਫੋਟੋਸਟੈਟ ਕਾਪੀਆਂ ਅਤੇ ਰਜਿਊਮ (ਸੰਖੇਪ ਯੋਗਤਾ ਵਿਵਰਣ ਪੱਤਰ) ਲੈ ਕੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਡੀ.ਸੀ. ਕੰਪਲੈਕਸ ਨੇੜੇ ਸੁਵਿਧਾ ਕੇਂਦਰ ਸੰਗਰੂਰ ਵਿਖੇ ਨਿਰਧਾਰਿਤ ਸਮੇਂ ਅਨੁਸਾਰ ਪਹੁੰਚਿਆ ਜਾਵੇ।