ਦਲਜੀਤ ਕੌਰ
ਚੰਡੀਗੜ੍ਹ/ਸੰਗਰੂਰ,18 ਮਈ, 2023: ਜਲੰਧਰ ਦੀ ਲੋਕ ਸਭਾ ਜ਼ਿਮਨੀ ਚੋਣ ਮੌਕੇ ਬੇਰੁਜ਼ਗਾਰਾਂ ਨੂੰ ਦਿੱਤੀ ਮੁੱਖ ਮੰਤਰੀ ਵਾਲੀ 15 ਮਈ ਦੀ ਮੀਟਿੰਗ ਭਾਵੇਂ ਸਰਕਾਰ ਨੇ ਰੱਦ ਕਰ ਦਿੱਤੀ ਸੀ। ਪ੍ਰੰਤੂ ਬੇਰੁਜ਼ਗਾਰਾਂ ਅਤੇ ਸਮੂਹ ਜਥੇਬੰਦੀਆਂ ਦੇ ਸਖ਼ਤ ਰੋਸ ਅਤੇ ਵਿਰੋਧ ਉਪਰੰਤ ਅੱਜ ਪੰਜਾਬ ਭਵਨ ਚੰਡੀਗੜ੍ਹ ਵਿਖੇ ਬੇਰੁਜ਼ਗਾਰਾਂ ਦੀ ਮੀਟਿੰਗ ਸਬ-ਕਮੇਟੀ ਨਾਲ ਕਰਵਾਈ ਗਈ।
ਬੇਰੁਜ਼ਗਾਰ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਓਵਰ ਏਜ਼ ਮਸਲੇ ਉੱਤੇ ਯੂਨੀਅਨ ਪ੍ਰਧਾਨ ਰਮਨ ਕੁਮਾਰ ਨੇ ਸਬ ਕਮੇਟੀ ਨੂੰ ਪਿਛਲੇ ਸਮੇਂ ਦੌਰਾਨ ਮਿਲੀਆਂ ਉਮਰ ਹੱਦ ਛੋਟਾਂ ਅਤੇ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਵੱਲੋ ਦਿੱਤੇ ਭਰੋਸੇ ਨੂੰ ਸਬੂਤਾਂ ਸਹਿਤ ਪੇਸ਼ ਕੀਤਾ, ਜਿਸ ਉੱਤੇ ਗੌਰ ਕਰਦਿਆਂ ਸਬ -ਕਮੇਟੀ ਨੇ ਬੇਰੁਜ਼ਗਾਰਾਂ ਦੀ ਮੰਗ ਮੁੱਖ ਮੰਤਰੀ ਅੱਗੇ ਰੱਖਣ ਅਤੇ ਪਰੋਸਨਲ ਵਿਭਾਗ ਨੂੰ ਕੇਸ ਨੂੰ ਘੋਖਣ ਦੀ ਹਦਾਇਤ ਕੀਤੀ।
ਸਬ-ਕਮੇਟੀ ਇੰਚਾਰਜ ਹਰਪਾਲ ਸਿੰਘ ਚੀਮਾ ਨੇ ਸਮੁੱਚੇ ਕਮੇਟੀ ਮੈਂਬਰਾਂ ਅਮਨ ਅਰੋੜਾ ਮੰਤਰੀ ਸਹਿਰੀ ਵਿਕਾਸ, ਡਾ. ਬਲਬੀਰ ਸਿੰਘ ਸਿਹਤ ਮੰਤਰੀ ਅਤੇ ਲਾਲਜੀਤ ਸਿੰਘ ਟਰਾਂਸਪੋਰਟ ਮੰਤਰੀ ਆਦਿ ਨਾਲ ਚਰਚਾ ਕੀਤੀ।
ਸ੍ਰੀ ਢਿੱਲਵਾਂ ਨੇ ਅੱਗੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਰੀਬ ਸਵਾ ਸਾਲ ਦੇ ਅਰਸੇ ਦੌਰਾਨ ਪਹਿਲੀ ਵਾਰ ਸਾਰਥਿਕ ਮੀਟਿੰਗ ਹੋਈ ਹੈ। ਉਹਨਾਂ ਕਿਹਾ ਕਿ ਮਾਸਟਰ ਕੇਡਰ ਵਿੱਚ ਲਗਾਈ ਬੇਤੁਕੀ 55 ਪ੍ਰਤੀਸ਼ਤ ਸ਼ਰਤ, ਲੈਕਚਰਾਰ ਅਤੇ ਮਾਸਟਰ ਕੇਡਰ ਵਿੱਚ ਕੰਬੀਨੇਸ਼ਨ ਦੀ ਦਰੁਸਤੀ, ਮਾਸਟਰ ਕੇਡਰ ਦੀਆਂ ਅਸਾਮੀਆਂ ਭਰਨ, ਮਲਟੀ ਪਰਪਜ਼ ਹੈਲਥ ਵਰਕਰ ਦੀਆਂ ਮਨਜੂਰ 520 ਅਸਾਮੀਆਂ ਨੂੰ ਉਮਰ ਹੱਦ ਛੋਟ ਦੇ ਕੇ ਭਰਨ ਸਬੰਧੀ ਰੱਖੀਆਂ ਮੰਗਾਂ ਉੱਤੇ ਗੰਭੀਰਤਾ ਨਾਲ ਵਿਚਾਰ ਕੇ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੂੰ ਵੀ ਬੇਰੁਜ਼ਗਾਰਾਂ ਦੀਆਂ ਉਕਤ ਮੰਗਾਂ ਤੋ ਜਾਣੂ ਕਰਵਾਇਆ ਗਿਆ। ਇਸ ਸਮੇਂ ਬੇਰੁਜ਼ਗਾਰ ਆਗੂ ਲਲਿਤਾ ਪਟਿਆਲਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਵਾਅਦੇ ਪੂਰੇ ਨਾ ਕੀਤੇ ਤਾਂ ਜਲਦੀ ਸੰਗਰੂਰ ਵਿਖੇ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ।