ਨਵੀਂ ਦਿੱਲੀ,10 ਮਾਰਚ,ਦੇਸ਼ ਕਲਿਕ ਬਿਊਰੋ:
ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਸੀਬੀਆਈ ਤੋਂ ਬਾਅਦ ਹੁਣ ਈਡੀ ਨੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਜਾਂਚ ਏਜੰਸੀ ਅੱਜ ਸ਼ੁੱਕਰਵਾਰ ਨੂੰ ਸਿਸੋਦੀਆ ਨੂੰ ਅਦਾਲਤ 'ਚ ਪੇਸ਼ ਕਰੇਗੀ, ਜਿੱਥੇ ਏਜੰਸੀ ਉਨ੍ਹਾਂ ਦਾ ਰਿਮਾਂਡ ਮੰਗ ਸਕਦੀ ਹੈ। ਸਿਸੋਦੀਆ ਨੂੰ ਈਡੀ ਨੇ ਵੀਰਵਾਰ ਦੇਰ ਰਾਤ ਗ੍ਰਿਫਤਾਰ ਕੀਤਾ ਸੀ।ਦੂਜੇ ਪਾਸੇ CBI ਮਾਮਲੇ 'ਚ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ 'ਤੇ ਰਾਉਸ ਐਵੇਨਿਊ ਕੋਰਟ 'ਚ ਦੁਪਹਿਰ 2.30 ਵਜੇ ਸੁਣਵਾਈ ਹੋਵੇਗੀ। ਸਿਸੋਦੀਆ ਨੂੰ ਸੀਬੀਆਈ ਨੇ 8 ਘੰਟੇ ਦੀ ਪੁੱਛਗਿੱਛ ਤੋਂ ਬਾਅਦ 26 ਫਰਵਰੀ ਨੂੰ ਗ੍ਰਿਫਤਾਰ ਕੀਤਾ ਸੀ। 7 ਦਿਨਾਂ ਦੇ ਸੀਬੀਆਈ ਰਿਮਾਂਡ ਤੋਂ ਬਾਅਦ, ਅਦਾਲਤ ਨੇ 6 ਮਾਰਚ ਨੂੰ ਸਿਸੋਦੀਆ ਨੂੰ 20 ਮਾਰਚ ਤੱਕ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਤਿਹਾੜ ਜੇਲ੍ਹ ਭੇਜ ਦਿੱਤਾ ਸੀ।