ਵਿੱਤ ਮੰਤਰੀ ਨੇ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਦੋ ਮਹੀਨੇ ਦਾ ਸਮਾਂ ਮੰਗਿਆ- ਜਸਵੀਰ ਤਲਵਾਡ਼ਾ
ਸੀਪੀਐਫ਼ ਕਟੌਤੀ ਬੰਦ ਕਰਨ ਸਬੰਧੀ ਕੈਬਨਿਟ ਸਬ ਕਮੇਟੀ ਦੀ ਅਗਲੀ ਮੀਟਿੰਗ ’ਚ ਫੈਸਲਾ ਲੈਣ ਦਾ ਦਿੱਤਾ ਭਰੋਸਾ
ਤਲਵਾੜਾ,6 ਅਪ੍ਰੈਲ, ਦੀਪਕ ਠਾਕੁਰ
ਲੰਮੀ ਉਡੀਕ ਅਤੇ ਜਦੋ ਜਹਿਦ ਬਾਅਦ ਆਖ਼ਿਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੀ ਅੱਜ ਚੰਡੀਗਡ਼੍ਹ ਭਵਨ ਪੰਜਾਬ ਵਿਖੇ ਸੂਬੇ ਦੇ ਵਿੱਤ ਮੰਤਰੀ ਨਾਲ ਮੀਟਿੰਗ ਹੋਈ। ਸੰਘਰਸ਼ ਕਮੇਟੀ ਦੇ ਸੂਬਾ ਕਨਵੀਨਰ ਜਸਵੀਰ ਤਲਵਾਡ਼ਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਜਥੇਬੰਦੀ ਤੋਂ ਦੋ ਮਹੀਨੇ ਦਾ ਸਮਾਂ ਮੰਗਿਆ ਹੈ। ਇਸ ਤੋਂ ਪਹਿਲਾਂ ਸੰਘਰਸ਼ ਕਮੇਟੀ ਦੇ ਵਫ਼ਦ ਨੇ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਨੋਟੀਫਿਕੇਸ਼ਨ ਜ਼ਲਦ ਜ਼ਾਰੀ ਅਤੇ ਸੀਪੀਐਫ਼ ਕਟੌਤੀ ਤੁਰੰਤ ਬੰਦ ਕਰਕੇ ਜੀਪੀਐਫ਼ ਕਟੌਤੀ ਸ਼ੁਰੂ ਕਰਨ ਦੀ ਮੰਗ ਵਿੱਤ ਮੰਤਰੀ ਪੰਜਾਬ ਮੂਹਰੇ ਜ਼ੋਰਦਾਰ ਢੰਗ ਨਾਲ ਰੱਖੀ ਗਈ। ਵਿੱਤ ਮੰਤਰੀ ਚੀਮਾ ਨੇ ਵਫ਼ਦ ਨੂੰ ਕੈਬਨਿਟ ਸਬ ਕਮੇਟੀ ਦੀ ਅਗਲੀ ਮੀਟਿੰਗ ’ਚ ਸੀਪੀਐਫ ਕਟੌਤੀ ਬੰਦ ਕਰਨ ਦਾ ਫੈਸਲਾ ਲੈਣ ਦਾ ਭਰੋਸਾ ਦਿੱਤਾ ਹੈ। ਸੂਬਾ ਕਨਵੀਨਰ ਤਲਵਾਡ਼ਾ ਨੇ ਦੱਸਿਆ ਕਿ ਮੁਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਲੰਘੇ ਸਾਲ ਹਿਮਾਚਲ ਪ੍ਰਦੇਸ਼ ਦੀ ਚੋਣਾਂ ਤੋਂ ਐਨ ਪਹਿਲਾਂ ਸੂਬੇ ’ਚ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਐਲਾਨ ਕਰਦਿਆਂ ਅਧੂਰਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਪਰ ਪੰਜ ਮਹੀਨੇ ਬਾਅਦ ਵੀ ਸਰਕਾਰ ਆਪਣੇ ਕੀਤੇ ਐਲਾਨ ਨੂੰ ਅਮਲੀ ਰੂਪ ’ਚ ਲਾਗੂ ਨਹੀਂ ਕਰ ਸਕੀ।
ਸੰਘਰਸ਼ ਕਮੇਟੀ ਨੇ 26 ਫਰਵਰੀ ਨੂੰ ਸੰਗਰੂਰ ਵਿਖੇ ਸੂਬਾ ਪੱਧਰੀ ਰੋਸ ਮੁਜ਼ਾਹਰੇ ਦਾ ਐਲਾਨ ਕੀਤਾ ਸੀ, ਜਿਸ ਤੋਂ ਘਬਰਾਈ ਸਰਕਾਰ ਨੇ ਪਹਿਲਾਂ ਲੰਘੀ 16 ਤਾਰੀਕ ਨੂੰ ਮੀਟਿੰਗ ਦਾ ਸਮਾਂ ਦਿੱਤਾ ਸੀ, ਜਿਸ ਨੂੰ ਬਾਅਦ ਵਿਚ ਬਦਲ ਕੇ 29 ਅਤੇ ਫ਼ਿਰ ਇਸ ਮਹੀਨੇ ਦੀ 6 ਤਾਰੀਕ ਕਰ ਦਿੱਤਾ ਸੀ। ਬਾਰ ਬਾਰ ਸਮਾਂ ਬਦਲਣ ਦੇ ਵਿਰੋਧ ’ਚ ਸੰਘਰਸ਼ ਕਮੇਟੀ ਨੇ ਪਹਿਲੀ ਤੋਂ 7 ਤਾਰੀਕ ਤੱਕ ਕਾਲ਼ਾ ਹਫ਼ਤਾ ਮਨਾਉਣ ਦਾ ਐਲਾਨ ਕੀਤਾ ਹੋਇਆ ਹੈ। ‘ਆਪ’ ਸਰਕਾਰ ਦੀ ਟਾਲ ਮਟੋਲ ਨੀਤੀ ਤੋਂ ਨਾਖੁਸ਼ ਸੰਘਰਸ਼ ਕਮੇਟੀ ਨੇ ਸਰਕਾਰ ’ਤੇ ਦਬਾਅ ਬਣਾਈ ਰੱਖਣ ਦੀ ਨੀਅਤ ਨਾਲ ਅਗਲੇ ਐਕਸ਼ਨਾਂ ਦਾ ਐਲਾਨ ਕੀਤਾ ਹੈ। ਸੂਬਾ ਜਨਰਲ ਸਕੱਤਰ ਜਰਨੈਲ ਪੱਟੀ ਨੇ ਦੱਸਿਆ ਕਿ ਅਪ੍ਰੈਲ ਮਹੀਨੇ ਵਿਚ ਸੰਘਰਸ਼ ਕਮੇਟੀ ਵੱਲੋਂ ਵੱਡੇ ਡੈਪੂਟੇਸ਼ਨ ਲੈ ਕੇ ਕੈਬਨਿਟ ਸਬ ਕਮੇਟੀ ਦੇ ਮੰਤਰੀਆਂ ਅਤੇ ਜ਼ਿਲ੍ਹਾ ਜਲੰਧਰ ਦੇ ਸਮੂਹ ਵਿਧਾਇਕਾਂ ਤੇ ਹਲ਼ਕਾ ਇੰਚਾਰਜਾਂ ਨੂੰ ਮਿਲਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। 23 ਤਾਰੀਕ ਦੇ ਸਾਂਝੇ ਫਰੰਟ ਦੇ ਜਲੰਧਰ ਐਕਸ਼ਨ ਦੇ ਮੱਦੇਨਜ਼ਰ ਸੰਘਰਸ਼ ਕਮੇਟੀ ਨੇ 22 ਤਾਰੀਕ ਦਾ ਐਕਸ਼ਨ ਹਾਲ ਦੀ ਘਡ਼ੀ ਮੁਲਤਵੀ ਕਰ ਦਿੱਤਾ ਹੈ। ਵਿੱਤ ਮੰਤਰੀ ਚੀਮਾ ਨਾਲ ਹੋਈ ਮੀਟਿੰਗ ਅਤੇ ਅਗਲੇਰੇ ਸੰਘਰਸ਼ ਦੀ ਵਿਉਂਤਬੰਦੀ ਲਈ 30 ਤਾਰੀਕ ਨੂੰ ਸੂਬਾ ਕਮੇਟੀ ਦੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਬੁਲਾਈ ਗਈ ਹੈ। ਵਫ਼ਦ ’ਚ ਇਸ ਮੌਕੇ ਵਰਿੰਦਰ ਵਿੱਕੀ, ਨਿਰਮਲ ਸਿੰਘ ਮੋਗਾ, ਅਜੀਤਪਾਲ ਸਿੰਘ ਜੱਸੋਵਾਲ, ਜਸਵਿੰਦਰ ਜੱਸਾ, ਕਰਮਜੀਤ ਤਾਮਕੋਟ, ਨਰਿੰਦਰ ਧੂਲਕੋਟ, ਸਤਨਾਮ ਸਿੰਘ, ਰਵਿੰਦਰ ਸਿੰਘ, ਨਵਜੋਸ਼ ਸਪੋਲੀਆ ਆਦਿ ਹਾਜ਼ਰ ਸਨ।